ਧੋਖੇਬਾਜ਼ ਵਿਦੇਸ਼ੀ ਲਾੜਿਆਂ ਖਿਲਾਫ਼ ਕੱਸਿਆ ਸਿਕੰਜਾ, 450 ਦੇ ਪਾਸਪੋਰਟ ਰੱਦ, 83 ਨੇ ਕੀਤੀ ਵਾਪਸੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਵੱਡੀ ਗਿਣਤੀ ਲਾੜੇ ਵਿਦੇਸ਼ ਭੱਜੇ

NRI Grooms

ਚੰਡੀਗੜ੍ਹ : ਧੋਖੇਬਾਜ਼ ਵਿਦੇਸ਼ੀ ਲਾੜਿਆਂ ਦਾ ਮਸਲਾ ਭਾਰਤ ਖ਼ਾਸ ਕਰ ਕੇ ਪੰਜਾਬ ਅੰਦਰ ਖ਼ਾਸ ਅਹਿਮੀਅਤ ਰੱਖਦਾ ਹੈ। ਪੰਜਾਬ ਅੰਦਰ ਵੱਡੀ ਗਿਣਤੀ ਮੁਟਿਆਰਾਂ ਅਜਿਹੀਆਂ ਹਨ, ਜਿਨ੍ਹਾਂ ਦੇ ਘਰਵਾਲੇ ਵਿਆਹ ਕਰਵਾਉਣ ਬਾਅਦ ਵਿਦੇਸ਼ ਉਡਾਰੀ ਮਾਰ ਗਏ ਪਰ ਕਦੇ ਵਾਪਸ ਨਹੀਂ ਪਰਤੇ। ਪਿਛਲੇ ਸਮੇਂ ਦੌਰਾਨ ਇਹ ਰੁਝਾਨ ਕਾਫ਼ੀ ਵੱਡੀ ਪੱਧਰ 'ਤੇ ਪ੍ਰਚੱਲਤ ਸੀ। ਲੋਕ ਵਿਦੇਸ਼ ਜਾਣ ਦੇ ਚੱਕਰ 'ਚ ਨਾ ਕਿਸੇ ਐਨਆਰਆਈ ਦਾ ਪਿਛੋਕੜ ਵੇਖਦੇ ਸਨ, ਨਾ ਹੀ ਉਮਰ। ਕਈ ਵੱਡੀ ਉਮਰ ਦੇ ਵਿਦੇਸ਼ੀ ਲਾੜਿਆਂ ਨੇ ਵੀ ਇਧਰ ਆ ਕੇ ਵਿਆਹ ਕਰਵਾ ਕੇ ਲੜਕੀਆਂ ਦੀ ਜ਼ਿੰਦਗੀ ਖ਼ਰਾਬ ਕਰਨ ਬਾਅਦ ਅਜਿਹੀ ਵਿਦੇਸ਼ ਉਡਾਰੀ ਮਾਰੀ ਕਿ ਮੁੜ ਕੇ ਵਾਪਸ ਨਹੀਂ ਪਰਤੇ।

ਕਈ ਤਾਂ ਇਸ ਮਕਸਦ ਲਈ ਵਾਰ ਵਾਰ ਨਾਮ ਤੇ ਸਥਾਨ ਬਦਲ ਕੇ ਵਿਆਹ ਕਰਵਾਉਂਦੇ ਰਹੇ ਅਤੇ ਮੁੜ ਵਿਦੇਸ਼ ਭੱਜ ਜਾਂਦੇ ਰਹੇ ਹਨ। ਇਹ ਮੁੱਦਾ ਪਿਛਲੇ ਸਮੇਂ ਦੌਰਾਨ ਕਾਫ਼ੀ ਗਰਮਾਉਂਦਾ ਰਿਹਾ ਹੈ। ਕਈ ਸਿਆਸੀ ਆਗੂ ਜਿਨ੍ਹਾਂ 'ਚ ਬਲਵੰਤ ਸਿੰਘ ਰਾਮੂਵਾਲੀਆ, ਭਗਵੰਤ ਮਾਨ ਆਦਿ ਸ਼ਾਮਲ ਹਨ, ਇਨ੍ਹਾਂ ਧੀਆਂ ਲਈ ਹਾਅ ਦਾ ਨਾਅਰਾ ਵੀ ਮਾਰਦੇ ਰਹੇ ਹਨ। ਇਹ ਮੁੱਦਾ ਵੱਡੇ ਪੱਧਰ 'ਤੇ ਗਰਮਾਉਣ ਬਾਅਦ ਸਰਕਾਰਾਂ ਨੇ ਵੀ ਇਸ ਪਾਸੇ ਧਿਆਨ ਦਿਤਾ ਅਤੇ ਸਖ਼ਤ ਕਾਨੂੰਨ ਬਣਾਏ, ਜਿਸ ਤੋਂ ਬਾਅਦ ਇਨ੍ਹਾਂ ਲਾੜਿਆਂ 'ਤੇ ਸਿਕੰਜਾ ਕੱਸਣਾ ਸ਼ੁਰੂ ਹੋਇਆ ਹੈ। ਇਸ ਦੀ ਬਦੌਲਤ ਅੱਜ ਇਹ ਲਾੜੇ ਅਪਣੀ ਜਾਨ ਬਚਾਉਂਦੇ ਫਿਰ ਰਹੇ ਹਨ।

ਇਨ੍ਹਾਂ ਦੀਆਂ ਜਾਲਸਾਜ਼ੀਆਂ ਦੇ ਦਿਨ ਹੁਣ ਲੰਘ ਚੁੱਕੇ ਹਨ। ਹੁਣ ਲੋਕ ਵੀ ਕੁੱਝ ਜਾਗਰੂਕ ਹੋਏ ਹਨ, ਜੋ ਇਨ੍ਹਾਂ ਦੇ ਪਿਛੋਕੜ ਦੀ ਘੋਖ ਪੜਤਾਲ ਕਰਨ ਲੱਗ ਪਏ ਹਨ। ਇਸ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਅਤੇ ਪਾਸਪੋਰਟ ਦਫ਼ਤਰਾਂ ਵਲੋਂ ਵੀ ਇਨ੍ਹਾਂ ਮਾਮਲਿਆਂ ਵਿਦੇਸ਼ੀ ਲਾੜਿਆਂ ਦੀ ਪੈਰ ਨੱਪ ਕੇ ਪੀੜਤ ਮੁਟਿਆਰਾਂ ਨੂੰ ਇਨਸਾਫ਼ ਦਿਵਾਉਣ ਲਈ ਸਰਗਰਮੀ ਵਿਖਾਈ ਜਾ ਰਹੀ ਹੈ। ਤਾਜ਼ਾ ਮਾਮਲੇ 'ਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਮੁਟਿਆਰਾਂ ਨਾਲ ਵਿਆਹ ਕਰਵਾ ਕੇ ਭੱਜਣ ਵਾਲੇ ਐਨਆਰਆਈ ਲਾੜਿਆਂ ਤੇ ਸ਼ਿਕੰਜਾ ਕੱਸਿਆ ਗਿਆ ਹੈ।

ਇਸੇ ਦੌਰਾਨ ਖੇਤਰੀ ਪਾਸਪੋਰਟ ਦਫ਼ਤਰ ਚੰਡੀਗੜ੍ਹ ਨੇ ਅਜਿਹੇ 450 ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿਤੇ ਹਨ ਜੋ ਵਿਆਹ ਕਰਵਾ ਭੱਜ ਗਏ ਸਨ। ਪਾਸਪੋਰਟ ਦਫ਼ਤਰ ਦੀ ਇਸ ਕਾਰਵਾਈ ਤੋਂ ਬਾਅਦ 83 ਲਾੜੇ ਭਾਰਤ ਪਰਤੇ ਆਏ ਹਨ। ਇਸ ਦੌਰਾਨ ਖੇਤਰੀ ਪਾਸਪੋਰਟ ਦਫ਼ਤਰ ਨੇ ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਸਣੇ ਕਈ ਹੋਰ ਦੇਸ਼ਾਂ ਨੂੰ ਉਨ੍ਹਾਂ ਭਾਰਤੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਲਿਖਿਆ ਹੈ ਜੋ ਆਪਣੀ ਪਤਨੀ ਨਾਲ ਧੋਖਾ ਕਰਕੇ ਵਿਦੇਸ਼ ਭੱਜ ਗਏ ਹਨ। ਇਨ੍ਹਾਂ ਸਾਰਿਆਂ ਦੇ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ।

ਮਹੱਤਵਪੂਰਣ ਗੱਲ ਇਹ ਹੈ ਕਿ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਤੋਂ 20,000 ਤੋਂ ਵੱਧ ਲਾੜੇ ਵਿਆਹ ਕਰਵਾ ਕੇ ਵਿਦੇਸ਼ ਭੱਜ ਗਏ ਹਨ। ਪਰ ਹੁਣ ਕੋਰੋਨਾ ਸੰਕਟ ਕਾਰਨ ਵਿਦੇਸ਼ ਤੋਂ ਇਕ ਦਰਜਨ ਲਾੜੇ ਭਾਰਤ ਵਾਪਸ ਪਰਤ ਆਏ ਹਨ। ਪਾਸਪੋਰਟ ਦਫ਼ਤਰ ਦੀ ਕਾਰਵਾਈ ਤੋਂ ਬਾਅਦ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ 83 ਲਾੜੇ ਵਾਪਸ ਆ ਗਏ ਅਤੇ ਹੁਣ ਇਕ ਵਾਰ ਫਿਰ ਅਪਣੇ ਪਰਵਾਰ ਨਾਲ ਰਹਿਣ ਲਈ ਤਿਆਰ ਹਨ। ਵੱਖ ਵੱਖ ਹਵਾਈ ਅੱਡਿਆਂ 'ਤੇ ਉਤਰਦਿਆਂ ਹੀ 14 ਲਾੜਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਧਰ ਪਾਸਪੋਰਟ ਦਫ਼ਤਰ ਵਿਚ ਅਜਿਹੇ ਧੋਖੇਬਾਜ਼ ਲਾੜਿਆਂ ਖਿਲਾਫ਼ ਤਕਰੀਬਨ 60 ਸ਼ਿਕਾਇਤਾਂ ਪੈਂਡਿੰਗ ਹਨ। ਇਸ ਦੌਰਾਨ 22 ਲਾੜਿਆਂ ਦੀ ਤਰਫੋਂ ਰਾਜ਼ੀਨਾਮਾ ਦਾ ਹਲਫੀਆ ਬਿਆਨ ਦਿਤਾ ਗਿਆ ਹੈ ਕਿ ਹੁਣ ਉਹ ਅਪਣੇ ਪਰਵਾਰ ਨਾਲ ਹੀ ਵਿਦੇਸ਼ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।