ਵਿਆਹ ਤੋਂ ਪਹਿਲਾਂ ਲਾੜੇ ਨੇ ਦਾਜ ‘ਚ ਮੰਗੀ XUV ਗੱਡੀ, ਲੜਕੀ ਨੇ ਵਿਆਹ ਤੋਂ ਕੀਤਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਜ਼ਦੀਕੀ ਪਿੰਡ ਤੂੜ ਦੀ ਇੱਕ ਲੜਕੀ ਨੇ ਦਾਜ ਮੰਗਣ ਵਾਲੇ ਐਨ.ਆਰ.ਆਈ ਲਾੜੇ ਨਾਲ ਵਿਆਹ ਤੋਂ ਦੋ ਦਿਨ ਪਹਿਲਾਂ ਜਿੱਥੇ ਇਨਕਾਰ ਕਰ ਦਿੱਤਾ ਉਥੇ ਹੀ....

ਵਿਆਹ 'ਚ ਮੰਗੀ ਗੱਡੀ

ਤਰਨਤਾਰਨ : ਨਜ਼ਦੀਕੀ ਪਿੰਡ ਤੂੜ ਦੀ ਇੱਕ ਲੜਕੀ ਨੇ ਦਾਜ ਮੰਗਣ ਵਾਲੇ ਐਨ.ਆਰ.ਆਈ ਲਾੜੇ ਨਾਲ ਵਿਆਹ ਤੋਂ ਦੋ ਦਿਨ ਪਹਿਲਾਂ ਜਿੱਥੇ ਇਨਕਾਰ ਕਰ ਦਿੱਤਾ ਉਥੇ ਹੀ ਪੁਲਿਸ ਨੂੰ ਦਰਖਾਸਤ ਦੇ ਕੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੀੜਤ ਲੜਕੀ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਮਿਲ ਕੇ ਲਾੜੇ ਦਾ ਪਾਸਪੋਰਟ ਰੱਦ ਕਰਾਉਣ ਦੀ ਮੰਗ ਕੀਤੀ ਹੈ। ਥਾਣਾ ਗੋਇੰਦਵਾਲ ਦੇ ਇੰਚਾਰਜ ਬਲਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਲੜਕੀ ਦੁਆਰਾ ਦਿੱਤੀ ਗਈ ਦਰਖਾਸਤ ਦੀ ਜਾਂਚ ਕੀਤੀ ਜਾ ਰਹੀ ਹੈ। 

ਸਤਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਨਿਵਾਸੀ ਪਿੰਡ ਤੂੜ ਨੇ ਦੱਸਿਆ ਕਿ  ਉਸ ਦੀ ਭਤੀਜੀ ਕੋਮਲਪ੍ਰੀਤ ਕੌਰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਨਰਸਿੰਗ ਹੋਮ ਵਿਚ ਬਤੌਰ ਨਰਸ ਦਾ ਕੰਮ ਕਰਦੀ ਹੈ। ਉਨ੍ਹਾਂ ਦੀ ਭਤੀਜੀ ਦਾ ਰਿਸ਼ਤਾ ਅੰਮ੍ਰਿਤਸਰ ਡਾਇਮੰਡ ਐਵਨਿਊ ਨਿਵਾਸੀ ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਨੇ ਵਿਚੋਲਾ ਬਣ ਕੇ  ਇਟਲੀ ਰਹਿੰਦੇ ਗੁਰਲਾਲ ਸਿੰਘ ਪੁੱਤਰ ਸਵਿੰਦਰ ਸਿੰਘ ਨਿਵਾਸੀ ਪਿੰਡ ਬੇਗਮਪੁਰਾ ਦੇ ਨਾਲ ਦਸੰਬਰ 2017 ਵਿਚ ਰਿਸ਼ਤਾ ਪੱਕਾ ਕੀਤਾ ਸੀ।  ਇਸ ਤੋਂ ਬਾਅਦ ਮੁੰਡੇ ਨੇ ਅਪਣੀ ਮੰਗੇਤਰ ਕੋਮਲਪ੍ਰੀਤ ਕੌਰ ਕੋਲੋਂ ਨੌਕਰੀ ਛੁਡਵਾ ਲਈ।

21 ਦਸੰਬਰ ਨੂੰ ਮੁੰਡਾ ਗੁਰਲਾਲ ਸਿੰਘ ਇਟਲੀ ਤੋਂ ਭਾਰਤ ਵਿਆਹ ਕਰਾਉਣ ਲਈ ਆ ਗਿਆ ਜਿਸ ਨੇ ਅਪਣੇ ਪਰਵਾਰ ਦੇ ਨਾਲ ਮਿਲ ਕੇ ਦਾਜ ਦੇ ਲਈ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਵਿਚੋਲੇ ਦੇ ਹੱਥ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ।  28 ਦਸੰਬਰ ਨੂੰ ਜਦ ਲੜਕੀ ਨੂੰ ਪਤਾ ਚਲਿਆ ਕਿ ਲੜਕੇ ਵਲੋਂ ਦਾਜ ਦੀ  ਮੰਗ ਕੀਤੀ ਜਾ ਰਹੀ ਹੈ ਤਾਂ ਕੋਮਲਪ੍ਰੀਤ ਨੇ ਖੁਦ ਪਹਿਲਾਂ ਅਪਣੀ ਨਣਦ ਅਤੇ ਫੇਰ ਲੜਕੇ ਨਾਲ ਫੋਨ 'ਤੇ ਗੱਲਬਾਤ ਕੀਤੀ। ਜਦ ਲੜਕੇ   ਵਲੋਂ ਦਾਜ ਦੀ ਮੰਗ ਕੀਤੀ ਗਈ ਤਾਂ ਉਸ ਦੇ ਹੋਸ਼ ਉਡ ਗਏ। ਲੜਕੇ ਦੁਆਰਾ ਦਾਜ ਵਿਚ ਐਕਸ.ਯੂ.ਵੀ. ਗੱਡੀ ਸਮੇਤ ਹੋਰ ਕੀਮਤੀ  ਸਮਾਨ  ਦੀ ਮੰਗ ਕੀਤੀ ਗਈ।

ਇਹ ਸੁਣਦੇ ਹੀ ਕੋਮਲਪ੍ਰੀਤ ਕੌਰ ਨੇ ਫ਼ੈਸਲਾ ਕਰ ਲਿਆ ਕਿ ਉਹ ਇਸ ਲਾਲਚੀ ਮੁੰਡੇ ਨਾਲ ਵਿਆਹ ਨਹੀਂ ਕਰਾਏਗੀ। ਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਵਿਆਹ ਦੀ ਸਾਰੀ ਤਿਆਰੀਆਂ ਪੂਰੀ ਕਰਨ 'ਤੇ ਕਰੀਬ ਦਸ ਲੱਖ ਰੁਪਏ ਤੋਂ ਜ਼ਿਆਦਾ ਦਾ ਖ਼ਰਚ ਕੀਤਾ ਜਾ ਚੁੱਕਾ ਹੈ।  ਕੋਮਲ ਨੇ 28 ਦਸੰਬਰ ਦੀ ਰਾਤ ਨੂੰ ਇਸ ਰਿਸ਼ਤੇ ਤੋਂ ਇਨਕਾਰ ਕਰਦੇ ਹੋਏ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਮੂੰਡੇ ਗੁਰਲਾਲ ਸਿੰਘ ਨੇ ਦੱਸਿਆ ਕਿ ਲੜਕੀ ਵਾਲਿਆਂ ਨੇ ਖੁਦ ਇਸ ਰਿਸ਼ਤੇ ਤੋਂ ਇਨਕਾਰ ਕੀਤਾ ਹੈ। ਜਦ ਕਿ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਵਲੋਂ ਦਾਜ ਦੀ ਮੰਗ ਨਹੀਂ ਕੀਤੀ ਗਈ।