ਗੁਰਪਤਵੰਤ ਪੰਨੂ ਸਮੇਤ 9 ਖ਼ਾਲਿਸਤਾਨੀ 'ਦਹਿਸ਼ਤਪਸੰਦ' ਕਰਾਰ ਦਿਤੇ
ਕੇਂਦਰੀ ਗ੍ਰਹਿ ਮੰਤਰਾਲੇ ਦਾ ਵੱਡਾ ਫ਼ੈਸਲਾ
ਨਵੀਂ ਦਿੱਲੀ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨੌਂ ਵਿਅਕਤੀਆਂ ਨੂੰ ਪੰਜਾਬ ਵਿਚ ਅਤਿਵਾਦ ਨੂੰ ਸੁਰਜੀਤ ਕਰਨ ਦੇ ਯਤਨਾਂ ਕਾਰਨ ਸੋਧੇ ਹੋਏ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ ਏ ਪੀ ਏ) ਤਹਿਤ ਬਕਾਇਦਾ ਅਤਿਵਾਦੀ ਐਲਾਨ ਦਿਤਾ। ਸਰਕਾਰ ਮੁਤਾਬਕ ਇਹ ਵਿਅਕਤੀ ਸਰਹੱਦ ਪਾਰ ਤੋਂ ਅਤੇ ਵਿਦੇਸ਼ੀ ਧਰਤੀ ਤੋਂ ਅਤਿਵਾਦ ਦੀਆਂ ਵੱਖ-ਵੱਖ ਗਤੀਵਿਧੀਆਂ ਵਿਚ ਸ਼ਾਮਲ ਹਨ।
ਇਨ੍ਹਾਂ ਨੇ ਦੇਸ਼ ਨੂੰ ਅਸਥਿਰ ਕਰਨ ਲਈ ਨਿਰੰਤਰ ਨਾਪਾਕ ਯਤਨ ਕੀਤੇ ਹਨ ਤੇ ਦੇਸ਼ ਵਿਰੋਧੀ ਗਤੀਵਿਧੀਆਂ ਰਾਹੀਂ ਤੇ ਖ਼ਾਲਿਸਤਾਨ ਲਹਿਰ ਦੀ ਹਮਾਇਤ ਕਰ ਕੇ ਇਸ ਵਿਚ ਸ਼ਾਮਲ ਹੋ ਕੇ ਪੰਜਾਬ ਵਿਚ ਅਤਿਵਾਦ ਨੂੰ ਸੁਰਜੀਤ ਕਰਨ ਦੇ ਯਤਨ ਕੀਤੇ ਹਨ। 9 ਵਿਅਕਤੀਆਂ ਵਿਚ ਵੱਖ-ਵੱਖ ਸੰਗਠਨਾਂ ਜਿਨ੍ਹਾਂ ਵਿਚ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ ਕੇ ਆਈ), ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ (ਆਈ ਐਸ ਵਾਈ ਐਫ਼), ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ (ਕੇ ਜ਼ੈਡ ਐਫ਼),
ਖ਼ਾਲਿਸਤਾਨ ਕਮਾਂਡੋ ਫ਼ੋਰਸ (ਕੇ ਸੀ ਐਫ਼) ਅਤੇ ਖ਼ਾਲਿਸਤਾਨ ਟਾਈਗਰ ਫ਼ੋਰਸ (ਕੇ ਟੀ ਐਫ਼) ਅਤੇ ਗ਼ੈਰ ਕਾਨੂੰਨੀ ਐਸੋਸੀਏਸ਼ਨ ਸਿੱਖਸ ਫ਼ਾਰ ਜਸਟਿਸ (ਐਸ ਐਫ਼ ਜੇ) ਸ਼ਾਮਲ ਹਨ। ਜਿਨ੍ਹਾਂ ਵਿਅਕਤੀਆਂ ਨੂੰ ਅੱਜ ਬਕਾਇਦਾ 'ਦਹਿਸਪਸੰਦ' ਐਲਾਨਿਆ ਗਿਆ ਉਨ੍ਹਾਂ ਵਿਚ ਬੀ ਕੇ ਆਈ ਦਾ ਵਧਾਵਾ ਸਿੰਘ ਬੱਬਰ, ਪਾਕਿ ਆਧਾਰਤ ਆਈ ਐਸ ਵਾਈ ਐਫ਼ ਮੁਖੀ ਲਖਬੀਰ ਸਿੰਘ, ਪਾਕਿਸਤਾਨ ਆਧਾਰਤ ਜੇ ਜ਼ੈਡ ਐਫ਼ ਮੁਖੀ ਰਣਜੀਤ ਸਿੰਘ,
ਪਾਕਿਸਤਾਨ ਆਧਾਰਤ ਕੇ ਸੀ ਐਫ਼ ਮੁਖੀ ਪਰਮਜੀਤ ਸਿੰਘ, ਜਰਮਨੀ ਆਧਾਰਤ ਕੇ ਜ਼ੈਡ ਐਫ਼ ਦੇ ਮੁੱਖ ਮੈਂਬਰ ਗੁਰਮੀਤ ਸਿੰਘ ਬੱਗਾ, ਅਮਰੀਕਾ ਆਧਾਰਤ ਐਸ ਐਫ਼ ਜੇ ਦਾ ਗੁਰਪੰਤ ਸਿੰਘ ਪੰਨੂ, ਕੈਨੇਡਾ ਆਧਾਰਤ ਕੇ ਟੀ ਐਫ਼ ਮੁਖੀ ਹਰਦੀਪ ਸਿੰਘ ਨਿੱਝਰ ਅਤੇ ਯੂ ਕੇ ਆਧਾਰਤ ਬੀ ਕੇ ਆਈ ਮੁਖੀ ਪਰਮਜੀਤ ਸਿੰਘ ਸ਼ਾਮਲ ਹਨ।