45 ਦਿਨ ਦੀ ਮਾਸੂਮ ਬੱਚੀ ਲਈ ਫਰਿਸ਼ਤਾ ਬਣਿਆ ਇਹ ਪੁਲਿਸ ਕਰਮਚਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੋਜ਼ਾਨਾ ਹੋ ਰਹੀ ਰੁਕ- ਰੁਕ ਕੇ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਰਾਹਤ ਦਿੱਤੀ ਹੈ, ਉੱਥੇ ਹੀ ਕਈ ਲੋਕਾਂ ਆਫ਼ਤ ਵੀ ਬਣ ਕੇ ਆਈ ਹੈ।

Gujarat vadodara krishna social media

ਨਵੀਂ ਦਿੱਲੀ  : ਰੋਜ਼ਾਨਾ ਹੋ ਰਹੀ ਰੁਕ- ਰੁਕ ਕੇ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਰਾਹਤ ਦਿੱਤੀ ਹੈ, ਉੱਥੇ ਹੀ ਕਈ ਲੋਕਾਂ ਆਫ਼ਤ ਵੀ ਬਣ ਕੇ ਆਈ ਹੈ। ਗੁਜਰਾਤ ਦੇ ਵਡੋਦਰਾ 'ਚ ਬਾਰਸ਼ ਨੇ ਲੋਕਾਂ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ ਜਿਸ ਕਾਰਨ ਜਗ੍ਹਾ ਹੜ੍ਹ ਵਰਗੇ ਹਾਲਾਤ ਹੋ ਬਣ ਗਏ ਹਨ। ਸ਼ਹਿਰ 'ਚ ਬਾਰਸ਼ ਸੰਬੰਧੀ ਘਟਨਾਵਾਂ 'ਚ 4 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 5 ਹਜ਼ਾਰ ਤੋਂ ਵਧ ਲੋਕਾਂ ਨੂੰ ਸੁਰੱਖਿਆ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ।  ਇਸੇ ਦਰਮਿਆਨ ਇਕ ਪੁਲਿਸ ਕਰਮਚਾਰੀ ਨੇ ਗਰਦਨ ਤੱਕ ਡੂੰਘੇ ਪਾਣੀ 'ਚ ਉਤਰ ਕੇ ਇਕ ਬੱਚੀ ਦੀ ਜਾਨ ਬਚਾਈ।

ਪੁਲਿਸ ਕਰਮਚਾਰੀ ਦੀ ਇਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਹੜ੍ਹ ਦੇ ਪਾਣੀ 'ਚ ਉਤਰ ਕੇ ਆਪਣੇ ਸਿਰ 'ਤੇ ਬੱਚੀ ਨੂੰ ਰੱਖ ਕੇ ਬਾਹਰ ਕੱਢ ਰਹੇ ਹਨ। ਦਰਅਸਲ ਰੇਲਵੇ ਸਟੇਸ਼ਨ ਕੋਲ ਦੇਵੀਪੁਰਾ ਇਲਾਕੇ 'ਚ ਕਰੀਬ 70 ਪਰਿਵਾਰ ਹੜ੍ਹ 'ਚ ਫਸੇ ਸਨ। ਇਨ੍ਹਾਂ 'ਚੋਂ ਇਕ ਪਰਿਵਾਰ ਇਸ ਇਕ ਮਹੀਨੇ ਦੀ ਬੱਚੀ ਦਾ ਵੀ ਸੀ। ਰਾਵਪੁਰਾ ਪੁਲਿਸ ਸਟੇਸ਼ਨ ਦੀ ਟੀਮ ਇਨ੍ਹਾਂ ਲੋਕਾਂ ਦੀ ਮਦਦ ਲਈ ਪਹੁੰਚੀ। ਸਬ ਇੰਸਪੈਕਟਰ ਗੋਵਿੰਦ ਚਾਵੜਾ ਇਸ ਟੀਮ ਨੂੰ ਲੀਡ ਕਰ ਰਹੇ ਸਨ।

ਪਾਣੀ ਦਾ ਪੱਧਰ ਦੇਖਦੇ ਹੋਏ ਪੁਲਿਸ ਕਰਮਚਾਰੀਆਂ ਨੇ 2 ਦਰੱਖਤਾਂ ਦਰਮਿਆਨ ਰੱਸੀ ਬੰਨ੍ਹੀ ਅਤੇ ਲੋਕਾਂ ਨੂੰ ਉਸ ਦੇ ਸਹਾਰੇ ਬਾਹਰ ਕੱਢਿਆ। ਹਾਲਾਂਕਿ ਬੱਚੀ ਦੇ ਮਾਤਾ-ਪਿਤਾ ਬਹੁਤ ਡਰੇ ਹੋਏ ਸਨ ਅਤੇ ਉਹ ਇਹ ਜ਼ੋਖਮ ਨਹੀਂ ਲੈਣਾ ਚਾਹੁੰਦੇ ਸਨ। ਚਾਵੜਾ ਨੇ ਦੱਸਿਆ ਜੋੜਾ ਸੋਚ 'ਚ ਪਿਆ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਪਾਣੀ ਦਾ ਪੱਧਰ ਵਧਦਾ ਰਹੇਗਾ ਅਤੇ ਤੁਰੰਤ ਬਾਹਰ ਨਿਕਲਣਾ ਜ਼ਰੂਰੀ ਹੈ।

ਇੰਨਾ ਸਮਝਾ ਕੇ ਉਨ੍ਹਾਂ ਨੇ ਬੱਚੀ ਨੂੰ ਇਕ ਕੰਬਲ 'ਚ ਲਪੇਟਿਆ ਅਤੇ ਪਲਾਸਟਿਕ ਦੀ ਟੋਕਰੀ 'ਚ ਰੱਖ ਦਿੱਤਾ ਅਤੇ ਟੋਕਰੀ ਸਿਰ 'ਤੇ ਚੁੱਕ ਕੇ ਨਿਕਲ ਪਏ। ਚਾਵੜਾ ਨੇ ਦੱਸਿਆ ਕਿ ਕਿਸਮਤ ਨਾਲ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਬੱਚੀ ਨੂੰ ਲੈ ਕੇ ਨਿਕਲ ਆਏ। ਦੇਖਣ ਵਾਲਿਆਂ ਨੇ ਚਾਵੜਾ ਦੀ ਸਮਝਦਾਰੀ ਅਤੇ ਹਿੰਮਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੂੰ ਦੇਖ ਕੇ ਸਾਰਿਆਂ ਨੂੰ ਵਾਸੂਦੇਵ ਦਾ ਕ੍ਰਿਸ਼ਨ ਨੂੰ ਯਮੁਨਾ ਪਾਰ ਕਰਵਾਉਣਾ ਯਾਦ ਆ ਗਿਆ।