ਔਕੜਾਂ ਦੇ ਬਾਵਜੂਦ ਰਵੀਸ਼ ਕੁਮਾਰ ਨੇ ਬੁਲੰਦ ਰੱਖਿਆ ਬੇਖ਼ੌਫ਼ ਪੱਤਰਕਾਰਤਾ ਦਾ ਝੰਡਾ

ਏਜੰਸੀ

ਖ਼ਬਰਾਂ, ਰਾਸ਼ਟਰੀ

12 ਸਾਲਾਂ ਮਗਰੋਂ ਕਿਸੇ ਭਾਰਤੀ ਪੱਤਰਕਾਰ ਨੂੰ ਮਿਲਿਆ 'ਰੇਮਨ ਮੈਗਸੇਸੇ' ਐਵਾਰਡ

Ravish Kumar

ਨਵੀਂ ਦਿੱਲੀ: ਪੱਤਰਕਾਰੀ ਦੇ ਖੇਤਰ ਵਿਚ ਅਪਣੀ ਵੱਖਰੀ ਪਛਾਣ ਬਣਾ ਚੁੱਕੇ ਐਨਡੀਟੀਵੀ ਇੰਡੀਆ ਦੇ ਮੈਨੇਜਿੰਗ ਐਡੀਟਰ ਰਵੀਸ਼ ਕੁਮਾਰ ਨੂੰ ਇਕ ਵਾਰ ਫਿਰ ਸਨਮਾਨਿਤ ਕੀਤਾ ਗਿਆ ਹੈ। ਇਸ ਵਾਰ ਉਨ੍ਹਾਂ ਨੂੰ ਸਾਲ 2019 ਦੇ 'ਰੇਮਨ ਮੈਗਸੇਸੇ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਵੱਕਾਰੀ ਐਵਾਰਡ ਨੂੰ ਏਸ਼ੀਆ ਦਾ ਨੋਬਲ ਪੁਰਸਕਾਰ ਵੀ ਕਿਹਾ ਜਾਂਦਾ ਹੈ। ਪੁਰਸਕਾਰ ਦੇਣ ਵਾਲੀ ਸੰਸਥਾ ਦੇ ਅਨੁਸਾਰ ਰਵੀਸ਼ ਨੂੰ ਇਹ ਪੁਰਸਕਾਰ ਬੇਆਵਾਜ਼ਿਆਂ ਦੀ ਆਵਾਜ਼ ਬਣਨ ਲਈ ਦਿੱਤਾ ਗਿਆ ਹੈ।

 


 

ਇਹ ਪੁਰਸਕਾਰ ਫਿਲੀਪੀਨਸ ਦੇ ਸਾਬਕਾ ਰਾਸ਼ਟਰਪਤੀ ਰੈਮਾਨ ਮੈਗਸੇਸੇ ਦੀ ਯਾਦ ਵਿਚ ਦਿੱਤਾ ਜਾਂਦਾ ਹੈ। ਰੈਮਾਨ ਮੈਗਸੇਸੇ ਐਵਾਰਡ ਫਾਊਂਡੇਸ਼ਨ ਦਾ ਕਹਿਣਾ ਹੈ ਕਿ ਰਵੀਸ਼ ਕੁਮਾਰ ਦਾ ਪ੍ਰੋਗਰਾਮ 'ਪ੍ਰਾਈਮ ਟਾਈਮ' ਆਮ ਲੋਕਾਂ ਦੀਆਂ ਅਸਲ, ਅਣਕਹੀਆਂ ਸਮੱਸਿਆਵਾਂ ਨੂੰ ਉਠਾਉਂਦੇ ਹਨ। ਰਵੀਸ਼ ਅਜਿਹੇ ਛੇਵੇਂ ਪੱਤਰਕਾਰ ਹਨ ਜਿਨ੍ਹਾਂ ਨੂੰ ਇਹ ਵੱਕਾਰੀ ਪੁਰਸਕਾਰ ਮਿਲਿਆ ਹੈ। ਇਸ ਤੋਂ ਪਹਿਲਾਂ 1961 ਵਿਚ ਅਮਿਤਾਬ ਚੌਧਰੀ ਨੂੰ, 1975 ਵਿਚ ਬੀਜੀ ਵਰਗੀਜ਼ ਨੂੰ, 1982 ਵਿਚ ਅਰੁਣ ਸ਼ੌਰੀ, 1984 ਵਿਚ ਆਰ ਕੇ ਲਕਸ਼ਮਣ ਅਤੇ 2007 ਵਿਚ ਪੀ ਸਾਈਂਨਾਥ ਨੂੰ ਵੀ ਇਹ ਪੁਰਸਕਾਰ ਮਿਲ ਚੁੱਕਿਆ ਹੈ।

ਰਵੀਸ਼ ਕੁਮਾਰ ਨੇ ਇੱਥੋਂ ਤੱਕ ਪੁੱਜਣ ਲਈ ਕਾਫ਼ੀ ਲੰਬਾ ਸਫ਼ਰ ਤੈਅ ਕੀਤਾ ਹੈ। ਬਹੁਤ ਹੇਠਾਂ ਤੋਂ ਸ਼ੁਰੂਆਤ ਕਰਕੇ ਉਹ ਇੱਥੋਂ ਤਕ ਪੁੱਜੇ ਹਨ। ਸਾਲ 1996 ਤੋਂ ਰਵੀਸ਼ ਕੁਮਾਰ ਐਨਡੀਟੀਵੀ ਨਾਲ ਜੁੜੇ ਹੋਏ ਹਨ।  ਸ਼ੁਰੂਆਤੀ ਦਿਨਾਂ ਵਿਚ ਰਵੀਸ਼ ਐਨਡੀਟੀਵੀ ਵਿਚ ਆਈਆਂ ਚਿੱਠੀਆਂ ਛਾਂਟਣ ਦਾ ਕੰਮ ਕਰਦੇ ਸਨ, ਇਸ ਮਗਰੋਂ ਉਹ ਰਿਪੋਰਟਿੰਗ ਵੱਲ ਮੁੜੇ ਅਤੇ ਉਨ੍ਹਾਂ ਦੀਆਂ ਅੱਖਾਂ ਨੇ ਦੇਸ਼ ਤੇ ਸਮਾਜ ਦੀਆਂ ਸਮੱਸਿਆਵਾਂ ਨੂੰ ਪਛਾਣਿਆ। ਉਨ੍ਹਾਂ ਦਾ ਪ੍ਰੋਗਰਾਮ 'ਰਵੀਸ਼ ਦੀ ਰਿਪੋਰਟ' ਦੇਸ਼ ਭਰ ਵਿਚ ਬੇਹੱਦ ਚਰਚਿਤ ਹੋਇਆ ਜੋ ਦੇਸ਼ ਦੇ ਆਮ ਲੋਕਾਂ ਦਾ ਪ੍ਰੋਗਰਾਮ ਬਣ ਗਿਆ।

ਇਸ ਦੇਸ਼ ਵਿਚ ਜਿਸ ਨੂੰ ਵੀ ਲਗਦਾ ਹੈ ਕਿ ਉਸ ਦੀ ਕੋਈ ਆਵਾਜ਼ ਨਹੀਂ ਸੁਣਦਾ, ਉਸ ਨੂੰ ਰਵੀਸ਼ ਕੁਮਾਰ ਤੋਂ ਉਮੀਦ ਹੁੰਦੀ ਹੈ। ਟੀਵੀ ਪੱਤਰਕਾਰਤਾ ਦੇ ਇਸ ਸ਼ੋਰ ਸ਼ਰਾਬੇ ਭਰੇ ਦੌਰ ਵਿਚ ਉਨ੍ਹਾਂ ਨੇ ਸਰੋਕਾਰ ਵਾਲੀ ਪੱਤਰਕਾਰਤਾ ਦਾ ਝੰਡਾ ਬੁਲੰਦ ਰੱਖਿਆ ਹੈ। ਇਹ ਉਹ ਸਮਾਂ ਸੀ ਜਦੋਂ ਦੇਸ਼ ਦੇ ਮੀਡੀਆ ਵਿਚਲੇ ਇਕ ਵੱਡੇ ਹਿੱਸੇ ਨੇ ਸੱਤਾ ਸਾਹਮਣੇ ਗੋਡੇ ਟੇਕ ਦਿੱਤੇ ਸਨ ਪਰ ਰਵੀਸ਼ ਬਿਨਾ ਝੁਕੇ ਅਪਣੀ ਬੇਖ਼ੌਫ਼ ਪੱਤਰਕਾਰਤਾ ਕਰਦੇ ਰਹੇ। ਹੁਣ ਇਸ ਵੱਕਾਰੀ ਐਵਾਰਡ ਨਾਲ ਉਨ੍ਹਾਂ ਦੀ ਪੱਤਰਕਾਰਤਾ ਨੂੰ ਵੱਡੀ ਮਾਨਤਾ ਮਿਲੀ ਹੈ।

ਰਵੀਸ਼ ਅਪਣੇ ਸਟਾਇਲ ਨੂੰ ਲੈ ਕੇ ਵੀ ਕਾਫ਼ੀ ਮਸ਼ਹੂਰ ਹਨ। ਉਹ ਸਾਰੇ ਐਂਕਰਾਂ ਤੋਂ ਹਟ ਕੇ ਬਹੁਤ ਹੀ ਸਾਦੇ ਢੰਗ ਨਾਲ ਲੋਕ ਮੁੱਦਿਆਂ ਨੂੰ ਅਪਣੇ ਚੈਨਲ 'ਤੇ ਉਠਾਉਂਦੇ ਹਨ। ਅਜਿਹਾ ਸਾਦਾ ਢੰਗ ..ਜੋ ਆਮ ਲੋਕਾਂ ਦੀ ਆਸਾਨੀ ਵਿਚ ਸਮਝ ਆਉਣ ਵਾਲਾ ਹੁੰਦਾ ਹੈ। ਉਹ ਹਰ ਇਕ ਮੁੱਦੇ ਨੂੰ ਬੜੀ ਸਰਲਤਾ ਨਾਲ ਪੇਸ਼ ਕਰਦੇ ਹਨ ਤਾਂ ਜੋ ਲੋਕ ਆਸਾਨੀ ਨਾਲ ਮੁੱਦੇ ਦੀ ਅਸਲ ਹਕੀਕਤ ਤੋਂ ਜਾਣੂ ਹੋ ਸਕਣ।  

ਮੌਜੂਦਾ ਸਮੇਂ ਰਵੀਸ਼ ਕੁਮਾਰ ਦੇ ਦੇਸ਼ ਭਰ ਵਿਚ ਲੱਖਾਂ ਪ੍ਰਸ਼ੰਸਕ ਹਨ। ਸੋਸ਼ਲ ਮੀਡੀਆ ਸਾਈਟ ਫੇਸਬੁੱਕ 'ਤੇ ਉਨ੍ਹਾਂ 'ਤੇ 1.2 ਮਿਲੀਅਨ ਲਾਈਕਸ..ਅਤੇ 1.3 ਮਿਲੀਅਨ ਤੋਂ ਵੀ ਜ਼ਿਆਦਾ ਫਾਲੋਅਰਜ਼ ਹਨ ਜਦਕਿ ਟਵਿੱਟਰ 'ਤੇ 9 ਲੱਖ ਦੇ ਕਰੀਬ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ।  ਰਵੀਸ਼ ਵਾਕਈ ਇਸ ਐਵਾਰਡ ਦੇ ਹੱਕਦਾਰ ਸਨ ਅਦਾਰਾ ਸਪੋਕਸਮੈਨ ਵੱਲੋਂ ਵੀ ਰਵੀਸ਼ ਕੁਮਾਰ ਨੂੰ ਇਸ ਵੱਕਾਰੀ ਐਵਾਰਡ ਲਈ ਬਹੁਤ ਬਹੁਤ ਮੁਬਾਰਕਾਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।