ਇਹਨਾਂ ਘਰਾਂ ਵਿਚ ਜ਼ਿਆਦਾ ਫੈਲ ਰਿਹਾ ਹੈ ਕੋਰੋਨਾ ਵਾਇਰਸ, ਵਿਗਿਆਨੀਆਂ ਨੇ ਕੀਤਾ ਖ਼ੁਲਾਸਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ।

Corona virus

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ। ਭਾਰਤ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 17 ਲੱਖ ਤੋਂ ਪਾਰ ਪਹੁੰਚ ਗਈ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਸ਼ੁਰੂਆਤੀ ਦਿਨਾਂ ਵਿਚ ਮਾਹਿਰਾਂ ਨੇ ਦੱਸਿਆ ਸੀ ਕਿ ਜਿਨ੍ਹਾਂ ਘਰਾਂ ਵਿਚ ਵੈਂਟੀਲੇਸ਼ਨ ਦੀ ਪੂਰੀ ਵਿਵਸਥਾ ਨਹੀਂ ਹੈ, ਉੱਥੇ ਕੋਰੋਨਾ ਵਾਇਰਸ ਦਾ ਖਤਰਾ ਜ਼ਿਆਦਾ ਹੈ।

ਇਸ ਵਾਰ ਅਮਰੀਕਾ ਦੀ ਮਿਨੇਸੋਟਾ ਯੂਨੀਵਰਸਿਟੀ ਨੇ ਇਸ ‘ਤੇ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ਮੁਤਾਬਕ ਛੋਟੇ ਅਤੇ ਬੰਦ ਸਥਾਨ ‘ਤੇ ਕੋਰੋਨਾ ਨਾ ਸਿਰਫ ਹਵਾ ਵਿਚ ਜ਼ਿਆਦਾ ਸਮਾਂ ਰਹਿੰਦਾ ਹੈ ਬਲਕਿ ਇਸ ਦੀਆਂ ਬੂੰਦਾਂ ਵੀ ਵੱਖ-ਵੱਖ ਥਾਵਾਂ 'ਤੇ ਚਿਪਕ ਜਾਂਦੀਆਂ ਹਨ। ਅੱਜ ਦੇ ਸਮੇਂ ਵਿਚ ਘਰ ਕਾਫੀ ਛੋਟੇ ਹਨ। ਪਹਿਲਾਂ ਵੀ ਖੋਜ ਵਿਚ ਸਾਹਮਣੇ ਆਇਆ ਹੈ ਕਿ ਛੋਟੇ ਘਰਾਂ ਵਿਚ ਰਹਿਣਾ ਸਿਹਤ ਲਈ ਠੀਕ ਨਹੀਂ ਹੈ।

ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿਚ ਛੋਟੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਲਈ ਖਤਰਾ ਹੋਰ ਵਧ ਗਿਆ ਹੈ। ਖੋਜ ਵਿਚ ਸਾਹਮਣੇ ਆਇਆ ਹੈ ਕਿ ਵੱਡੇ ਅਤੇ ਹਵਾਦਾਰ ਘਰਾਂ ਵਿਚ ਰਹਿਣ ਵਾਲੇ ਲੋਕਾਂ ਵਿਚ ਕੋਰੋਨਾ ਦਾ ਖਤਰਾ ਬੰਦ ਘਰਾਂ ਵਿਚ ਰਹਿਣ ਵਾਲੇ ਲੋਕਾਂ ਨਾਲੋਂ ਕਾਫੀ ਘੱਟ ਹੈ। ਪਿਛਲੇ ਕੁਝ ਮਹੀਨਿਆਂ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਸੰਸਥਾਵਾਂ ਦੀਆਂ ਕਈ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਛੋਟੇ ਘਰਾਂ ਦੇ ਅੰਦਰ ਹਵਾ ਘਰ ਵਿਚ ਹੀ ਘੁੰਮਦੀ ਰਹਿੰਦੀ ਹੈ, ਜਦਕਿ ਵੱਡੇ ਅਤੇ ਖੁੱਲ਼੍ਹੇ ਘਰਾਂ ਵਿਚ ਹਵਾ ਦਾ ਪ੍ਰਵਾਹ ਬਣਿਆ ਰਹਿੰਦਾ ਹੈ। ਇਸ ਦੇ ਨਾਲ ਹੀ ਬੰਦ ਘਰਾਂ ਵਿਚ ਸੂਰਜ ਦੀ ਰੋਸ਼ਨੀ ਨਹੀਂ ਪਹੁੰਚ ਪਾਉਂਦੀ, ਜਿਸ ਕਾਰਨ ਵਾਇਰਸ ਨੂੰ ਵਧਣ ਲਈ ਇਕ ਸੁਰੱਖਿਅਤ ਜਗ੍ਹਾ ਮਿਲ ਜਾਂਦੀ ਹੈ। ਹਵਾਦਾਰ ਘਰਾਂ ਵਿਚ ਕੋਰੋਨਾ ਵਾਇਰਸ ਜ਼ਿਆਦਾ ਦੇਰ ਤੱਕ ਰੁਕ ਨਹੀਂ ਸਕਦਾ ਹੈ ਅਤੇ ਹਵਾ ਦੇ ਵਹਾਅ ਨਾਲ ਘਰੋਂ ਬਾਹਰ ਨਿਕਲ ਜਾਂਦਾ ਹੈ।