‘ਰਾਮ ਮੰਦਰ ਨਿਰਮਾਣ ਵਿਚ ਪੀਐਮ ਮੋਦੀ ਦਾ ਕੋਈ ਯੋਗਦਾਨ ਨਹੀਂ’, ਭਾਜਪਾ ਸੰਸਦ ਮੈਂਬਰ ਦਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਬਰਾਮਨੀਅਮ ਸਵਾਮੀ ਬੋਲੇ, 5 ਸਾਲ ਤੋਂ ਰਾਮ ਸੇਤੂ ਦੀ ਫਾਈਲ ਪੀਐਮ ਦੇ ਟੇਬਲ ‘ਤੇ ਪਈ, ਨਹੀਂ ਹੋਏ ਦਸਤਖ਼ਤ

PM Modi

ਨਵੀਂ ਦਿੱਲੀ: ਆਉਣ ਵਾਲੀ 5 ਅਗਸਤ ਨੂੰ ਅਯੋਧਿਆ ਵਿਚ ਰਾਮ ਮੰਦਰ ਦਾ ਭੂਮੀ ਪੂਜਣ ਸਮਾਗਮ ਹੋਣ ਵਾਲਾ ਹੈ। ਭੂਮੀ ਪੂਜਣ ਨਰਿੰਦਰ ਮੋਦੀ ਵੱਲੋਂ ਕੀਤਾ ਜਾਵੇਗਾ, ਜਿਸ ਦੇ ਲਈ ਵੱਡੇ ਪੱਧਰ ‘ਤੇ ਤਿਆਰੀਆਂ ਚੱਲ ਰਹੀਆਂ ਹਨ। ਇਸ ਦੌਰਾਨ ਭਾਜਪਾ ਸੰਸਦ ਮੈਂਬਰ ਸੁਰਬਰਾਮਨੀਅਮ ਸਵਾਮੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ‘ਰਾਮ ਮੰਦਰ ਨਿਰਮਾਣ ਵਿਚ ਪੀਐਮ ਮੋਦੀ ਦਾ ਕੋਈ ਯੋਗਦਾਨ ਨਹੀਂ ਹੈ’।

ਭਾਜਪਾ ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ‘ਪੰਜ ਸਾਲਾਂ ਤੋਂ ਰਾਮ ਸੇਤੂ ਦੀ ਫਾਈਲ ਉਹਨਾਂ ਦੇ ਟੇਬਲ ‘ਤੇ ਪਈ ਹੋਈ ਹੈ’।ਦਰਅਸਲ ਇਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਸਵਾਮੀ ਕੋਲੋਂ ਪੁੱਛਿਆ ਗਿਆ ਕਿ ਰਾਮ ਮੰਦਰ ਭੂਮੀ ਪੂਜਣ ਵਿਚ ਹੋਰ ਕਿਸ-ਕਿਸ ਨੂੰ ਬੁਲਾਇਆ ਜਾਣਾ ਚਾਹੀਦਾ ਸੀ।

ਇਸ ਦੇ ਜਵਾਬ ਵਿਚ ਸਵਾਮੀ ਨੇ ਕਿਹਾ ਕਿ, ‘ਰਾਮ ਮੰਦਰ ਵਿਚ ਪ੍ਰਧਾਨ ਮੰਤਰੀ ਦਾ ਕੋਈ ਯੋਗਦਾਨ ਨਹੀਂ ਹੈ। ਸਾਰੀ ਬਹਿਸ ਅਸੀਂ ਕੀਤੀ। ਜਿੱਥੋਂ ਤੱਕ ਮੈਂ ਜਾਣਦਾ ਹਾਂ, ਸਰਕਾਰ ਵੱਲੋਂ ਉਹਨਾਂ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ, ਜਿਸ ਬਾਰੇ ਉਹ ਕਹਿ ਸਕਣ’।

ਸਵਾਮੀ ਨੇ ਕਿਹਾ ਕਿ ‘ਜਿਨ੍ਹਾਂ ਲੋਕਾਂ ਨੇ ਕੰਮ ਕੀਤਾ, ਉਹਨਾਂ ਵਿਚ ਰਾਜੀਵ ਗਾਂਧੀ, ਪੀਵੀ ਨਰਸਿਮਹਾ ਰਾਓ ਅਤੇ ਅਸ਼ੋਹ ਸਿੰਘਲ ਦਾ ਨਾਮ ਸ਼ਾਮਲ ਹੈ। ਵਾਜਪਾਈ ਨੇ ਵੀ ਇਸ ਵਿਚ ਰੁਕਾਵਟ ਪੈਦਾ ਕੀਤੀ ਸੀ। ਇਹ ਗੱਲ ਅਸ਼ੋਕ ਸਿੰਘਲ ਨੇ ਦੱਸੀ ਸੀ’।

ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਰਾਮ ਸੇਤੂ ਨੂੰ ਰਾਸ਼ਟਰੀ ਵਿਰਾਸਤ ਐਲਾਨਣ ਦੀ ਫਾਈਲ ਪਿਛਲੇ 5 ਸਾਲਾਂ ਤੋਂ ਪ੍ਰਧਾਨ ਮੰਤਰੀ ਦੇ ਟੇਬਲ ਤੇ ਪਈ ਹੈ ਪਰ ਉਹਨਾਂ ਨੇ ਹਾਲੇ ਤੱਕ ਇਸ ‘ਤੇ ਦਸਤਖ਼ਤ ਨਹੀਂ ਕੀਤੇ ਹਨ। ਉਹਨਾਂ ਕਿਹਾ ਕਿ ਉਹ ਕੋਰਟ ਜਾ ਕੇ ਆਦੇਸ਼ ਦਿਵਾ ਸਕਦੇ ਹਨ ਪਰ ਮੈਨੂੰ ਬੁਰਾ ਲੱਗਦਾ ਹੈ ਕਿ ਸਾਡੀ ਪਾਰਟੀ ਹੋਣ ਦੇ ਬਾਵਜੂਦ ਵੀ ਸਾਨੂੰ ਕੋਰਟ ਜਾਣਾ ਪਵੇਗਾ।