ਹਰਿਆਣਾ : ਹਿੰਸਕ ਭੀੜ ਤੋਂ ਲੁਕੀਆਂ ਔਰਤਾਂ ਅਤੇ ਬੱਚਿਆਂ ਦੀ ਮਦਦ ਲਈ ਬਹੁੜੇ ਸਿੱਖ
ਮਸਜਿਦ ’ਚੋਂ ਸੁਰੱਖਿਅਤ ਕੱਢਣ ਲਈ ਕੀਤਾ ਬੱਸਾਂ ਦਾ ਪ੍ਰਬੰਧ
ਗੁਰੂਗ੍ਰਾਮ: ਹਰਿਆਣਾ ’ਚ ਇਕ ਧਾਰਮਕ ਜਲੂਸ ’ਤੇ ਪੱਥਰਬਾਜ਼ੀ ਮਗਰੋਂ ਭੜਕੀ ਹਿੰਸਾ ਦੋ ਦਿਨਾਂ ਤੋਂ ਜਾਰੀ ਹੈ। ਇਸ ਹਿੰਸਾ ’ਚ ਹੁਣ ਤਕ 6 ਜਣਿਆਂ ਦੀ ਮੌਤ ਹੋ ਚੁਕੀ ਹੈ।
ਸੋਹਨਾ ਜ਼ਿਲ੍ਹੇ ’ਚ ਦੱਖਣਪੰਥੀ ਭੀੜ ਨੇ ਕਥਿਤ ਤੌਰ ’ਤੇ ਇਕ ਮਸਜਿਦ ਨੂੰ ਨਸ਼ਟ ਕਰ ਦਿਤਾ। ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਹਮਲਾ ਹੋਇਆ ਤਾਂ ਕਈ ਔਰਤਾਂ ਅਤੇ ਬੱਚੇ ਅਪਣੀ ਜਾਨ ਬਚਾਉਣ ਲਈ ਮਸਜਿਦ ਦੇ ਅੰਦਰ ਲੁਕ ਗਏ ਸਨ। ਅਖ਼ੀਰ ਭੀੜ ਦੇ ਚਲੇ ਜਾਣ ਮਗਰੋਂ, ਇਲਾਕੇ ’ਚ ਰਹਿੰਦੇ ਕਈ ਸਿੱਖ ਲੁਕੀਆਂ ਔਰਤਾਂ ਅਤੇ ਬੱਚਿਆਂ ਨੂੰ ਸੁਰਖਿਅਤ ਬਾਹਰ ਕੱਢਣ ਲਈ ਬਹੁੜੇ ਅਤੇ ਔਰਤਾਂ ਤੇ ਬੱਚਿਆਂ ਲਈ ਬਸਾਂ ਦਾ ਪ੍ਰਬੰਧ ਕੀਤਾ।
ਇਹ ਵੀ ਪੜ੍ਹੋ: ਇੰਡੀਆ ਗਠਜੋੜ ਦੇ ਸੰਸਦ ਮੈਂਬਰਾਂ ਨੇ ਮਨੀਪੁਰ ਸਬੰਧੀ ਰਾਸ਼ਟਰਪਤੀ ਨੂੰ ਸੌਂਪਿਆ ਮੰਗ ਪੱਤਰ
ਮਸਜਿਦ ’ਤੇ ਹਮਲਾ ਮੰਗਲਵਾਰ ਰਾਤ ਨੂੰ ਕੀਤਾ ਗਿਆ ਸੀ ਜਿਸ ’ਚ 19 ਸਾਲਾਂ ਦੇ ਇਕ ਇਮਾਮ ਦੀ ਮੌਤ ਹੋ ਗਈ ਸੀ। ਹਮਲਾਵਰਾਂ ਤੋਂ ਬਚਣ ਲਈ ਕਈ ਔਰਤਾਂ ਅਤੇ ਬੱਚੇ ਮਸਜਿਦ ਅੰਦਰ ਲੁਕ ਕੇ ਬੈਠੇ ਸਨ।
ਇਹ ਵੀ ਪੜ੍ਹੋ: ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੀ ਸਰਕਾਰ ਪੂਰੀ ਪੂਰਤੀ ਕਰੇਗੀ : ਅਨੁਰਾਗ ਵਰਮਾ
ਸਿੱਖਾਂ ਵਲੋਂ ਕੀਤੀ ਜਾ ਰਹੀ ਮਦਦ ਦੀ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਫੈਲ ਰਹੀ ਹੈ, ਅਤੇ ਸਿੱਖਾਂ ਵਲੋਂ ਕੀਤੀ ਮਦਦ ਦੀ ਸੋਸ਼ਲ ਮੀਡੀਆ ’ਤੇ ਭਰਵੀਂ ਤਾਰੀਫ਼ ਕੀਤੀ ਜਾ ਰਹੀ ਹੈ।
ਹਰਿਆਣਾ ’ਚ 31 ਜੁਲਾਈ ਨੂੰ ਵਿਸ਼ਵ ਹਿੰਦੂ ਪਰਿਸ਼ਦ ਵਲੋਂ ਕੱਢੀ ਸ਼ੋਭਾ ਯਾਤਰਾ ਦੌਰਾਨ ਦੋ ਫਿਰਕਿਆਂ ਵਿਚਕਾਰ ਝੜਪ ਤੋਂ ਬਾਅਦ ਨੂਹ ਜ਼ਿਲ੍ਹੇ ’ਚ ਭੜਕੀ ਹਿੰਸਾ ’ਚ ਦੋ ਹੋਮ ਗਾਰਡ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸੂਬੇ ਦੇ ਡੀ.ਜੀ.ਪੀ. ਪੀ.ਕੇ. ਅਗਰਵਾਲ ਨੇ ਬੁਧਵਾਰ ਨੂੰ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਸਾਰੇ ਮਾਮਲਿਆਂ ਦੀ ਜਾਂਚ ਲਈ ਐਸ.ਆਈ.ਟੀ. ਗਠਤ ਕਰ ਦਿਤੀ ਗਈ ਹੈ।