ਮਨੀਪੁਰ: ਇੰਫਾਲ ’ਚ ਦੋ ਖਾਲੀ ਘਰ ਅੱਗ ਲਾ ਦਿਤੇ ਗਏ, ਕਰਫਿਊ ’ਚ ਢਿੱਲ ਦਿਤੀ ਗਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਰੱਖਿਆ ਕਰਮਚਾਰੀਆਂ ਦੀ ਸ਼ਿਫਟ ਬਦਲਣ ਦੌਰਾਨ ਵਾਪਰੀ ਘਟਨਾ

representational Image

ਇੰਫਾਲ: ਮਨੀਪੁਰ ਦੇ ਇੰਫਾਲ ਪਛਮੀ ਜ਼ਿਲ੍ਹੇ ’ਚ ਬੁਧਵਾਰ ਤੜਕੇ ਅਣਪਛਾਤੇ ਲੋਕਾਂ ਨੇ ਇਕ ਵਿਸ਼ੇਸ਼ ਭਾਈਚਾਰੇ ਦੇ ਦੋ ਖਾਲੀ ਘਰਾਂ ਨੂੰ ਅੱਗ ਲਾ ਦਿਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਲੰਗੋਲ ਇਲਾਕੇ ’ਚ ਵਾਪਰੀ ਇਸ ਘਟਨਾ ’ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਉਨ੍ਹਾਂ ਦਸਿਆ ਕਿ ਇਹ ਘਟਨਾ ਖੇਤਰ ’ਚ ਸੁਰੱਖਿਆ ਕਰਮਚਾਰੀਆਂ ਦੀ ਸ਼ਿਫਟ ਬਦਲਣ ਦੌਰਾਨ ਵਾਪਰੀ। ਉਨ੍ਹਾਂ ਕਿਹਾ ਕਿ ਇੰਫਾਲ ਪਛਮੀ ਇਲਾਕਾ ਮੈਤੇਈ ਲੋਕਾਂ ਦੇ ਦਬਦਬਾ ਵਾਲਾ ਜ਼ਿਲ੍ਹਾ ਹੈ ਜਿਥੋਂ ਮਈ ’ਚ ਨਸਲੀ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਜ਼ਿਆਦਾਤਰ ਆਦਿਵਾਸੀ ਨਿਵਾਸੀਆਂ ਨੇ ਅਪਣੇ ਘਰ ਛੱਡ ਦਿਤੇ ਸਨ।
ਅਧਿਕਾਰੀ ਨੇ ਦਸਿਆ ਕਿ ਫੌਜ ਦੇ ਜਵਾਨ ਇਨ੍ਹਾਂ ਖਾਲੀ ਘਰਾਂ ਦੀ ਰਾਖੀ ਕਰ ਰਹੇ ਸਨ। ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਦੇ ਜਵਾਨਾਂ ਨੇ ਘਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣੀ ਸੀ।

ਇਹ ਵੀ ਪੜ੍ਹੋ: MP ਪਟਿਆਲਾ ਪ੍ਰਨੀਤ ਕੌਰ ਨੇ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ 

ਅਧਿਕਾਰੀ ਨੇ ਦਸਿਆ ਕਿ ਬਦਮਾਸ਼ਾਂ ਨੇ ਘਰਾਂ ਨੂੰ ਅੱਗ ਲਾ ਦਿਤੀ ਜਦੋਂ ਫੌਜ ਦੇ ਜਵਾਨ ਜਾ ਰਹੇ ਸਨ ਅਤੇ ਸੀ.ਆਰ.ਪੀ.ਐਫ. ਦੇ ਮੁਲਾਜ਼ਮ ਉਨ੍ਹਾਂ ਦੀ ਥਾਂ ’ਤੇ ਸੁਰੱਖਿਆ ਸੰਭਾਲਣ ਆ ਰਹੇ ਸਨ। ਮਨੀਪੁਰ ਪੁਲਿਸ ਕੰਟਰੋਲ ਰੂਮ ਵਲੋਂ ਜਾਰੀ ਇਕ ਵਖਰੀ ਪ੍ਰੈਸ ਬਿਆਨ ’ਚ ਕਿਹਾ ਗਿਆ ਹੈ ਕਿ ‘‘ਸੂਬੇ ’ਚ ਸਥਿਤੀ ਅਸਥਿਰ ਅਤੇ ਤਣਾਅਪੂਰਨ ਬਣੀ ਹੋਈ ਹੈ ਪਰ ਕਾਬੂ ’ਚ ਹੈ’’ ਅਤੇ ‘‘ਸੁਰੱਖਿਆ ਬਲਾਂ ਨੇ ਸੂਬੇ ਦੇ ਸੰਵੇਦਨਸ਼ੀਲ ਅਤੇ ਸਰਹੱਦੀ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਚਲਾਈ।’’

ਇਸ ਦੌਰਾਨ ਅਧਿਕਾਰੀਆਂ ਨੇ ਦਸਿਆ ਕਿ ਕੋਮ ਯੂਨੀਅਨ ਮਨੀਪੁਰ ਦੇ ਪ੍ਰਧਾਨ ਸੇਰਟੋ ਅਹਾਓ ਕੋਮ (45) ਨੂੰ ਇੰਫਾਲ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ’ਤੇ ਮੰਗਲਵਾਰ ਦੇਰ ਰਾਤ ਚੁਰਾਚੰਦਪੁਰ ਜ਼ਿਲ੍ਹੇ ਦੇ ਚਿੰਗਫੇਈ ਪਿੰਡ ਨੇੜੇ ਅਤਿਵਾਦੀਆਂ ਨੇ ਹਮਲਾ ਕੀਤਾ। ਸੇਰਟੋ ਨੇ ਪੱਤਰਕਾਰਾਂ ਨੂੰ ਦਸਿਆ ਕਿ ਅਤਿਵਾਦੀਆਂ ਨੇ ਉਸ ’ਤੇ ਅਰਾਮਬਾਈ ਟੇਂਗੋਲ, ਮੈਤੇਈ ਲੀਪੁਨ ਅਤੇ ਕੋਕੋਮੀ ਵਰਗੇ ਮੈਤੇਈ ਸੰਸਥਾਵਾਂ ਨਾਲ ਸਬੰਧ ਰੱਖਣ ਦਾ ਦੋਸ਼ ਲਗਾਇਆ ਹੈ।

ਇਹ ਵੀ ਪੜ੍ਹੋ: ਸਟੋਰ 'ਚ ਪਿਆ ਸਿਲੰਡਰ ਫਟਣ ਕਾਰਨ ਔਰਤ ਦੀ ਮੌਤ

ਇਕ ਸਰਕਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ’ਚ ਸੁਧਾਰ ਦੇ ਮੱਦੇਨਜ਼ਰ, ਮਨੀਪੁਰ ਸਰਕਾਰ ਨੇ ਇੰਫਾਲ ਦੇ ਪੂਰਬੀ ਅਤੇ ਪਛਮੀ ਜ਼ਿਲ੍ਹਿਆਂ ’ਚ ਕਰਫਿਊ ’ਚ ਢਿੱਲ ਨੂੰ ਇਕ ਘੰਟੇ ਲਈ ਵਧਾ ਦਿਤਾ ਹੈ। ਹੁਣ ਦੋਵਾਂ ਜ਼ਿਲ੍ਹਿਆਂ ’ਚ ਕਰਫਿਊ ’ਚ ਢਿੱਲ ਦੀ ਮਿਆਦ ਸਵੇਰੇ 5 ਵਜੇ ਤੋਂ ਰਾਤ 8 ਵਜੇ ਤਕ ਹੈ।

ਸੂਬੇ ਦੇ ਹੋਰ ਜ਼ਿਲ੍ਹਿਆਂ ਥੌਬਲ, ਕਾਕਚਿੰਗ ਅਤੇ ਬਿਸ਼ਨੂਪੁਰ ’ਚ ਕਰਫਿਊ ’ਚ ਢਿੱਲ ਦੀ ਮਿਆਦ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤਕ ਰਹੇਗੀ। ਮਨੀਪੁਰ ’ਚ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਮੈਤੇਈ ਭਾਈਚਾਰੇ ਦੀ ਮੰਗ ਦੇ ਵਿਰੋਧ ’ਚ 3 ਮਈ ਨੂੰ ਪਹਾੜੀ ਜ਼ਿਲ੍ਹਿਆਂ ’ਚ ‘ਕਬਾਇਲੀ ਏਕਤਾ ਮਾਰਚ’ ਦਾ ਆਯੋਜਨ ਕਰਨ ਤੋਂ ਬਾਅਦ ਭੜਕੀ ਨਸਲੀ ਹਿੰਸਾ ’ਚ 160 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। (ਪੀਟੀਆਈ)