ਹਰਿਆਣਾ ਦੀ ਆਬਾਦੀ 2.7 ਕਰੋੜ ਅਤੇ 60,000 ਪੁਲਿਸ ਜਵਾਨ ਸਾਰਿਆਂ ਦੀ ਸੁਰੱਖਿਆ ਨਹੀਂ ਕਰ ਸਕਦੇ: ਮਨੋਹਰ ਲਾਲ ਖੱਟਰ
ਕਿਹਾ, ਦੰਗਾਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਬਣਾਇਆ ਜਾਵੇਗਾ।
ਚੰਡੀਗੜ੍ਹ: ਨੂਹ ਹਿੰਸਾ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪ੍ਰੈੱਸ ਕਾਨਫ਼ਰੰਸ ਵਿਚ ਹੈਰਾਨ ਕਰਨ ਵਾਲਾ ਬਿਆਨ ਦਿਤਾ ਹੈ। ਖੱਟਰ ਨੇ ਕਿਹਾ ਕਿ ਸੂਬੇ ਵਿਚ 2.7 ਕਰੋੜ ਦੀ ਆਬਾਦੀ ਹੈ, ਅਜਿਹੇ ਵਿਚ ਪੁਲਿਸ ਹਰ ਵਿਅਕਤੀ ਦੀ ਸੁਰੱਖਿਆ ਦੀ ਗਰੰਟੀ ਨਹੀਂ ਦੇ ਸਕਦੀ।
ਇਹ ਵੀ ਪੜ੍ਹੋ: ਵਿਜੀਲੈਂਸ ਵਲੋਂ 75 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਫ਼ਰੀਦਕੋਟ ਤੋਂ ਮਹਿਲਾ ਏ.ਐਸ.ਆਈ. ਗ੍ਰਿਫ਼ਤਾਰ
ਨੂਹ ਹਿੰਸਾ ਬਾਰੇ ਮੁੱਖ ਮੰਤਰੀ ਖੱਟਰ ਨੇ ਕਿਹਾ, 'ਪੁਲਿਸ ਹਰ ਕਿਸੇ ਦੀ ਸੁਰੱਖਿਆ ਨਹੀਂ ਕਰ ਸਕਦੀ। ਪੁਲਿਸ ਅਤੇ ਫ਼ੌਜ ਦੀ ਗਾਰੰਟੀ ਕੋਈ ਨਹੀਂ ਲੈ ਸਕਦਾ। ਅਸੀਂ ਸਾਰਿਆਂ ਦੀ ਰੱਖਿਆ ਨਹੀਂ ਕਰ ਸਕਦੇ’। ਉਨ੍ਹਾਂ ਅਪਣੀ ਗੱਲ ਸਪੱਸ਼ਟ ਕਰਦਿਆਂ ਕਿਹਾ, 'ਦੇਸ਼ ਦੀ ਆਬਾਦੀ 130 ਕਰੋੜ ਹੈ, ਜਿਸ 'ਚੋਂ 2.7 ਕਰੋੜ ਹਰਿਆਣਾ ਦੇ ਹਨ, ਜਦਕਿ ਪੁਲਿਸ ਵਾਲੇ 60 ਹਜ਼ਾਰ ਦੇ ਕਰੀਬ ਹਨ, ਇਸ ਲਈ ਸਾਰਿਆਂ ਦੀ ਸੁਰੱਖਿਆ ਕਿਵੇਂ ਹੋਵੇਗੀ?'
ਇਹ ਵੀ ਪੜ੍ਹੋ: ਮਨੀਪੁਰ: ਇੰਫਾਲ ’ਚ ਦੋ ਖਾਲੀ ਘਰ ਅੱਗ ਲਾ ਦਿਤੇ ਗਏ, ਕਰਫਿਊ ’ਚ ਢਿੱਲ ਦਿਤੀ ਗਈ
ਖੱਟਰ ਨੇ ਦਸਿਆ ਕਿ ਹਿੰਸਾ ਵਿਚ ਹੁਣ ਤਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚ 2 ਪੁਲਿਸ ਮੁਲਾਜ਼ਮ ਅਤੇ 4 ਆਮ ਨਾਗਰਿਕ ਸ਼ਾਮਲ ਹਨ। ਇਸ ਮਾਮਲੇ ਵਿਚ ਹੁਣ ਤਕ 116 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਜਦਕਿ 190 ਮੁਲਜ਼ਮ ਹਿਰਾਸਤ ਵਿਚ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਦੰਗਾਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: ਚੇਤਨ ਸਿੰਘ ਜੌੜਾਮਾਜਰਾ ਵਲੋਂ ਪੱਤਰਕਾਰਾਂ ਲਈ ਆਨਲਾਈਨ ਐਕਰੀਡੇਸ਼ਨ ਪੋਰਟਲ ਜਾਰੀ
ਖੱਟਰ ਨੇ ਕਿਹਾ ਕਿ ਇਕ ਐਕਟ ਪਾਸ ਕੀਤਾ ਗਿਆ ਹੈ ਜਿਸ ਵਿਚ ਇਹ ਵਿਵਸਥਾ ਕੀਤੀ ਗਈ ਹੈ ਕਿ ਸਰਕਾਰ ਜਨਤਕ ਜਾਇਦਾਦ ਨੂੰ ਹੋਏ ਨੁਕਸਾਨ ਲਈ ਮੁਆਵਜ਼ਾ ਜਾਰੀ ਕਰਦੀ ਹੈ ਪਰ ਜਿਥੋਂ ਤਕ ਨਿਜੀ ਜਾਇਦਾਦ ਦਾ ਸਬੰਧ ਹੈ, ਜਿਨ੍ਹਾਂ ਨੇ ਨੁਕਸਾਨ ਕੀਤਾ ਹੈ, ਉਹ ਮੁਆਵਜ਼ਾ ਦੇਣ ਲਈ ਜਵਾਬਦੇਹ ਹਨ।