ਭਾਰਤ ਦੇ ਲੋਕਾਂ ਦੇ ਜੀਵਨ ਦੇ 9 ਸਾਲ ਘੱਟ ਕਰ ਸਕਦਾ ਹੈ ਹਵਾ ਪ੍ਰਦੂਸ਼ਣ: ਅਧਿਐਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਿਪੋਰਟ ’ਚ ਭਾਰਤ ਨੂੰ ਦਸਿਆ ਵਿਸ਼ਵ ਦਾ ਸੱਭ ਤੋਂ ਪ੍ਰਦੂਸ਼ਿਤ ਦੇਸ਼।

Air Pollution can reduce life expectancy of Indians by 9 years says Study

 

ਨਵੀਂ ਦਿੱਲੀ: ਭਾਰਤ ਦੇ ਹਵਾ ਪ੍ਰਦੂਸ਼ਣ (Air Pollution in India) ਦੇ ਪੱਧਰ ਸਮੇਂ ਦੇ ਨਾਲ ਭੂਗੋਲਿਕ ਤੌਰ ’ਤੇ ਵਿਸਥਾਰਤ ਹੋਏ ਹਨ, ਅਤੇ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਇਹ ਇਸ ਹੱਦ ਤਕ ਵਧ ਗਿਆ ਹੈ ਕਿ ਔਸਤ ਵਿਅਕਤੀ ਦੀ ਜੀਵਨ ਸਮਰੱਥਾ ਇਕ ਵਾਧੂ 2.5 ਤੋਂ 2.9 ਸਾਲਾਂ ਤਕ ਘੱਟ ਰਹੀ ਹੈ। ਇਕ ਨਵੀਂ ਰਿਪੋਰਟ ਵਿਚ ਪ੍ਰਦੂਸ਼ਣ ਦੇ ਨਤੀਜਿਆਂ ਬਾਰੇ ਚੇਤਾਵਨੀ ਦਿਤੀ ਗਈ ਹੈ।

ਯੂਨੀਵਰਸਿਟੀ ਆਫ਼ ਸ਼ਿਕਾਗੋ ਦੀ ਏਅਰ ਕੁਆਲਿਟੀ ਲਾਈਫ਼ ਇੰਡੈਕਸ (AQLI) ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਸ਼ਵ ਦਾ ਸੱਭ ਤੋਂ ਪ੍ਰਦੂਸ਼ਿਤ ਦੇਸ਼ (Most Polluted Country) ਹੈ, ਜਿਥੇ 48 ਕਰੋੜ ਤੋਂ ਵੱਧ ਲੋਕ ਜਾਂ ਦੇਸ਼ ਦੀ ਲਗਭਗ 40 ਪ੍ਰਤੀਸ਼ਤ ਆਬਾਦੀ ਉੱਤਰੀ ਗੰਗਾ ਦੇ ਮੈਦਾਨੀ ਇਲਾਕਿਆਂ ਵਿਚ ਰਹਿੰਦੀ ਹੈ, ਜਿਥੇ ਪ੍ਰਦੂਸ਼ਣ ਦਾ ਪੱਧਰ ਨਿਯਮਤ ਰੂਪ ਤੋਂ ਦੁਨੀਆ ’ਚ ਕਿਤੇ ਹੋਰ ਪਾਏ ਜਾਣ ਵਾਲੇ ਪੱਧਰ ਤੋਂ ਵੱਧ ਹੈ।

ਯੂਨੀਵਰਸਿਟੀ ਦੇ ‘ਐਨਰਜੀ ਪਾਲਿਸੀ ਇੰਸਟੀਚਿਊਟ’ ਦੁਆਰਾ ਕੀਤਾ ਗਿਆ ਇਕ ਅਧਿਐਨ (Study) ਦਸਦਾ ਹੈ ਕਿ ਇਕ ਵਿਅਕਤੀ ਕਿੰਨੀ ਦੇਰ ਤਕ ਜੀਅ ਸਕਦਾ ਹੈ ਜੇਕਰ ਉਹ ਸਾਫ਼ ਹਵਾ ਵਿਚ ਸਾਹ ਲੈਂਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ 2019 ਵਿਚ ਪ੍ਰਦੂਸ਼ਣ ਦਾ ਪੱਧਰ ਇਸੇ ਤਰ੍ਹਾਂ ਬਣਿਆ ਰਹਿੰਦਾ ਹੈ, ਤਾਂ ਉੱਤਰੀ ਭਾਰਤ ਦੇ ਵਸਨੀਕ ਨੌਂ ਸਾਲਾਂ ਤੋਂ ਵੱਧ ਉਮਰ ਦੀ ਉਮੀਦ ਗੁਆਉਣ ਦੇ ਰਾਹ ’ਤੇ ਹਨ ਕਿਉਂਕਿ ਇਸ ਖੇਤਰ ਨੂੰ ਦੁਨੀਆ ਦੇ ਸੱਭ ਤੋਂ ਵੱਧ ਹਵਾ ਪ੍ਰਦੂਸ਼ਣ ਦੇ ਪੱਧਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ, “ਕੁੱਝ ਦਹਾਕੇ ਪਹਿਲਾਂ ਦੀ ਤੁਲਨਾ ਵਿਚ, ਸੂਖਮ ਕਣ ਪ੍ਰਦੂਸ਼ਣ ਹੁਣ ਸਿਰਫ਼ ਭਾਰਤ ਦੇ ਗੰਗਾ ਦੇ ਮੈਦਾਨਾਂ ਦੀ ਵਿਸ਼ੇਸ਼ਤਾ ਨਹੀਂ ਹੈ। ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਰਾਜਾਂ ਵਿਚ ਪ੍ਰਦੂਸ਼ਣ ’ਚ ਬਹੁਤ ਵਾਧਾ ਹੋਇਆ ਹੈ। ਉਦਾਹਰਣ ਲਈ, ਉਨ੍ਹਾਂ ਰਾਜਾਂ ਵਿਚ ਔਸਤ ਵਿਅਕਤੀ ਦੀ ਉਮਰ 2000 ਦੀ ਸ਼ੁਰੂਆਤ ਦੇ ਮੁਕਾਬਲੇ ਹੁਣ 2.5 ਤੋਂ 2.9 ਸਾਲ ਦੀ ਗਿਰਾਵਟ ਆ ਗਈ ਹੈ।”