ਇੱਕ ਹੋਰ 'ਧਾਰਮਿਕ ਆਗੂ' ਗ੍ਰਿਫ਼ਤਾਰ, 2 ਨਾਬਾਲਿਗ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਲ੍ਹ ਭੇਜੇ ਜਾਣ ਤੋਂ ਬਾਅਦ ਉਸ ਨੂੰ ਕੁਝ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋਈਆਂ

Murugha Mutt pontiff arrested

 

ਚਿਤ੍ਰਦੁਰਗ: ਮੁਰੁਘਾ ਮੱਠ ਦੇ ਮੁਖੀ ਸ਼ਿਵਮੂਰਤੀ ਮੁਰੁਗਾ ਸ਼ਰਣਾਰੂ ਨੂੰ ਜੇਲ੍ਹ ਵਿੱਚ ਸਿਹਤ ਸਬੰਧੀ ਕੁਝ ਸਮੱਸਿਆਵਾਂ ਪੈਦਾ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਥੇ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। 2 ਨਾਬਾਲਿਗ ਸਕੂਲ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਉਸ ਨੂੰ ਵੀਰਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ, ਅਤੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਮੱਠ ਮੁਖੀ ਤੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਜੇਲ੍ਹ ਭੇਜੇ ਜਾਣ ਤੋਂ ਬਾਅਦ ਉਸ ਨੂੰ ਕੁਝ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋਈਆਂ, ਜਿਸ ਤੋਂ ਬਾਅਦ ਉਸ ਨੂੰ ਜਾਂਚ ਲਈ ਜ਼ਿਲ੍ਹਾ ਹਸਪਤਾਲ ਲਿਜਾਏ ਜਾਣ ਤੋਂ ਬਾਅਦ ਮੁੜ ਜੇਲ੍ਹ ਭੇਜ ਦਿੱਤਾ ਗਿਆ।

ਮੱਠ ਮੁਖੀ ਸ਼ਰਣਾਰੂ 'ਤੇ ਦੋ ਨਾਬਾਲਿਗ ਸਕੂਲ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਲਈ ਬਾਲ ਜਿਨਸੀ ਅਪਰਾਧਾਂ ਦੀ ਸੁਰੱਖਿਆ (ਪੋਕਸੋ) ਐਕਟ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਅੱਤਿਆਚਾਰ ਦੀ ਰੋਕਥਾਮ) ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਸੂਤਰਾਂ ਦੇ ਦੱਸਣ ਅਨੁਸਾਰ ਮੁਰੂਘਾ ਮੱਠ ਦੇ ਮੁਖੀ ਦੇ ਨਾਲ-ਨਾਲ, ਚਾਰ ਹੋਰਨਾਂ ਜਣਿਆਂ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ 'ਸਾਂਤਵਨਾ ਕੇਂਦਰ' ਦੇ ਨਾਂਅ ਨਾਲ ਦੱਸੀ ਜਾਂਦੀ ਇੱਕ ਥਾਂ 'ਤੇ ਕੰਮ ਕਰਦਾ ਹੈ। ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦ ਕਿ ਦੋ ਮੁਲਜ਼ਮ ਲਾਪਤਾ ਹਨ ਜਿਹਨਾਂ ਦੀ ਭਾਲ ਜਾਰੀ ਹੈ।

ਇਹ 'ਸਾਂਤਵਨਾ ਕੇਂਦਰ' ਮਹਿਲਾ ਅਤੇ ਬਾਲ ਵਿਕਾਸ ਡਾਇਰੈਕਟੋਰੇਟ ਦਾ ਸਲਾਹ ਕੇਂਦਰ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੱਠ ਮੁਖੀ ਤੋਂ ਹੋਰ ਪੁੱਛ-ਗਿੱਛ ਲਈ ਉਸ ਦੀ ਪੁਲਿਸ ਹਿਰਾਸਤ ਦੀ ਮੰਗ ਕੀਤੀ ਜਾਵੇਗੀ। ਦੂਜੇ ਪਾਸੇ ਮੱਠ ਮੁਖੀ ਦੇ ਵਕੀਲਾਂ ਨੇ ਵੀਰਵਾਰ ਨੂੰ ਕਰਨਾਟਕ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਕਿ ਮੱਠ ਮੁਖੀ ਖ਼ਿਲਾਫ਼ ਜਾਂਚ 'ਸਹੀ ਅਤੇ ਨਿਰਪੱਖ ਢੰਗ ਨਾਲ' ਨਹੀਂ ਕੀਤੀ ਜਾ ਰਹੀ। ਉਸ (ਮੱਠ ਮੁਖੀ) ਨੂੰ ਨਾ ਤਾਂ ਜਾਂਚ ਲਈ ਬੁਲਾਇਆ ਗਿਆ, ਅਤੇ ਨਾ ਹੀ ਡਾਕਟਰੀ ਜਾਂਚ ਕਰਵਾਈ ਗਈ। ਜਾਂਚ ਵਿੱਚ ਇਹ ਕਮੀਆਂ ਪ੍ਰਗਟਾਵਾ ਕਰਦੀਆਂ ਹਨ ਕਿ ਪਹਿਲਾਂ ਤੋਂ ਹੀ ਪੱਖਪਾਤੀ ਜਾਂਚ ਕੀਤੀ ਜਾ ਰਹੀ ਹੈ।"

ਮੱਠ ਮੁਖੀ 'ਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕਥਾਮ) ਐਕਟ ਦੇ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਪੀੜਤਾਂ ਵਿੱਚੋਂ ਇੱਕ ਵਿਦਿਆਰਥਣ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦੀ ਹੈ। ਸਥਾਨਕ ਅਦਾਲਤ ਨੇ ਮੱਠ ਮੁਖੀ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਸ਼ੁੱਕਰਵਾਰ, 9 ਸਤੰਬਰ ਤੱਕ ਲਈ ਮੁਲਤਵੀ ਕਰ ਦਿੱਤੀ ਹੈ।