ਮੁੰਬਈ ਦੇ ਮਰੀਨ ਡਰਾਈਵ 'ਤੇ ਉਸਾਰਿਆ 90 ਲੱਖ ਦਾ ਜਨਤਕ ਪਖਾਨਾ
ਮੁੰਬਈ ਮਰੀਨ ਡਰਾਈਵ ਤੇ ਸੌਰ ਪੈਨਲ ਅਤੇ ਪਾਣੀ ਬਚਾਉਣ ਵਾਲੀ ਵੈਲਕਿਊਮ ਤਕਨੀਕ ਵਾਲਾ ਇਕ ਸ਼ਾਨਦਾਰ ਜਨਤਕ ਪਖਾਨਾ ਉਸਾਰਿਆ
ਮੁੰਬਈ : ਦੱਖਣੀ ਮੁੰਬਈ ਦੇ ਮਰੀਨ ਡਰਾਈਵ ਤੇ ਸੌਰ ਪੈਨਲ ਅਤੇ ਪਾਣੀ ਬਚਾਉਣ ਵਾਲੀ ਵੈਲਕਿਊਮ ਤਕਨੀਕ ਵਾਲਾ ਇਕ ਸ਼ਾਨਦਾਰ ਜਨਤਕ ਪਖਾਨਾ ਉਸਾਰਿਆ ਗਿਆ ਹੈ। ਖ਼ਾਸ ਗਲ ਇਹ ਹੈ ਕਿ ਇਹ ਪਖਾਨਾ ਵਾਤਾਵਰਣ ਦੇ ਅਨੁਕੂਲ ਹੈ। ਨਗਰ ਨਿਗਮ ਦੇ ਅਧਿਕਾਰੀ ਨੇ ਦਸਿਆ ਕਿ ਇਸ ਪਖਾਨੇ ਦੀ ਉਸਾਰੀ 90 ਲੱਖ ਰੁਪਏ ਵਿਚ ਕੀਤੀ ਗਈ ਹੈ। ਇਸ ਪਖਾਨੇ ਨਾਲ ਸਰੀਰਕ ਕਸਰਤ ਕਰਨ ਵਾਲਿਆਂ ਲੋਕਾਂ ਅਤੇ ਸਾਈਕਲ ਚਾਲਕਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਲਾਭ ਹੋਵੇਗਾ। ਇਸਨੂੰ ਮੁੰਬਈ ਦਾ ਸੱਭ ਤੋਂ ਮਹਿੰਗਾ ਪਖਾਨਾ ਦਸਿਆ ਜਾ ਰਿਹਾ ਹੈ।
ਬੀਐਮਸੀ ਦੀ ਯੋਜਨਾ ਇਹ ਹੈ ਕਿ ਵਰਤਮਾਨ ਸਮੇਂ ਵਿਚ ਤਾਂ ਇਸ ਪਖਾਨੇ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ ਪਰ ਦੋ ਮਹੀਨੇ ਬਾਅਦ ਫੀਸ ਲਗਾਈ ਜਾ ਸਕਦੀ ਹੈ। ਸ਼ਿਵਸੇਨਾ ਦੀ ਯੂਵਾ ਸ਼ਾਖਾ ਦੇ ਨੇਤਾ ਆਦਿੱਤਯਾ ਠਾਕਰੇ ਨੇ ਛੇ ਬਲਾਕ ਦੇ ਇਸ ਪਖਾਨੇ ਦਾ ਉਦਘਾਟਨ ਕੀਤਾ। ਇਸਦਾ ਨਿਰਮਾਣ ਮਿਸ਼ਰ-ਧਾਤੂ ਨਿਰਮਾਤਾ ਪ੍ਰਮੁਖ ਕੰਪਨੀ ਜੇਐਸਡਬਲਊ ਸਟੀਲ, ਸਮਾਟੇਕ ਕੰਪਨੀ ਦੀ ਸਮਾਜਿਕ ਵਿਕਾਸ ਸ਼ਾਖਾ ਸਮਾਟੇਕ ਫਾਉਂਡੇਸ਼ਨ ਅਤੇ ਨਰੀਮਨ ਪੁਆਇੰਟ ਚਰਚਗੇਟ ਸਿਟੀਜਨਸ ਐਸੋਸੀਏਸ਼ਨ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ ਹੈ।
ਜੇਐਸਡਬਲਊ ਦੇ ਇਕ ਅਧਿਕਾਰੀ ਨੇ ਦਸਿਆ ਕਿ ਪਖਾਨੇ ਵਿਚ ਆਮਤੌਰ ਤੇ ਇਕ ਵਾਰ ਫਲਸ਼ ਕਰਨ ਲਈ ਅੱਠ ਲੀਟਰ ਪਾਣੀ ਦੀ ਲੋੜ ਹੁੰਦੀ ਹੈ, ਪਰ ਇਸ ਪਖਾਨੇ ਨੂੰ ਫਲਸ਼ ਕਰਨ ਲਈ ਕੇਵਲ 800 ਮਿਲੀਲੀਟਰ ਪਾਣੀ ਦੀ ਹੀ ਲੋੜ ਪਵੇਗੀ। ਇਸ ਪਖਾਨੇ ਦੀ ਛਤ ਤੇ ਸੌਰ ਪੈਨਲ ਲਗਾ ਹੋਇਆ ਹੈ। ਇਸਤੋਂ ਬਣਨ ਵਾਲੀ ਬਿਜਲੀ ਨਾਲ ਪਖਾਨੇ ਦੀ ਲੋੜ ਪੂਰੀ ਹੋਵੇਗੀ। ਇਸ ਤੋਂ ਇਲਾਵਾ ਇਸਦੀ ਵੈਕਊਮ ਤਕਨੀਕ ਹਰ ਸਾਲ ਕੁਝ ਮਿਲੀਅਨ ਰਾਅ ਸੀਵਰੇਜ਼ ਨੂੰ ਮਰੀਨ ਡਰਾਈਵ 'ਤੇ ਜਾਣ ਤੋ ਰੋਕੇਗੀ।