ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸ਼ੁਰੂ ਹੋਵੇਗੀ ਦੁਨੀਆਂ ਦੀ ਸਭ ਤੋਂ ਸਸਤੀ MRI

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿਰਫ਼ 50 ਰੁਪਏ ਵਿਚ ਕੀਤਾ ਜਾਵੇਗਾ ਐਮਆਰਆਈ ਸਕੈਨ

Gurudwara Bangla Sahib

ਨਵੀਂ ਦਿੱਲੀ: ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦੁਨੀਆਂ ਦੀ ਸਭ ਤੋਂ ਸਸਤੀ ਐਮਆਰਆਈ ਸ਼ੁਰੂ ਹੋਣ ਜਾ ਰਹੀ ਹੈ। ਦਰਅਸਲ ਗੁਰਦੁਆਰਾ ਸਾਹਿਬ ਵਿਚ ਬਣੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਲੀਕਲੀਨਿਕ ਵਿਚ ਅਗਲੇ ਮਹੀਨੇ ਤੋਂ ਮਸ਼ੀਨ ਸੈੱਟਅਪ ਕੀਤੀ ਜਾਵੇਗੀ ਅਤੇ ਲੋੜਵੰਦ ਲੋਕਾਂ ਲਈ ਇਹ ਸਹੂਲਤ ਦਸੰਬਰ ਤੋਂ ਹੀ ਸ਼ੁਰੂ ਹੋ ਜਾਵੇਗੀ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਤਰਾਂ ਨੇ ਦੱਸਿਆ ਕਿ ਐਮਆਰਆਈ ਸਕੈਨ ਕਰਨ ਲਈ ਰੇਟ ਸਿਰਫ਼ 50 ਰੁਪਏ ਤੈਅ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਲੇਟੇਸਟ ਤਕਨੀਕ ਵਾਲੀ ਐਮਆਰਆਈ ਮਸ਼ੀਨ ਦਾ ਆਡਰ ਦੇ ਦਿੱਤਾ ਗਿਆ ਹੈ।  ਇਸ ਦੇ ਨਾਲ ਹੀ ਰਾਜਧਾਨੀ ਦਿੱਲੀ ਦਾ ਸਭ ਤੋਂ ਸਸਤਾ ਡਾਇਲਸਿਸ ਵੀ ਬੰਗਲਾ ਸਾਹਿਬ ਵਿਚ ਸ਼ੁਰੂ ਹੋਣ ਜਾ ਰਿਹਾ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਐਮਆਰਆਈ ਕਰਵਾਉਣ ਲਈ ਮਰੀਜਾਂ ਨੂੰ 2-2 ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਪ੍ਰਾਈਵੇਟ ਹਸਪਤਾਲਾਂ ਵਿਚ ਐਮਆਰਆਈ ਸਕੈਨ ਰੇਟ 4000-5000 ਰੁਪਏ ਵਿਚਕਾਰ ਹੈ। ਅਜਿਹੇ ਵਿਚ ਲੋੜਵੰਦ ਮਰੀਜਾਂ ਦੀ 50 ਰੁਪਏ ਦੀ ਪਰਚੀ ਕੱਟ ਕੇ ਐਮਆਰਆਈ ਸਕੈਨ ਕੀਤਾ ਜਾਵੇਗਾ। 

ਇਸ ਸਹੂਲਤ ਨਾਲ ਲੋੜਵੰਦਾਂ ਨੂੰ ਕਾਫ਼ੀ ਰਾਹਤ ਮਿਲੇਗੀ। ਦੱਸਿਆ ਜਾ ਰਿਹਾ ਹੈ ਕਿ ਗੁਰੂ ਹਰਿਕ੍ਰਿਸ਼ਨ ਪਾਲੀਕਲੀਨਿਕ ਵਿਚ ਐਮਆਰਆਈ ਦੀ 1.5 ਟੇਸਲਾ ਮਸ਼ੀਨ ਮੰਗਵਾਈ ਗਈ ਹੈ। ਉੱਥੇ ਹੀ ਰੇਟ ਕਾਰਡ ਵੀ ਤਿੰਨ ਕੈਟੇਗਰੀਆਂ ਵਿਚ ਵੰਡਿਆ ਗਿਆ ਹੈ। ਪਹਿਲੀ ਕੈਟੇਗਰੀ ਵਿਚ 50 ਰੁਪਏ ਆਮ ਪਰਚੀ ਕੱਟੀ ਜਾਵੇਗੀ।

ਮਾੜੀ ਵਿੱਤੀ ਹਾਲਤ ਵਾਲੇ ਮਰੀਜਾਂ ਨੂੰ ਇਸ ਕੈਟੇਗਰੀ ਵਿਚ ਰੱਖਿਆ ਜਾਵੇਗਾ। ਦੂਜੀ ਕੈਟੇਗਰੀ ਵਿਚ ਐਮਆਰਆਈ 700-1000 ਰੁਪਏ ਵਿਚਕਾਰ ਹੋਵੇਗੀ। ਉੱਥੇ ਹੀ ਤੀਜੀ ਕੈਟੇਗਰੀ ਵਿਚ 1400-1500 ਰੁਪਏ ਵਿਚ ਐਮਆਰਆਈ ਕਰਵਾਈ ਜਾ ਸਕਦੀ ਹੈ।

ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦਾ ਸਭ ਤੋਂ ਸਸਤਾ ਡਾਇਲਸਿਸ ਸੈਂਟਰ ਵੀ ਲੋੜਵੰਦਾਂ ਲਈ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਲਈ ਵੀ 4 ਮਸ਼ੀਨਾਂ ਖਰੀਦੀਆਂ ਗਈਆਂ ਹਨ। ਪਾਲੀਕਲੀਨਿਕ ਵਿਚ ਇਹਨਾਂ ਦਾ ਸੈੱਟਅਪ ਕੀਤਾ ਜਾ ਰਿਹਾ ਹੈ। ਇੱਥੇ ਮਰੀਜ ਮਾਰਕਿਟ ਰੇਟ ਤੋਂ ਅੱਧੀ ਕੀਮਤ 'ਤੇ ਡਾਇਲਸਿਸ ਕਰਵਾ ਸਕਣਗੇ।  ਇਸ ਸੈਂਟਰ ਦੀ ਸ਼ੁਰੂਆਤ ਜਲਦ ਹੀ ਕੀਤੀ ਜਾਵੇਗੀ।