ਜੰਮੂ ਕਸ਼ਮੀਰ : ਭਾਜਪਾ ਦੇ ਰਾਜ ਸਕੱਤਰ ਅਤੇ ਭਰਾ ਦਾ ਗੋਲੀ ਮਾਰ ਕੇ ਕੀਤਾ ਕਤਲ
ਜਾਣਕਾਰੀ ਮੁਤਾਬਕ ਇਕ ਅਣਪਛਾਤੇ ਹਮਲਾਵਰ ਨੇ ਅਨਿਲ ਪਰਿਹਾਰ ਨੂੰ ਗੋਲੀਆਂ ਮਾਰ ਦਿਤੀਆ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਕਿਸ਼ਤਵਾੜ, ( ਭਾਸ਼ਾ ) : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਖੇ ਭਾਰਤੀ ਜਨਤਾ ਪਾਰਟੀ ਦੇ ਰਾਜ ਸਕੱਤਰ ਅਨਿਲ ਪਰਿਹਾਰ ਅਤੇ ਉਨ੍ਹਾਂ ਦੇ ਭਰਾ ਅਜੀਤ ਪਰਿਹਾਰ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਕਿਸ਼ਤਵਾੜ ਵਿਚ ਕਰਫਿਊ ਲਗਾ ਦਿਤਾ ਹੈ। ਜਾਣਕਾਰੀ ਮੁਤਾਬਕ ਇਕ ਅਣਪਛਾਤੇ ਹਮਲਾਵਰ ਨੇ ਅਨਿਲ ਪਰਿਹਾਰ ਨੂੰ ਗੋਲੀਆਂ ਮਾਰ ਦਿਤੀਆ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਉਥੇ ਹੀ ਮੌਕੇ ਤੇ ਮੌਜੂਦ ਅਨਿਲ ਪਰਿਹਾਰ ਦੇ ਭਰਾ ਅਜੀਤ ਪਰਿਹਾਰ ਨੂੰ ਵੀ ਗੋਲੀ ਲਗੀ।
ਗੋਲੀ ਲਗਣ ਤੋਂ ਬਾਅਦ ਉਹ ਗੰਭੀਰ ਤੌਰ ਤੇ ਜ਼ਖਮੀ ਹੋ ਗਏ। ਹਾਲਾਂਕਿ ਕੁਝ ਦੇਰ ਬਾਅਦ ਉਨ੍ਹਾਂ ਦੀ ਵੀ ਮੌਤ ਹੋ ਗਈ। ਹਮਲੇ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੀ ਪੁਲਿਸ ਨੇ ਕਤਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਅਜੇ ਤੱਕ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ। ਰਾਜ ਭਾਜਪਾ ਦੇ ਜਨਰਲ ਸਕੱਤਰ ਅਸ਼ੌਕ ਕੌਲ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਅਤਿਵਾਦੀਆਂ ਨੂੰ ਗੋਲੀ ਮਾਰ ਕੇ 2 ਭਾਜਪਾ ਕਰਮਚਾਰੀਆਂ ਦਾ ਕਤਲ ਕਰ ਦਿਤਾ। ਜੰਮੂ-ਕਸ਼ਮੀਰ ਭਾਜਪਾ ਦੇ ਰਾਜ ਸੱਕਤਰ ਦੇ ਕਤਲ ਤੋਂ ਬਾਅਦ ਕਿਸ਼ਤਵਾੜਾ ਇਲਾਕੇ ਵਿਚ ਤਣਾਅਪੂਰਨ ਮਾਹੌਲ ਪੈਦਾ ਹੋ ਗਿਆ ਹੈ।
ਕਤਲ ਤੋਂ ਬਾਅਦ ਕਿਸ਼ਤਵਾੜ ਵਿਚ ਹਿੰਸਾ ਫੈਲ ਗਈ। ਹਾਦਸੇ ਤੋਂ ਬਾਅਦ ਪਰੇਸ਼ਾਨ ਲੋਕਾਂ ਨੇ ਪੁਲਿਸ ਸਟੇਸ਼ਨ ਅਤੇ ਜ਼ਿਲ੍ਹਾ ਹਸਪਤਾਲ ਤੇ ਹਮਲਾ ਕਰ ਦਿਤਾ। ਇਲਾਕੇ ਵਿਚ ਫਿਰਕੂ ਦੰਗੇ ਦੀ ਸਥਿਤੀ ਤੋਂ ਨਿਪਟਣ ਲਈ ਪ੍ਰਸ਼ਾਸਨ ਨੇ ਜਵਾਨਾਂ ਦੀ ਤੈਨਾਤੀ ਕਰ ਦਿਤੀ ਹੈ। ਹਮਲੇ ਤੋਂ ਬਾਅਦ ਸਾਬਕਾ ਮੁਖ ਮੰਤਰੀ ਉਮਰ ਅਬਦੁੱਲਾ ਨੇ ਪਰਿਹਾਰ ਭਰਾਵਾਂ ਦੇ ਕਤਲ ਤੇ ਦੁਖ ਪ੍ਰਗਟਾਇਆ। ਜੰਮੂ-ਕਸ਼ਮੀਰ ਭਾਜਪਾ ਰਾਜ ਸੱਕਤਰ ਮੁਖੀ ਰਵਿੰਦਰ ਰਾਣਾ ਨੇ ਪਰਿਹਾਰ ਪਰਵਾਰ ਨਾਲ ਦੁਖ ਦੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ।
ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੇ ਸ਼ਾਮ 8 ਵਜੇ ਪਰਿਹਾਰ ਭਰਾਵਾਂ ਨੂੰ ਗੋਲੀ ਮਾਰ ਦਿਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਭਾਜਪਾ ਦੀ ਸੂਬਾਈ ਇਕਾਈ ਦੇ ਸੱਕਤਰ ਅਨਿਲ ਪਰਿਹਾਰ ਅਤੇ ਉਨ੍ਹਾਂ ਦਾ ਭਰਾ ਅਜੀਤ ਕਿਸ਼ਤਵਾੜਾ ਵਿਚ ਅਪਣੀ ਦੁਕਾਨ ਤੋ ਵਾਪਸ ਆ ਰਹੇ ਸਨ, ਇਸੇ ਦੌਰਾਨ ਉਨ੍ਹਾਂ ਤੇ ਨੇੜੇ ਤੋਂ ਗੋਲਾਬਾਰੀ ਕੀਤੀ ਗਈ। ਹਮਲਾਵਰ ਦੋਹਾਂ ਭਰਾਵਾਂ ਦੇ ਘਰ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਸਨ ਤੇ ਉਨ੍ਹਾਂ ਨੇ ਕਤਲ ਲਈ ਪਿਸਤੌਲ ਦੀ ਵਰਤੋਂ ਕੀਤੀ।