ਗੋਆ 'ਚ ਕਾਂਗਰਸ ਨੂੰ ਝਟਕਾ, ਦੋ ਵਿਧਾਇਕ ਭਾਜਪਾ 'ਚ ਸ਼ਾਮਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੋਆ 'ਚ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ : ਕਾਂਗਰਸ

Subhash Shirodkar and Dayanand Sopte

ਨਵੀਂ ਦਿੱਲੀ/ਪਣਜੀ : ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦੇ ਲੰਮੇ ਸਮੇਂ ਤੋਂ ਬਿਮਾਰ ਰਹਿਣ ਕਰ ਕੇ ਗੋਆ 'ਚ ਸਿਆਸੀ ਗਤੀਵਿਧੀਆਂ 'ਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਗੋਆ ਕਾਂਗਰਸ ਦੇ ਦੋ ਵਿਧਾਇਕਾਂ ਨੇ ਮੰਗਲਵਾਰ ਨੂੰ ਸੂਬਾ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿਤਾ ਅਤੇ ਭਾਜਪਾ 'ਚ ਸ਼ਾਮਲ ਹੋ ਗਏ। ਵਿਧਾਨ ਸਭਾ ਸਪੀਕਰ ਪ੍ਰਮੋਦ ਸਾਵੰਤ ਨੇ ਇਹ ਜਾਣਕਾਰੀ ਦਿਤੀ। ਦੋ ਵਿਧਾਇਕਾਂ ਦਾ ਅਸਤੀਫ਼ਾ ਕਾਂਗਰਸ ਲਈ ਵੱਡਾ ਝਟਕਾ ਹੈ, ਕਿਉਂਕਿ ਹੁਣ 40 ਮੈਂਬਰੀ ਵਿਧਾਨ ਸਭਾ 'ਚ ਉਸ ਦੇ ਮੈਂਬਰਾਂ ਦੀ ਗਿਣਤੀ 16 ਤੋਂ ਘੱਟ ਕੇ 14 ਹੋ ਗਈ ਹੈ ਅਤੇ ਸੂਬੇ 'ਚ ਸੱਭ ਤੋਂ ਵੱਡੀ ਪਾਰਟੀ ਦਾ ਦਰਜਾ ਵੀ ਉਸ ਕੋਲੋਂ ਖੁੱਸ ਗਿਆ ਹੈ।

ਵਿਧਾਨ ਸਭਾ 'ਚ ਹੁਣ ਮੈਂਬਰਾਂ ਦੀ ਗਿਣਤੀ ਘੱਟ ਕੇ 38 ਹੋ ਗਈ ਹੈ। ਕਲ ਰਾਤ ਦਿੱਲੀ ਜਾਣ ਵਾਲੇ ਸੁਭਾਸ਼ ਸ਼ਿਰੋਡਕਰ ਅਤੇ ਦਿਆਨੰਦ ਸੋਪਤੇ ਨੇ ਵਿਧਾਨ ਸਭਾ ਪ੍ਰਧਾਨ ਪ੍ਰਮੋਦ ਸਾਵੰਤ ਨੂੰ ਅਪਣਾ ਅਸਤੀਫ਼ਾ ਫ਼ੈਕਸ ਕਰ ਦਿਤਾ। ਗੋਆ 'ਚ ਅਪਣੀ ਗਠਜੋੜ ਸਰਕਾਰ ਦੇ ਮਾਨੂੰਨੀ ਬਹੁਮਤ ਨੂੰ ਮਜ਼ਬੂਤ ਕਰਨ ਦੀਆਂ ਭਾਜਪਾ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਵਿਚਕਾਰ ਸੂਬਾ ਵਿਧਾਨ ਸਭਾ ਤੋਂ ਅਸਤੀਫ਼ਾ ਦੇਣ ਵਾਲੇ ਇਨ੍ਹਾਂ ਵਿਧਾਇਕਾਂ ਨੇ ਸ਼ਾਮ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ। ਭਾਜਪਾ ਸੂਤਰਾਂ ਅਨੁਸਾਰ ਵਿਰੋਧੀ ਧਿਰ ਦੇ ਕੁੱਝ ਹੋਰ ਵਿਧਾਇਕ ਵੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ।

ਗੋਆ ਦੇ ਮੁੱਖ ਮੰਤਰੀ ਪਰੀਕਰ ਬਿਮਾਰ ਹਨ ਜਿਸ ਕਰ ਕੇ ਭਾਜਪਾ ਦੇ ਕੁੱਝ ਸਹਿਯੋਗੀਆਂ ਵਿਚਕਾਰ ਬੇਚੈਨੀ ਦੀ ਸਥਿਤੀ ਹੈ। ਕਾਂਗਰਸ ਵੀ ਮੌਜੂਦ ਸਰਕਾਰ ਨੂੰ ਡੇਗ ਕੇ ਅਪਣੀ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ 'ਚ ਹੈ।  ਕਾਂਗਰਸ ਨੇ ਅੱਜ ਕਿਹਾ ਕਿ ਦੋ ਵਿਧਾਇਕਾਂ ਦੇ ਅਸਤੀਫ਼ੇ ਦੇ ਬਾਵਜੂਦ ਉਹ ਗੋਆ 'ਚ ਬਦਲਵੀਂ ਸਰਕਾਰ ਬਣਾਉਣ ਦੀ ਅਪਣੀ ਕੋਸ਼ਿਸ਼ ਜਾਰੀ ਰੱਖੇਗੀ। (ਪੀਟੀਆਈ)