ਪਹਾੜਾਂ 'ਚ ਪਈ ਬਰਫ, ਹਿਮਾਚਲ ਦਾ ਰੋਹਤਾਂਗ ਪਾਸ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਜ਼ ਬਰਫਬਾਰੀ ਹੋਣ ਨਾਲ ਪੀਰ ਪੰਜਾਲ ਵਿਚ ਸੜਕਾਂ ਅਤੇ ਪਹਾੜਾਂ ਤੇ ਸੁਫੈਦ ਚਾਦਰ ਵਿੱਛ ਗਈ ਹੈ। ਹਿਮਾਚਲ ਦਾ ਰੋਹਤਾਂਗ ਪਾਸ ਬਰਫਬਾਰੀ ਦੇ ਚਲਦਿਆਂ ਬੰਦ ਹੋ ਗਿਆ ਹੈ।

Fresh Snow Fall

ਸ਼੍ਰੀਨਗਰ /ਸ਼ਿਮਲਾ, ( ਪੀਟੀਆਈ ) : ਜੰਮੂ-ਕਸ਼ਮੀਰ ਅਤੇ ਹਿਮਾਚਲ ਵਿਚ ਤੇਜ਼ ਬਰਫਬਾਰੀ ਹੋਣ ਨਾਲ ਪੀਰ ਪੰਜਾਲ ਵਿਚ ਸੜਕਾਂ ਅਤੇ ਪਹਾੜਾਂ ਤੇ ਸੁਫੈਦ ਚਾਦਰ ਵਿੱਛ ਗਈ ਹੈ। ਹਿਮਾਚਲ ਦਾ ਰੋਹਤਾਂਗ ਪਾਸ ਬਰਫਬਾਰੀ ਦੇ ਚਲਦਿਆਂ ਬੰਦ ਹੋ ਗਿਆ ਹੈ। ਪੀਰ ਪੰਜਾਲ ਵਿਚ ਸਵੇਰੇ ਹੋਈ ਬਰਫਬਾਰੀ ਨਾਲ ਪੂਰਾ ਇਲਾਕਾ ਸੁਫੈਦ ਹੋ ਗਿਆ ਹੈ। ਇਥੋਂ ਦੀ ਲੰਘਣ ਵਾਲੇ ਯਾਤਰੀਆਂ ਨੇ ਰੁਕ ਕੇ ਇਸ ਖੁਬਸੂਰਤ ਨਜ਼ਾਰੇ ਦਾ ਆਨੰਦ ਮਾਣਿਆ। ਦੱਸ ਦਈਏ ਕਿ ਲਾਹੌਲ ਨੂੰ ਕੁੱਲੂ ਨਾਲ ਜੋੜਨ ਵਾਲਾ ਰੋਹਤਾਂਗ ਪਾਸ ਅੱਧੇ ਫੁੱਟ ਦੀ ਬਰਫ ਦੀ ਮੋਟੀ ਚੱਦਰ ਨਾਲ ਢੱਕ ਹੋ ਗਿਆ ਹੈ।

ਰੋਹਤਾਂਗ ਪਾਸ ਵਿਚ ਬਰਫਬਾਰੀ ਹੋਣ ਨਾਲ ਪਾਸ ਨੂੰ ਬੰਦ ਕਰ ਦਿਤਾ ਗਿਆ ਹੈ। ਮਨਾਲੀ ਕੇਲਾਂਗ ਰਾਹ ਤੇ ਵੀ ਵਾਹਨਾਂ ਦੇ ਚੱਕੇ ਜਾਮ ਹੋ ਗਏ ਹਨ। ਜ਼ਿਲ੍ਹਾ ਹੈਡਕੁਆਟਰ ਕੇਲਾਂਗ ਵਿਖੇ ਵੀ ਸਵੇਰ ਤੋਂ ਹੀ ਬਰਫਬਾਰੀ ਹੋ ਰਹੀ ਹੈ। ਇਥੇ ਹੁਣ ਤੱਕ ਦੋ ਇੰਚ ਤੋਂ ਵੱਧ ਬਰਫਬਾਰੀ ਹੋ ਚੁੱਕੀ ਹੈ। ਬਰਫਬਾਰੀ ਨੂੰ ਦੇਖਦੇ ਹੋਏ ਲਾਹੌਲ ਘਾਟੀ ਦੀ ਬੱਸ ਸੇਵਾ ਨੂੰ ਬੰਦ ਕਰ ਦਿਤਾ ਗਿਆ ਹੈ। ਰਾਹਨੀਨਾਲਾ ਵਿਖੇ 4 ਇੰਚ, ਮੜੀ ਵਿਕੇ 3 ਇੰਚ, ਬਿਆਸਨਾਲ, ਚੁਬੰਕ ਮੋੜ, ਰਾਹਲਾਫਾਲ, ਫਾਤਰੂ ਅਤੇ ਗੁਲਾਬਾ ਵਿਖੇ 2 ਇੰਚ ਤੋਂ ਵੱਧ ਬਰਫਬਾਰੀ ਹੋਈ ਹੈ। ਮਨਾਲੀ ਘਾਟੀ ਵਿਚ ਮੀਂਹ ਵੀ ਸ਼ੁਰੂ ਹੋ ਗਿਆ ਹੈ।

ਪਹਾੜਾਂ ਵਿਚ ਬਰਫਬਾਰੀ ਅਤੇ ਘਾਟੀ ਵਿਚ ਮੀਂਹ ਪੈਣ ਨਾਲ ਠੰਡ ਵੀ ਵੱਧ ਗਈ ਹੈ। ਲਾਹੌਲ ਦੇ ਕੋਕਸਰ, ਸਿਸੂ, ਗੋਂਦਲਾ, ਦਾਲਗ, ਮੁਲਿੰਗ, ਤਾਂਦੀ ਅਤੇ ਗੌਸ਼ਾਲ ਵਿਖੇ 2 ਤੋਂ 3 ਇੰਚ ਤੱਕ ਦੀ ਬਰਫਬਾਰੀ ਹੋ ਚੁੱਕੀ ਹੈ। ਲਾਹੌਲ ਦੇ ਦਾਰਚਾ, ਜਿਸਪਾ, ਨੇਨਗਾਰ, ਗਵਾੜੀ, ਚੌਖੰਗ ਵਿਚ 3 ਇੰਚ ਤੱਕ ਬਰਫ ਪਈ ਹੈ। ਇਸ ਦੇ ਨਾਲ ਹੀ ਲਾਹੌਲ ਦੀ ਪਟਨ, ਚੰਦਰਾ, ਗਾਹਰ ਅਤੇ ਤੌਤ ਵੈਲੀ ਵੀ ਬਰਫ ਨਾਲ ਢੱਕ ਗਈ ਹੈ। ਬਰਫਬਾਰੀ ਹੋਣ ਨਾਲ ਹਜ਼ਾਰਾਂ ਵਾਹਨ ਲਾਹੌਲ ਘਾਟੀ ਵਿਚ ਫਸ ਗਏ ਹਨ। ਬਾਰਾਲਾਚਾ ਪਾਸ ਵਿਖੇ ਮਨਾਲੀ ਲੇਹ ਰਾਹ ਤੇ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੇ ਸੈਲਾਨੀਆਂ ਲਈ ਰੋਹਤਾਂਗ ਪਾਸ ਨੂੰ ਬੰਦ ਕਰ ਦਿੱਤਾ ਹੈ ਅਤੇ ਸੈਲਾਨੀਆਂ ਦੇ ਵਾਹਨਾਂ ਨੂੰ ਗੁਲਾਬਾ ਵੇਰਿਅਰ ਵਿਖੇ ਰੋਕ ਲਿਆ ਗਿਆ ਹੈ। ਹੋਟਲ ਐਸੋਸੀਏਸ਼ਨ ਦੇ ਮੁਖੀ ਅਨੂਪ ਠਾਕੁਰ ਨੇ ਕਿਹਾ ਕਿ ਪਹਾੜਾਂ ਤੇ ਹੋ ਰਹੀ ਬਰਫਬਾਰੀ ਨਾਲ ਦੀਵਾਲੀ ਦੌਰਾਨ ਸੈਲਾਨੀਆਂ ਦੀ ਆਮਦ ਵੱਧ ਸਕਦੀ ਹੈ। ਐਚਆਰਟੀਸੀ ਦੇ ਆਰਐਮ ਮੰਗਲ ਚੰਦ ਮਨੇਪਾ ਨੇ ਦੱਸਿਆ ਕਿ ਬਰਫਬਾਰੀ ਹੁੰਦੀ ਦੇਖ ਲਾਹੌਲ ਘਾਟੀ ਵਿਚ ਬੱਸ ਸੇਵਾ ਬੰਦ ਕਰ ਦਿਤੀ ਗਈ ਹੈ, ਬੱਸਾਂ ਨੂੰ ਮਨਾਲੀ ਵਿਖੇ ਰੋਕ ਲਿਆ ਗਿਆ ਹੈ। ਮਨਾਲੀ ਐਸਡੀਐਮ ਰਮਨ ਘਰਸੰਗੀ ਨੇ ਦੱਸਿਆ ਕਿ ਰੋਹਤਾਂਗ ਵਿਚ ਸੈਲਾਨੀਆਂ ਦੀ ਆਮਦ ਮੌਸਮ ਤੇ ਨਿਰਭਰ ਰਹੇਗੀ।