ਦਿੱਲੀ ਦੀ ਵਿਧਵਾ ਕਾਲੋਨੀ ਜਿੱਥੇ ਸਾਡੀਆਂ ਬੀਬੀਆਂ ਅੱਜ ਵੀ 1984 ਦਾ ਇਨਸਾਫ਼ ਉਡੀਕ ਰਹੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਜ਼ੁਰਗ ਮਾਤਾ ਦਾ ਦਰਦ ਸੁਣ ਕੇ ਵਲੂੰਧਰ ਜਾਵੇਗਾ ਤੁਹਾਡਾ ਹਿਰਦਾ

Women in Delhi's Widow Colony

ਨਵੀਂ ਦਿੱਲੀ (ਹਰਜੀਤ ਕੌਰ): 1984 ਸਿੱਖ ਕਤਲੇਆਮ ਦਾ ਖੌਫਨਾਕ ਮੰਜ਼ਰ ਯਾਦ ਕਰਕੇ ਅੱਜ ਵੀ ਹਰੇਕ ਦੀ ਰੂਹ ਕੰਬ ਉੱਠਦੀ ਹੈ। ਇਸ ਭਿਆਨਕ ਕਤਲੇਆਮ ਵਿਚ ਸਿੱਖਾਂ ’ਤੇ ਭਾਰੀ ਤਸ਼ੱਦਦ ਕੀਤਾ ਗਿਆ। ਇਸ ਦੌਰਾਨ ਕਈ ਬੀਬੀਆਂ ਵਿਧਵਾ ਹੋ ਗਈਆਂ ਤੇ ਕਈ ਬੱਚਿਆਂ ਦੇ ਸਿਰੋਂ ਮਾਪਿਆਂ ਦਾ ਸਾਇਆ ਉੱਠ ਗਿਆ।1984 ਪੀੜਤ ਵਿਧਵਾ ਔਰਤਾਂ ਦੀ ਦਿੱਲੀ ਦੇ ਤਿਲਕਵਿਹਾਰ ਵਿਖੇ ਸਥਿਤ ਕਲੋਨੀ ਵਿਚ ਰੋਜ਼ਾਨਾ ਸਪੋਕਸਮੈਨ ਵਲੋਂ ਬੀਬੀਆਂ ਨਾਲ ਗੱਲਬਾਤ ਕੀਤੀ ਗਈ।

ਬੀਬੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਨਵੰਬਰ ਮਹੀਨਾ ਆਉਂਦਾ ਹੈ ਤਾਂ ਉਹਨਾਂ ਨੂੰ ਇਸ ਮਹੀਨੇ ਰੋਟੀ ਵੀ ਚੰਗੀ ਨਹੀਂ ਲੱਗਦੀ। ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਦੀ ਯਾਦ ਵਿਚ ਸਾਰੇ ਕੰਮ ਛੁੱਟ ਜਾਂਦੇ ਹਨ। ਇੱਥੇ ਰਹਿ ਰਹੇ ਇਕ ਬੀਬੀ ਨਾਨਕੀ ਕੌਰ ਨੇ ਦੱਸਿਆ ਕਿ ਉਹਨਾਂ ਦੇ ਪੰਜ ਬੱਚੇ ਸਨ, ਜਿਨ੍ਹਾਂ ਵਿਚੋਂ ਇਕ ਦੀ ਮੌਤ 1984 ਵੇਲੇ ਹੋਈ ਸੀ। ਇਸ ਤੋਂ ਇਲਾਵਾ 1984 ਕਤਲੇਆਮ ਵਿਚ ਉਹਨਾਂ ਦੇ ਪਤੀ, ਭਰਾ ਅਤੇ ਤਿੰਨ ਦਿਓਰਾਂ ਦੀ ਵੀ ਮੌਤ ਹੋਈ ਸੀ। ਇਸ ਦੌਰਾਨ ਹਾਲਾਤ ਇੰਨੇ ਭਿਆਨਕ ਸਨ ਕਿ ਕਈ ਲੋਕ ਪਾਣੀ ਲਈ ਵੀ ਤਰਸਦੇ ਰਹੇ। ਸਰਦਾਰਾਂ ਨੂੰ ਘਰੋਂ ਕੱਢ-ਕੱਢ ਕੇ ਬੇਰਹਿਮੀ ਨਾਲ ਮਾਰਿਆ ਗਿਆ।

ਉਹਨਾਂ ਦੱਸਿਆ ਕਿ ਉਹਨਾਂ ਦੀਆਂ ਅੱਖਾਂ ਸਾਹਮਣੇ ਸਿੱਖਾਂ ’ਤੇ ਮਿੱਟੀ ਦਾ ਤੇਲ ਪਾ ਕੇ ਉਹਨਾਂ ਨੂੰ ਸਾੜ ਦਿੱਤਾ ਗਿਆ। ਘਰ ਵਿਚ ਵੀ ਕਾਫੀ ਭੰਨਤੋੜ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ। ਹੁਣ ਉਹਨਾਂ ਦੇ ਚਾਰ ਬੱਚੇ ਹਨ। ਬੀਬੀ ਨਾਨਕੀ ਕੌਰ ਨੇ ਦੱਸਿਆ ਕਿ ਉਹਨਾਂ ਨੇ ਬੋਰੀਆਂ ਚੁੱਕ-ਚੁੱਕ ਕੇ ਬਹੁਤ ਮੁਸ਼ਕਿਲ ਨਾਲ ਅਪਣੇ ਬੱਚਿਆਂ ਨੂੰ ਪਾਲਿਆ। ਇਸ ਤੋਂ ਇਲਾਵਾ ਦਿਹਾੜੀ ’ਤੇ ਕੰਮ ਕਰਕੇ ਘਰ ਦਾ ਗੁਜ਼ਾਰਾ ਕੀਤਾ।

ਉਹਨਾਂ ਨੇ ਅਪਣੇ ਬੱਚਿਆਂ ਨੂੰ ਪਾਲਣ ਲਈ ਕਈ ਕੰਮ ਕੀਤੇ। ਅੱਜ ਉਹਨਾਂ ਦੇ ਇਕ ਲੜਕੇ ਦੀ ਚਾਹ ਦੀ ਦੁਕਾਨ ਹੈ ਅਤੇ ਇਕ ਕਿਰਾਏ ’ਤੇ ਰਿਕਸ਼ਾ ਚਲਾਉਂਦਾ ਹੈ। ਗੱਲਬਾਤ ਦੌਰਾਨ ਬੀਬੀ ਨੇ ਦੱਸਿਆ ਕਿ ਜੋ ਉਹਨਾਂ ਨੂੰ ਵਿੱਤੀ ਮਦਦ ਦਿੱਤੀ ਗਈ, ਉਸ ਨਾਲ ਘਰ ਬਣਾਇਆ ਗਿਆ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਗਿਆ। ਬੀਬੀ ਨਾਨਕੀ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੇ ਕਦੀ ਇਨਸਾਫ ਦੀ ਮੰਗ ਨਹੀਂ ਕੀਤੀ ਕਿਉਂਕਿ ਉਹਨਾਂ ਦੇ ਮਨ ਵੀ ਅੱਜ ਵੀ ਡਰ ਹੈ ਕਿ ਉਹਨਾਂ ਦੇ ਦੂਜੇ ਪੁੱਤਰਾਂ ਨੂੰ ਨਾ ਮਾਰ ਦਿੱਤਾ ਜਾਵੇ।