ਭਾਰਤੀ ਕੰਪਨੀਆਂ ਨਾਲ ਸਾਂਝੇਦਾਰੀ ਤਹਿਤ ਚੀਨੀ ਕੰਪਨੀਆਂ ਨੂੰ ਭਾਰਤ 'ਚ ਵਪਾਰ ਦੀ ਮਿਲ ਸਕਦੀ ਹੈ ਇਜਾਜ਼ਤ
ਇਲੈਕਟ੍ਰਾਨਿਕਸ 'ਚ ਹੋ ਸਕਦੇ ਹਨ 'ਹਿੰਦੀ ਚੀਨੀ ਭਾਈ ਭਾਈ'
ਨਵੀਂ ਦਿੱਲੀ - ਇੱਕ ਰਿਪੋਰਟ ਅਨੁਸਾਰ ਭਾਰਤ ਸਰਕਾਰ ਭਾਰਤ ਦੇ ਉੱਚ-ਤਕਨੀਕੀ ਇਲੈਕਟ੍ਰੋਨਿਕਸ ਸੈਕਟਰ ਵਿੱਚ ਚੀਨੀ ਕੰਪਨੀਆਂ ਨੂੰ ਦਾਖਲ ਹੋਣ ਦੀ ਇਜਾਜ਼ਤ ਦੇਣ ਲਈ ਤਿਆਰ ਹੈ, ਜੇਕਰ ਉਹ ਸਥਾਨਕ ਕੰਪਨੀਆਂ ਨਾਲ ਸਾਂਝੇਦਾਰੀ ਵਿੱਚ ਨਿਰਮਾਣ ਪਲਾਂਟ ਸਥਾਪਤ ਕਰਨ।
ਭਾਰਤੀ ਭਾਈਵਾਲ ਵੱਲੋਂ ਜ਼ਿਆਦਾ ਹਿੱਸੇਦਾਰੀ ਅਤੇ ਕੰਪਨੀ ਬੋਰਡ ਦਾ ਪ੍ਰਬੰਧਨ ਨੂੰ ਨਿਯੰਤਰਿਤ ਰੱਖੇ ਜਾਣ ਤਹਿਤ ਇੱਕ ਸੰਯੁਕਤ ਉੱਦਮ (joint venture) ਪ੍ਰਸਤਾਵ ਨੂੰ ਮਨਜ਼ੂਰੀ ਦਿੱਤੇ ਜਾ ਸਕਣ ਬਾਰੇ ਕਿਹਾ ਜਾ ਰਿਹਾ ਹੈ। ਹਾਲਾਂਕਿ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਫ਼ਿਲਹਾਲ ਇਨ੍ਹਾਂ ਸ਼ਰਤਾਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ।
ਕਿਹਾ ਗਿਆ ਹੈ ਕਿ ਸਰਕਾਰ 50 ਤੋਂ 60 ਭਾਰਤੀ ਕੰਪਨੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਨਾ ਸਿਰਫ਼ ਚੀਨੀ ਕੰਪਨੀਆਂ ਨਾਲ ਸਗੋਂ ਦੱਖਣੀ ਕੋਰੀਆ, ਤਾਈਵਾਨ ਅਤੇ ਵੀਅਤਨਾਮ ਦੀਆਂ ਕੰਪਨੀਆਂ ਨਾਲ ਵੀ ਸਾਂਝੇ ਉੱਦਮ ਕਰਨਾ ਚਾਹੁੰਦੀਆਂ ਹੋਣ। 2020 ਵਿੱਚ ਹੋਏ ਸਰਹੱਦੀ ਵਿਵਾਦ ਤੋਂ ਬਾਅਦ ਚੀਨ ਦੀਆਂ ਕੰਪਨੀਆਂ ਨੂੰ ਭਾਰਤ 'ਚ ਕਾਰੋਬਾਰ ਕਰਨ ਲਈ ਬਹੁਤ ਸੰਘਰਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।