ਚੀਨ ਵੱਲੋਂ ਮੂੰਹ ਰਾਹੀਂ ਲਈ ਜਾਣ ਵਾਲੀ ਕੋਰੋਨਾ ਵੈਕਸੀਨ ਦੀ ਸ਼ੁਰੂਆਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਹ ਟੀਕਾ ਮੂੰਹ ਰਾਹੀਂ ਲਿਆ ਜਾਂਦਾ ਹੈ ਅਤੇ ਪਹਿਲਾਂ ਹੀ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਬੂਸਟਰ ਡੋਜ਼ ਵਜੋਂ ਮੁਫਤ ਦਿੱਤਾ ਜਾ ਰਿਹਾ ਹੈ।

China launches a Covid-19 vaccine inhaled through the mouth

 

ਬੀਜਿੰਗ - ਬੁੱਧਵਾਰ 26 ਅਕਤੂਬਰ ਨੂੰ ਚੀਨ ਦੇ ਸ਼ਹਿਰ ਸ਼ੰਘਾਈ ਵਿੱਚ ਮੂੰਹ ਦੇ ਰਾਹੀਂ ਸਾਹ ਭਰ ਕੇ ਲਏ ਜਾਣ ਵਾਲੇ 'ਸੂਈ-ਮੁਕਤ' ਟੀਕੇ ਦੀ ਸ਼ੁਰੂਆਤ ਕੀਤੀ ਗਈ, ਜਿਹੜਾ ਕਿ ਆਪਣੀ ਕਿਸਮ ਦਾ ਦੁਨੀਆ ਦਾ ਪਹਿਲਾ ਕੋਵਿਡ ਵਿਰੋਧੀ ਟੀਕਾ ਹੈ। ਇੱਕ ਅਧਿਕਾਰਤ ਸੋਸ਼ਲ ਮੀਡੀਆ ਐਕਾਉਂਟ 'ਤੇ ਪੋਸਟ ਕੀਤੀ ਗਈ ਇੱਕ ਘੋਸ਼ਣਾ ਅਨੁਸਾਰ, ਇਹ ਟੀਕਾ ਮੂੰਹ ਰਾਹੀਂ ਲਿਆ ਜਾਂਦਾ ਹੈ ਅਤੇ ਪਹਿਲਾਂ ਹੀ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਬੂਸਟਰ ਡੋਜ਼ ਵਜੋਂ ਮੁਫਤ ਦਿੱਤਾ ਜਾ ਰਿਹਾ ਹੈ।

'ਸੂਈ ਮੁਕਤ ਟੀਕੇ' ਵਾਸਤੇ ਉਨ੍ਹਾਂ ਲੋਕਾਂ ਨੂੰ ਪ੍ਰੇਰਿਆ ਜਾ ਸਕਦਾ ਹੈ ਜੋ ਸੂਈ ਵਾਲਾ ਟੀਕਾ ਲਗਵਾਉਣਾ ਪਸੰਦ ਨਹੀਂ ਕਰਦੇ। ਇਸ ਨਾਲ ਗ਼ਰੀਬ ਦੇਸ਼ਾਂ ਵਿੱਚ ਟੀਕਾਕਰਨ ਦਾ ਘੇਰਾ ਵਧਾਉਣ ਵਿੱਚ ਵੀ ਮਦਦ ਮਿਲੇਗੀ। ਚੀਨ ਚਾਹੁੰਦਾ ਹੈ ਕਿ ਕੋਵਿਡ -19 ਮਹਾਮਾਰੀ 'ਤੇ ਪਾਬੰਦੀਆਂ 'ਚ ਢਿੱਲ ਦਿੱਤੇ ਜਾਣ ਤੋਂ ਪਹਿਲਾਂ ਇਸ ਦੇ ਵੱਧ ਤੋਂ ਵੱਧ ਨਾਗਰਿਕਾਂ ਨੂੰ ਟੀਕੇ ਦੀ ਬੂਸਟਰ ਖ਼ੁਰਾਕ ਲੱਗ ਜਾਵੇ। ਇਸ ਮਹਾਂਮਾਰੀ ਕਾਰਨ ਚੀਨ ਦੀ ਅਰਥਵਿਵਸਥਾ ਠੱਪ ਹੋ ਗਈ ਹੈ, ਅਤੇ ਉਹ ਬਾਕੀ ਦੁਨੀਆ ਨਾਲ ਤਾਲਮੇਲ ਰੱਖਣ ਵਿੱਚ ਸਹਿਜ ਮਹਿਸੂਸ ਨਹੀਂ ਕਰ ਰਿਹਾ।

ਚੀਨ ਦੇ ਸਰਕਾਰੀ ਆਨਲਾਈਨ ਮੀਡੀਆ ਆਉਟਲੇਟ ਵੱਲੋਂ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਲੋਕ ਇੱਕ ਕਮਿਊਨਿਟੀ ਹੈਲਥ ਸੈਂਟਰ ਵਿੱਚ ਇੱਕ ਪਾਰਦਰਸ਼ੀ ਚਿੱਟੇ ਕੱਪ ਦੀ ਛੋਟੀ ਨੋਜ਼ਲ ਨੂੰ ਆਪਣੇ ਮੂੰਹ ਨਾਲ ਚਿਪਕਾਈ ਬੈਠੇ ਦਿਖਾਈ ਦਿੰਦੇ ਹਨ। ਨਾਲ ਵਿਸ਼ਾ-ਵਸਤੂ ਵਿੱਚ ਲਿਖਿਆ ਗਿਆ ਹੈ ਕਿ ਹੌਲੀ-ਹੌਲੀ ਸਾਹ ਲੈਣ ਤੋਂ ਬਾਅਦ ਇੱਕ ਵਿਅਕਤੀ ਨੇ ਪੰਜ ਸੈਕਿੰਡ ਤੱਕ ਸਾਹ ਰੋਕਿਆ, ਅਤੇ ਸਾਰੀ ਪ੍ਰਕਿਰਿਆ 20 ਸਕਿੰਟਾਂ ਵਿੱਚ ਪੂਰੀ ਹੋ ਗਈ।

ਇੱਕ ਸ਼ੰਘਾਈ ਨਿਵਾਸੀ ਨੇ ਵੀਡੀਓ ਵਿੱਚ ਕਿਹਾ, “ਇਹ ਇੱਕ ਕੱਪ ਦੁੱਧ ਦੀ ਚਾਹ ਪੀਣ ਵਰਗਾ ਸੀ। ਜਦੋਂ ਮੈਂ ਇਸ 'ਚ ਸਾਹ ਲਿਆ, ਤਾਂ ਇਸਦਾ ਸੁਆਦ ਕੁਝ ਮਿੱਠਾ ਜਿਹਾ ਸੀ।" ਇੱਕ ਮਾਹਿਰ ਨੇ ਕਿਹਾ ਕਿ ਮੂੰਹ ਰਾਹੀਂ ਲਿਆ ਗਿਆ ਟੀਕਾ ਵੀ ਸਾਹ ਪ੍ਰਣਾਲੀ ਦੇ ਬਾਕੀ ਹਿੱਸੇ ਤੱਕ ਪਹੁੰਚਣ ਤੋਂ ਪਹਿਲਾਂ ਵਾਇਰਸ ਨੂੰ ਰੋਕ ਸਕਦਾ ਹੈ, ਹਾਲਾਂਕਿ ਇਹ ਬੂੰਦਾਂ ਦੇ ਆਕਾਰ 'ਤੇ ਨਿਰਭਰ ਕਰੇਗਾ। ਭਾਰਤ ਦੇ ਇੱਕ ਇਮਯੂਨੋਲੋਜਿਸਟ ਡਾ. ਵਿਨੀਤਾ ਬਲ ਨੇ ਕਿਹਾ ਕਿ ਵੱਡੀਆਂ ਬੂੰਦਾਂ ਮੂੰਹ ਅਤੇ ਗਲੇ ਦੇ ਹਿੱਸਿਆਂ ਨੂੰ ਪ੍ਰਤੀਰੋਧਕ ਸ਼ਕਤੀ ਪ੍ਰਦਾਨ ਕਰਨਗੀਆਂ, ਜਦੋਂ ਕਿ ਛੋਟੀਆਂ ਬੂੰਦਾਂ ਸਰੀਰ ਵਿੱਚ ਅੱਗੇ ਜਾਣਗੀਆਂ।

ਚੀਨ ਵਿਖੇ ਵੈਕਸੀਨ ਨੂੰ ਬੂਸਟਰ ਵਜੋਂ ਵਰਤਣ ਦੀ ਮਨਜ਼ੂਰੀ ਸਤੰਬਰ ਵਿੱਚ ਦਿੱਤੀ ਸੀ। ਇਸਨੂੰ ਚੀਨੀ ਬਾਇਓਫ਼ਾਰਮਾਸਿਊਟੀਕਲ ਕੰਪਨੀ 'ਕੈਨਸੀਨੋ ਬਾਇਓਲੋਜਿਕਸ ਇੰਕ'. ਦੁਆਰਾ ਵਿਕਸਤ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਅਜਿਹੀ ਵੈਕਸੀਨ ਚੀਨ, ਹੰਗਰੀ, ਪਾਕਿਸਤਾਨ, ਮਲੇਸ਼ੀਆ, ਅਰਜਨਟੀਨਾ ਅਤੇ ਮੈਕਸੀਕੋ ਵਿੱਚ ਕਲੀਨਿਕਲ ਅਜ਼ਮਾਇਸ਼ਾਂ ਵਿੱਚੋਂ ਲੰਘ ਚੁੱਕੀ ਹੈ।