ਮੈਂ ਚੋਰਾਂ ਤੋਂ ਡਰਨ ਵਾਲਾ ਨਹੀਂ, ਵਿਜੇਵਰਗੀਯ ਦਾ ਮਮਤਾ ਦੇ ਭਤੀਜੇ 'ਤੇ ਪਲਟਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਨਹਾਨੀ ਦੇ ਨੋਟਿਸ 'ਤੇ ਵਿਜੇਵਰਗੀਯ ਨੇ ਕਿਹਾ ਕਿ ਮੈਂ ਚੋਰਾਂ ਤੋਂ ਡਰਨ ਵਾਲਾ ਨਹੀਂ ਹਾਂ। ਹਰ ਕੋਈ ਜਾਣਦਾ ਹੈ ਕਿ ਉਹ ਬੰਗਾਲ ਵਿਚ ਕੀ ਕਰ ਰਹੇ ਹਨ।

Kailash Vijayvargiya

ਕੋਲਕਾਤਾ , ( ਭਾਸ਼ਾ ) : ਭਾਜਪਾ ਦੇ ਰਾਸ਼ਟਰੀ ਮਹਾਸਕੱਤਰ ਕੈਲਾਸ਼ ਵਿਜੇਵਰਗੀਯ ਨੇ ਉਨ੍ਹਾਂ ਨੂੰ ਭੇਜੇ ਗਏ ਮਾਨਹਾਨੀ ਦੇ ਨੋਟਿਸ 'ਤੇ ਬਿਆਨ ਦਿਤਾ ਹੈ। ਟੀਐਮਸੀ ਐਮਪੀ ਅਭਿਸ਼ੇਕ ਬੈਨਰਜੀ ਵੱਲੋਂ ਉਨ੍ਹਾਂ ਨੂੰ ਭੇਜੇ ਗਏ ਮਾਨਹਾਨੀ ਦੇ ਨੋਟਿਸ 'ਤੇ ਵਿਜੇਵਰਗੀਯ ਨੇ ਕਿਹਾ ਕਿ ਮੈਂ ਚੋਰਾਂ ਤੋਂ ਡਰਨ ਵਾਲਾ ਨਹੀਂ ਹਾਂ। ਹਰ ਕੋਈ ਜਾਣਦਾ ਹੈ ਕਿ ਉਹ ਬੰਗਾਲ ਵਿਚ ਕੀ ਕਰ ਰਹੇ ਹਨ। ਹਰ ਗ਼ੈਰ ਕਾਨੂੰਨੀ ਗਤੀਵਿਧੀ ਉਨ੍ਹਾਂ ਦੇ ਨਾਲ ਜੁੜੀ ਹੋਈ ਹੈ।

ਉਨ੍ਹਾਂ ਕਿਹਾ ਕਿ ਮੈਂ ਮਾਫੀ ਨਹੀਂ ਮੰਗਾਂਗਾ। ਇਹ ਲੋਕ ਛੇਤੀ ਹੀ ਜੇਲ ਜਾਣਗੇ। ਦੱਸ ਦਈਏ ਕਿ ਮਮਤਾ ਬੈਨਰਜੀ ਦੇ ਭਤੀਜੇ ਐਮਪੀ ਅਭਿਸ਼ੇਕ ਬੈਨਰਜੀ ਨੇ ਕੈਲਾਸ਼ ਵਿਜੇਵਰਗੀਯ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ ਕੈਲਾਸ਼ ਵਿਜੇਵਰਗੀਯ ਵੱਲੋਂ ਨਦੀਆ ਜਿਲ੍ਹੇ ਦੇ ਸ਼ਾਂਤੀਪੁਰ ਇਲਾਕੇ ਵਿਚ ਕੀਤੀ ਗਈ ਉਸ ਟਿੱਪਣੀ ਨੂੰ ਲੈ ਕੇ ਹੈ ਜਿਸ ਵਿਚ ਵਿਜੇਵਰਗੀਯ ਨੇ ਕਿਹਾ ਸੀ ਕਿ ਸਰਕਾਰੀ ਸ਼ਰਾਬ ਵਿਕਰੀ ਦਾ ਪੈਸਾ ਮਮਤਾ ਬੈਨਰਜੀ ਕੋਲ ਜਾਂਦਾ ਹੈ

ਅਤੇ ਗ਼ੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਵਿਕਰੀ ਦਾ ਪੈਸਾ ਅਭਿਸ਼ੇਕ ਬੈਨਰਜੀ ਦੇ ਘਰ ਜਾਂਦਾ ਹੈ। ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਮਰਨ ਵਾਲਿਆਂ ਦੇ ਪੀੜਤ ਪਰਵਾਰਾਂ ਨੂੰ ਹੌਂਸਲਾ ਦੇਣ ਪੁੱਜੇ ਵਿਜੇਵਰਗੀਯ ਨੇ ਕਿਹਾ ਸੀ ਕਿ ਇਸ ਮਾਮਲੇ ਦੀ ਜਿੰਮ੍ਹੇਵਾਰੀ ਉਨ੍ਹਾਂ ਨੂੰ ਹੀ ਲੈਣ ਪਵੇਗੀ। ਉਥੇ ਹੀ ਅਭਿਸ਼ੇਕ ਨੇ ਕਾਨੂੰਨੀ ਨੋਟਿਸ ਰਾਹੀ ਵਿਜੇਵਰਗੀਯ ਨੂੰ ਮਾਫੀ ਮੰਗਣ ਲਈ 72 ਘੰਟੇ ਦਾ ਸਮਾਂ ਦਿਤਾ ਸੀ। ਮਾਫੀ ਨਾ ਮੰਗਣ ਤੇ ਉਨ੍ਹਾਂ ਨੇ ਵਿਜੇਵਰਗੀਯ ਵਿਰੁਧ ਫ਼ੌਜਦਾਰੀ ਮਾਮਲਾ ਦਾਖਲ ਕਰਨ ਦੀ ਚਿਤਾਵਨੀ ਦਿਤੀ ਹੈ।