ਈਵੀਐਮ ਦੇ ਸਟ੍ਰੋਂਗ ਰੂਮ ਵਿਚਲੇ ਸੀਸੀਟੀਵੀ ਕੈਮਰੇ ਬਿਜਲੀ ਜਾਣ ਨਾਲ ਹੋਏ ਸੀ ਬੰਦ : ਚੋਣ ਆਯੋਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੋਟਾਂ ਖਤਮ ਹੋਣ ਤੋਂ ਬਾਅਦ ਭੋਪਾਲ ਦੇ ਜਿਸ ਸਟ੍ਰੋਂਗ ਰੂਮ ਵਿਚ ਈਵੀਐਮ ਰੱਖੀਆਂ ਗਈਆਂ ਸਨ, ਉੇਥੇ ਅਚਾਨਕ ਬਿਜਲੀ ਚਲੇ ਜਾਣ ਨਾਲ ਸੀਸੀਟੀਵੀ ਕੈਮਰਾ ਇਕ ਘੰਟੇ ਤੱਕ ਬੰਦ ਰਹੇ।

EVM tampering in MP

ਨਵੀਂ ਦਿੱਲੀ, ( ਪੀਟੀਆਈ ) : ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਈਵੀਐਮ  ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਚੋਣ ਆਯੋਗ ਨੇ ਇਹ ਸਵੀਕਾਰ ਕੀਤਾ ਹੈ ਕਿ ਵੋਟਾਂ ਖਤਮ ਹੋਣ ਤੋਂ ਬਾਅਦ ਭੋਪਾਲ ਦੇ ਜਿਸ ਸਟ੍ਰੋਂਗ ਰੂਮ ਵਿਚ ਈਵੀਐਮ ਰੱਖੀਆਂ ਗਈਆਂ ਸਨ, ਬੀਤੇ ਸ਼ੁਕਰਵਾਰ ਉੇਥੇ ਅਚਾਨਕ ਬਿਜਲੀ ਚਲੇ ਜਾਣ ਨਾਲ ਸੀਸੀਟੀਵੀ ਕੈਮਰਾ ਇਕ ਘੰਟੇ ਤੱਕ ਬੰਦ ਰਹੇ। ਕਾਂਗਰਸ ਨੇ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਚੋਣਾਂ ਦੌਰਾਨ ਈਵੀਐਮ ਵਿਚ ਛੇੜਛਾੜ ਦਾ ਦੋਸ਼ ਲਗਾਇਆ ਹੈ। ਆਯੋਗ ਨੇ ਇਹ ਵੀ ਕਿਹਾ ਹੈ

ਕਿ ਮੱਧ ਪ੍ਰਦੇਸ਼ ਦੇ ਸਾਗਰ ਵਿਚ ਵੋਟਾਂ ਖਤਮ ਹੋਣ ਤੋਂ ਬਾਅਦ ਈਵੀਐਮ ਨੂੰ ਜਮ੍ਹਾ ਕਰਨ ਦੇ ਮਾਮਲੇ ਵਿਚ ਇਕ ਅਧਿਕਾਰੀ ਵਿਰੁਧ ਕਾਰਵਾਈ ਕੀਤੀ ਗਈ ਹੈ। ਦੋਸ਼ ਹੈ ਕਿ ਅਧਿਕਾਰੀ ਨੇ ਵੋਟਿੰਗ ਤੋਂ ਦੋ ਦਿਨ ਬਾਅਦ ਈਵੀਐਮ ਜਮ੍ਹਾ ਕਰ ਰੱਖੀਆਂ ਸਨ। ਚੋਣ ਆਯੋਗ ਨੇ ਕਿਹਾ ਕਿ ਭੋਪਾਲ ਕਲੈਕਟਰ ਦੀ ਰੀਪੋਰਟ ਦੱਸਦੀ ਹੈ ਕਿ 30 ਨਵੰਬਰ ਨੂੰ ਬਿਜਣੀ ਚਲੇ ਜਾਣ ਨਾਲ ਸਟ੍ਰੋਂਗ ਰੂਮ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਅਤੇ ਐਲਈਡੀ ਡਿਸਪਲੇ ਸਵੇਰੇ 8.19 ਤੋਂ ਲੈ ਕੇ 9.35 ਤੱਕ ਕੰਮ ਨਹੀਂ ਕਰ ਰਹੇ ਸਨ। ਇਸ ਕਾਰਨ ਇੰਨੀ ਦੇਰ ਤੱਕ ਰਿਕਾਰਡਿੰਗ ਨਹੀਂ ਕੀਤੀ ਜਾ ਸਕੀ ਸੀ।

ਬਿਜਲੀ ਦੀ ਸਪਲਾਈ ਲਈ ਇਕ ਵਾਧੂ ਐਲਈਡੀ ਸਕ੍ਰੀਨ, ਇਕ ਇਨਵਰਟਰ ਅਤੇ ਇਕ ਜਨਰੇਟਰ ਲਗਾਇਆ ਗਿਆ ਸੀ। ਖ਼ਬਰਾਂ ਮੁਤਾਬਕ ਹੁਣ ਸਟ੍ਰੋਂਗ ਰੂਮ ਦੇ ਕੈਮਰੇ ਕੰਮ ਕਰ ਰਹੇ ਸਨ। ਮੱਧ ਪ੍ਰਦੇਸ਼ ਦੇ ਕਾਂਗਰਸ ਮੁਖੀ ਨੇ ਪਾਰਟੀ ਦੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਉਹ 11 ਦਸੰਬਰ ਤੱਕ ਈਵੀਐਮ ਮਸ਼ੀਨਾਂ 'ਤੇ ਨਜ਼ਰ ਬਣਾਈ ਰੱਖਣ। ਦੱਸ ਦਈਏ ਕਿ 11 ਦਸੰਬਰ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ।

ਉਥੇ ਹੀ ਭੋਪਾਲ ਦੇ ਡੀਆਈਜੀ ਧਰਮਿੰਦਰ ਚੌਧਰੀ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਕਰਮਚਾਰੀਆਂ ਨੂੰ ਭਰੋਸਾ ਦਿਤਾ ਹੈ ਕਿ ਸਟ੍ਰੋਂਗ ਰੂਮ ਵਿਚ ਰੱਖੇ ਗਏ ਈਵੀਐਮ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਈਵੀਐਮ ਨੂੰ ਤਿੰਨ ਪੱਧਰੀ ਸੁਰੱਖਿਆ ਵਿਚ ਰੱਖਿਆ ਗਿਆ ਹੈ ਅਤੇ ਕੋਈ ਵੀ ਬਗੈਰ ਇਜਾਜ਼ਤ ਅੰਦਰ ਦਾਖਲ ਨਹੀਂ ਹੋ ਸਕਦਾ।