ਜਦੋਂ ਕਾਂਗਰਸੀ ਲੀਡਰ ਨੇ ਲਗਾਏ ‘ਪ੍ਰਿਅੰਕਾ ਗਾਂਧੀ’ ਦੀ ਥਾਂ ‘ਪ੍ਰਿਅੰਕਾ ਚੋਪੜਾ’ ਜ਼ਿੰਦਾਬਾਦ ਦੇ ਨਾਅਰੇ

ਏਜੰਸੀ

ਖ਼ਬਰਾਂ, ਰਾਸ਼ਟਰੀ

14 ਦਸੰਬਰ ਨੂੰ ਕਾਂਗਰਸ ਕਰਨ ਜਾ ਰਹੀ ਹੈ ਜਨ-ਆਕ੍ਰੋਸ਼ ਰੈਲੀ

File Photo

ਨਵੀਂ ਦਿੱਲੀ : ਦਿੱਲੀ ਵਿਚ ਕਾਂਗਰਸ ਦੀ ਰੈਲੀ ‘ਚ ਕੁੱਝ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਪਾਰਟੀ ਦਾ ਇਕ ਲੀਡਰ ਸਾਰੇ ਹੀ ਵੱਡੇ ਕਾਂਗਰਸੀ ਆਗੂਆਂ ਦੇ ਨਾਮ ਲੈ-ਲੈ ਕੇ ਨਾਅਰੇ ਲਾ ਰਿਹਾ ਸੀ। ਇਸੇ ਦੌਰਾਨ ਉਸਨੇ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਲਗਾਏ। ਇਸੇ ਲੜੀ ਵਿਚ ਉਸਨੇ ‘ਪ੍ਰਿਅੰਕਾ ਗਾਂਧੀ ਜ਼ਿੰਦਾਬਾਦ’ ਦਾ ਨਾਅਰਾ ਲਾਉਣਾ ਸੀ ਤੇ ਲੋਕਾਂ ਨੇ ਉਸ ਦੇ ਪਿੱਛੇ ‘ਜ਼ਿੰਦਾਬਾਦ-ਜ਼ਿੰਦਾਬਾਦ’ ਆਖਣਾ ਸੀ ਪਰ ਉਹ ਗਲਤੀ ਨਾਲ ‘ਪ੍ਰਿਅੰਕਾ ਚੋਪੜਾ ਜ਼ਿੰਦਾਬਾਦ’ ਦੇ ਨਾਅਰੇ ਲਾਉਣ ਲੱਗ ਪਿਆ।

 



 

 

ਉਦੋਂ ਸਟੇਜ ਉੱਤੇ ਬੈਠੇ ਕਾਂਗਰਸੀ ਆਗੂ ਇੱਧਰ-ਉੱਧਰ ਵੇਖਣ ਲੱਗ ਪਏ। ਸਟੇਜ ਸੰਭਾਲ ਰਹੇ ਉਸ ਲੀਡਰ ਨੇ ਤੁਰੰਤ ਆਪਣੀ ਗਲਤੀ ਸੁਧਾਰੀ ਅਤੇ ਫਿਰ ਉਸ ਨੇ ਪ੍ਰਿਅੰਕਾ ਗਾਂਧੀ ਦੇ ਨਾਅਰੇ ਲਗਾਏ।

ਦਰਅਸਲ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਕਾਂਗਰਸ 14 ਦਸੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਜਨ-ਆਕ੍ਰੋਸ਼ ਰੈਲੀ ਕਰਨ ਜਾ ਰਹੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਇਸ ਰੈਲੀ ਵਿਚ ਸ਼ਾਮਲ ਹੋਣਗੇ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਰੈਲੀ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਇਸ ਰੈਲੀ ਨੂੰ ਕਾਮਯਾਬ ਬਣਾਉਣ ਲਈ ਕਾਂਗਰਸ ਨੇ ਪੂਰਾ ਜੋਰ ਲਗਾਇਆ ਹੋਇਆ ਹੈ। ਇਸੇ ਰੈਲੀ ਦੀ ਰਣਨੀਤੀ ਉਲੀਕਣ ਲਈ ਕੱਲ੍ਹ ਐਤਵਾਰ ਨੂੰ ਬਵਾਨਾ ਇਲਾਕੇ ਵਿਚ ਇਕ ਰੈਲੀ ਰੱਖੀ ਗਈ ਸੀ। ਇਸ ਰੈਲੀ ਵਿਚ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਅਤੇ ਪਾਰਟੀ ਦੇ ਹੋਰ ਆਗੂ ਵੀ ਸ਼ਾਮਲ ਹੋਏ।

ਜਦੋਂ ਸੁਭਾਸ਼ ਚੋਪੜਾ ਸਟੇਜ ‘ਤੇ ਖੜ ਕੇ ਪਾਰਟੀ ਵਰਕਰਾਂ ਵਿਚ ਉਤਸ਼ਾਹ ਭਰ ਰਹੇ ਸਨ ਤਾਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਰੇਂਦਰ ਕੁਮਾਰ ਪਾਰਟੀ ਦੇ ਹੱਕ ‘ਚ ਨਾਅਰੇ ਲਗਾਉਣ ਲੱਗੇ ਅਤੇ ਉਦੋਂ ਗਲਤੀ ਨਾਲ ਉਹ ‘ਪ੍ਰਿਅੰਕਾ ਗਾਂਧੀ’ ਦੀ ਥਾਂ ‘ਪ੍ਰਿਅੰਕਾ ਚੋਪੜਾ’ ਆਖ ਗਏ।