ਅਰਥਚਾਰੇ ਨੂੰ ਲੈ ਕੇ ਯਸ਼ਵੰਤ ਸਿਨਹ ਨੇ ਮੋਦੀ ਸਰਕਾਰ ਨੂੰ ਲਿਆ ਲੰਮੇ ਹੱਥੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ੍ਰੀ ਸਿਨਹਾ ਨੇ ਕਿਹਾ ਕਿ ਅਰਥਚਾਰੇ ’ਚ ਕੋਈ ਮੰਗ ਹੀ ਨਹੀਂ ਹੈ ਤੇ ਇਹ ਸੰਕਟ ਦਾ ਮੁਢਲਾ ਨੁਕਤਾ ਹੈ। ਸਭ ਤੋਂ ਪਹਿਲਾਂ ਖੇਤੀ ਤੇ ਦਿਹਾਤੀ ਖੇਤਰ ਵਿਚ ਮੰਗ ਖ਼ਤਮ ਹੋਈ।

Yashwant Sinha

ਨਵੀਂ ਦਿੱਲੀ- ਭਾਰਤ ਦੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਆਰਥਿਕ ਮੋਰਚੇ ’ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਹੈ ਕਿ ਭਾਰਤੀ ਅਰਥ ਵਿਵਸਥਾ ਬਹੁਤ ਗੰਭੀਰ ਸੰਕਟ ਵਿਚ ਹੈ ਤੇ ਮੰਗ ਤਾਂ ਖ਼ਤਮ ਹੀ ਹੁੰਦੀ ਦਿਖ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਉਤਸ਼ਾਹ ਭਰਪੂਰ ਗੱਲਾਂ ਕਰ ਕੇ ‘ਲੋਕਾਂ ਨੂੰ ਮੂਰਖ ਬਣਾ ਰਹੀ ਹੈ ਕਿ ਅਗਲੀ ਤਿਮਾਹੀ ਜਾਂ ਫਿਰ ਉਸ ਤੋਂ ਬਾਅਦ ਦੀ ਤਿਮਾਹੀ ’ਚ ਆਰਥਿਕ ਹਾਲਾਤ ਬਿਹਤਰ ਹੋ ਜਾਣਗੇ।’

ਅਧਿਕਾਰਤ ਅੰਕੜਿਆਂ ਮੁਤਾਬਕ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਵਾਧੇ ਦੀ ਦਰ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਦੌਰਾਨ ਡਿੱਗ ਕੇ 4.5 ਫ਼ੀ ਸਦੀ ’ਤੇ ਆ ਗਈ ਹੈ। ਇਹ ਆਰਥਿਕ ਵਾਧੇ ਦਾ ਛੇ ਸਾਲਾਂ ਦਾ ਹੁਣ ਤੱਕ ਦਾ ਸਭ ਤੋਂ ਨੀਂਵਾਂ ਪੱਧਰ ਹੈ। ਸ੍ਰੀ ਸਿਨਹਾ ਨੇ ਕਿਹਾ ਕਿ ਤੱਥ ਤਾਂ ਇਹੋ ਹੈ ਕਿ ਅਸੀਂ ਗੰਭੀਰ ਸੰਕਟ ਵਿਚ ਹਾਂ। ਅਗਲੀ ਤਿਮਾਹੀ ਜਾਂ ਫਿਰ ਉਸ ਤੋਂ ਬਾਅਦ ਦੀ ਤਿਮਾਹੀ ਬਿਹਤਰ ਹੋਵੇਗੀ, ਇਹ ਸਿਰਫ਼ ਖੋਖਲੀਆਂ ਗੱਲਾਂ ਹਨ, ਜੋ ਪੂਰੀਆਂ ਹੋਣ ਵਾਲੀਆਂ ਨਹੀਂ ਹਨ।

ਯਸ਼ਵੰਤ ਸਿਨਹਾ ਨੇ ਕਿਹਾ ਕਿ ਵਾਰ–ਵਾਰ ਅਜਿਹੀਆਂ ਗੱਲਾਂ ਕਰ ਕੇ ਸਰਕਾਰ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਗਲੀ ਤਿਮਾਹੀ ਵਿਚ ਆਰਥਿਕ ਵਾਧਾ ਦਰ ਕੁਝ ਬਿਹਤਰ ਹੋ ਜਾਵੇਗੀ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਆਗੂ ਨੇ ਕਿਹਾ ਕਿ ਅਜਿਹੇ ਸੰਕਟ ਖ਼ਤਮ ਹੋਣ ’ਚ ਤਿੰਨ ਤੋਂ ਚਾਰ ਸਾਲ ਜਾਂ ਫਿਰ ਪੰਜ ਸਾਲ ਵੀ ਲੱਗ ਸਕਦੇ ਹਨ। ਇਸ ਸੰਕਟ ਨੂੰ ਕਿਸੇ ਜਾਦੂ ਦੀ ਸੋਟੀ ਨਾਲ ਦੂਰ ਨਹੀਂ ਕੀਤਾ ਜਾ ਸਕਦਾ। ਸਿਨਹਾ ਨੇ ਅੱਗੇ ਕਿਹਾ ਕਿ ਭਾਰਤੀ ਅਰਥ–ਵਿਵਸਥਾ ਇਸ ਵੇਲੇ ਜਿਹੜੇ ਦੌਰ ’ਚ ਹੈ, ਉਸ ਨੂੰ ‘ਮੰਗ ਦਾ ਖ਼ਾਤਮਾ’ ਕਹਿੰਦੇ ਹਨ ਅਤੇ ਇਹ ਹਾਲਤ ਖੇਤੀ ਤੇ ਦਿਹਾਤੀ ਖੇਤਰ ਤੋਂ ਸ਼ੁਰੂ ਹੋਈ ਸੀ।

ਸ੍ਰੀ ਸਿਨਹਾ ਨੇ ਕਿਹਾ ਕਿ ਅਰਥਚਾਰੇ ’ਚ ਕੋਈ ਮੰਗ ਹੀ ਨਹੀਂ ਹੈ ਤੇ ਇਹ ਸੰਕਟ ਦਾ ਮੁਢਲਾ ਨੁਕਤਾ ਹੈ। ਸਭ ਤੋਂ ਪਹਿਲਾਂ ਖੇਤੀ ਤੇ ਦਿਹਾਤੀ ਖੇਤਰ ਵਿਚ ਮੰਗ ਖ਼ਤਮ ਹੋਈ। ਇਸ ਤੋਂ ਬਾਅਦ ਉਹ ਗ਼ੈਰ–ਜੰਥੇਬੰਦਕ ਖੇਤਰ ਤੱਕ ਪੁੱਜੀ ਅਤੇ ਆਖ਼ਰ ਇਸ ਦਾ ਸੇਕ ਹੁਣ ਕਾਰਪੋਰੇਟ ਖੇਤਰ ਤੱਕ ਵੀ ਪੁੱਜ ਗਿਆ ਹੈ। ਸ੍ਰੀ ਸਿਨਹਾ ਨੇ ਕਿਹਾ ਕਿ ਉਨ੍ਹਾਂ 2017 ’ਚ ਹੀ ਅਜਿਹਾ ਅਨੁਮਾਨ ਲਾ ਲਿਆ ਸੀ ਕਿ ਅਰਥ–ਵਿਵਸਥਾ ਪਤਨ ਵੱਲ ਜਾ ਰਹੀ ਹੈ

ਪਰ ਮੇਰੀ ਚੇਤਾਵਨੀ ਨੂੰ ਇਹ ਆਖ ਕੇ ਰੱਦ ਕਰ ਦਿੱਤਾ ਗਿਆ ਕਿ 80 ਸਾਲਾਂ ਦਾ ਇੱਕ ਵਿਅਕਤੀ ਨੌਕਰੀ ਦੀ ਭਾਲ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 25 ਮਹੀਨੇ ਪਹਿਲਾਂ ਉਨ੍ਹਾਂ ਇੱਕ ਅਖ਼ਬਾਰ ਵਿਚ ਲੇਖ ਲਿਖਿਆ ਸੀ ਤੇ ਸਰਕਾਰ ਨੂੰ ਅਰਥ–ਵਿਵਸਥਾ ਵਿੱਚ ਗਿਰਾਵਟ ਦੀ ਚੇਤਾਵਨੀ ਦਿੱਤੀ ਸੀ। ਉਨ੍ਹਾਂ ਦਾ ਮੰਤਵ ਉਨ੍ਹਾਂ ਲੋਕਾਂ ਨੂੰ ਇਸ ਖਤਰੇ ਬਾਰੇ ਦੱਸਣਾ ਸੀ, ਜੋ ਅਰਥ–ਵਿਵਸਥਾ ਸੰਭਾਲ ਰਹੇ ਸਨ; ਤਾਂ ਜੋ ਸਮੇਂ ਸਿਰ ਸੁਧਾਰ ਕੀਤੇ ਜਾ ਸਕਣ ਪਰ ਅਜਿਹਾ ਕੁਝ ਨਹੀਂ ਵਾਪਰਿਆ।