ਭਾਜਪਾ ਮੰਤਰੀਆਂ ਦਾ ਕੰਮ ਅਰਥਚਾਰਾ ਸੁਧਾਰਨਾ, 'ਕਾਮੇਡੀ ਸਰਕਸ' ਕਰਨਾ ਨਹੀਂ : ਪ੍ਰਿਯੰਕਾ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਿਅੰਕਾ ਨੇ ਟਵੀਟ ਕਰ ਕੇ ਕਿਹਾ,''ਭਾਜਪਾ ਨੇਤਾਵਾਂ ਨੂੰ ਜੋ ਕੰਮ ਮਿਲਿਆ ਹੈ, ਉਸ ਨੂੰ ਕਰਨ ਦੀ ਬਜਾਏ ਉਹ ਦੂਜਿਆਂ ਦੀਆਂ ਉਪਲਬਧੀਆਂ ਨੂੰ ਝੂਠਾ ਦੱਸਣ ਵਿਚ ਲੱਗੇ ਹਨ

Priyanka Gandhi

ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਨੋਬਲ ਪੁਰਸਕਾਰ ਲਈ ਚੁਣੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਦੇ ਸੰਦਰਭ 'ਚ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਟਿੱਪਣੀ ਨੂੰ ਲੈ ਕੇ ਸਰਕਾਰ 'ਤੇ ਫਿਕਰਾ ਕਸਿਆ ਹੈ। ਉਨ੍ਹਾਂ ਕਿਹਾ ਕਿ ਮੰਤਰੀਆਂ ਦਾ ਕੰਮ 'ਕਾਮੇਡੀ ਸਰਕਸ' ਚਲਾਉਣਾ ਨਹੀਂ, ਸਗੋਂ ਅਰਥਚਾਰੇ ਨੂੰ ਸੁਧਾਰਨਾ ਹੈ।

ਪ੍ਰਿਅੰਕਾ ਨੇ ਟਵੀਟ ਕਰ ਕੇ ਕਿਹਾ,''ਭਾਜਪਾ ਨੇਤਾਵਾਂ ਨੂੰ ਜੋ ਕੰਮ ਮਿਲਿਆ ਹੈ, ਉਸ ਨੂੰ ਕਰਨ ਦੀ ਬਜਾਏ ਉਹ ਦੂਜਿਆਂ ਦੀਆਂ ਉਪਲਬਧੀਆਂ ਨੂੰ ਝੂਠਾ ਦੱਸਣ ਵਿਚ ਲੱਗੇ ਹਨ। ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਨੇ ਅਪਣਾ ਕੰਮ ਈਮਾਨਦਾਰੀ ਨਾਲ ਕੀਤਾ, ਨੋਬਲ ਜਿਤਿਆ।'' ਪ੍ਰਿਅੰਕਾ ਨੇ ਅੱਗੇ ਫਿਕਰਾ ਕਸਦੇ ਹੋਏ ਕਿਹਾ ਕਿ ਅਰਥਚਾਰਾ ਢਹਿ-ਢੇਰੀ ਹੋ ਰਿਹਾ ਹੈ। ਤੁਹਾਡਾ ਕੰਮ ਉਸ ਨੂੰ ਸੁਧਾਰਨਾ ਹੈ, ਨਾ ਕਿ ਕਾਮੇਡੀ ਸਰਕਸ ਚਲਾਉਣਾ।

ਦਰਅਸਲ ਪਿਊਸ਼ ਗੋਇਲ ਨੇ ਅਰਥਸ਼ਾਸਤਰ ਦੇ ਖੇਤਰ ਵਿਚ 2019 ਦੇ ਨੋਬਲ ਪੁਰਸਕਾਰ ਲਈ ਚੁਣੇ ਗਏ ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ ਨੂੰ ਖੱਬੇ ਪੱਖੀ ਵਲ ਝੁਕਾਅ ਵਾਲਾ ਦਸਿਆ। ਗੋਇਲ ਨੇ ਪੁਣੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਮੈਂ ਅਭਿਜੀਤ ਬੈਨਰਜੀ ਨੂੰ ਨੋਬਲ ਪੁਰਸਕਾਰ ਜਿੱਤਣ ਦੀ ਵਧਾਈ ਦਿੰਦਾ ਹਾਂ। ਤੁਸੀਂ ਸਾਰੇ ਜਾਣਦੇ ਹੋ ਕਿ ਉਨ੍ਹਾਂ ਦੀ ਸੋਚ ਪੂਰੀ ਤਰ੍ਹਾਂ ਨਾਲ ਖੱਬੇ ਪੱਖੀ ਦਲ ਵੱਲ ਝੁਕਾਅ ਵਾਲੀ ਹੈ।

ਬੈਨਰਜੀ ਨੇ ਕਾਂਗਰਸ ਵਲੋਂ ਪ੍ਰਸਤਾਵਤ 'ਨਿਆਂ' ਯੋਜਨਾ ਦਾ ਸਮਰਥਨ ਕੀਤਾ ਅਤੇ ਭਾਰਤ ਦੀ ਜਨਤਾ ਨੇ ਉਨ੍ਹਾਂ ਦੀ ਸੋਚ ਨੂੰ ਨਕਾਰ ਦਿਤਾ। ਜਿਕਰਯੋਗ ਹੈ ਕਿ ਬੈਨਰਜੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਭਾਰਤੀ ਅਰਥਵਿਵਸਥਾ ਡਗਮਗਾ ਰਹੀ ਹੈ ਅਤੇ ਇਸ ਸਮੇਂ ਪ੍ਰਾਪਤ ਅੰਕੜੇ ਬਹੁਤ ਜਲਦੀ ਦੇਸ਼ ਦੇ ਅਰਥਚਾਰੇ ਨੂੰ ਉਭਰਨ ਦਾ ਭਰੋਸਾ ਨਹੀਂ ਦਿੰਦੇ।