ਕਿਸਾਨੀ ਸੰਘਰਸ਼ ਦੇ ਚਲਦਿਆਂ ਮਹਿੰਗਾ ਹੋਇਆ ਸਫ਼ਰ, ਫਿਰ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ ਯਾਤਰੀ
ਯਾਤਰੀਆਂ ਨੂੰ ਨਹੀਂ ਮਹਿੰਗੇ ਕਿਰਾਏ ਦੀ ਕੋਈ ਪਰਵਾਹ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨ ਦਿੱਲੀ ਵਿਚ ਲਗਾਤਾਰ ਡਟੇ ਹੋਏ ਹਨ। ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੇ ਰਾਸਤੇ ਪੂਰੀ ਤਰ੍ਹਾਂ ਜਾਮ ਹਨ। ਇਸ ਦੌਰਾਨ ਦਿੱਲੀ ਤੋਂ ਪੰਜਾਬ ਆਉਣ ਜਾਂ ਪੰਜਾਬ ਤੋਂ ਦਿੱਲੀ ਆਉਣ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਇਸ ਦੇ ਚਲਦਿਆਂ ਕਿਸਾਨਾਂ ਕੋਲ ਸਿਰਫ਼ ਇਕ ਹੀ ਰਾਸਤਾ ਹੈ ਤੇ ਉਹ ਹੈ ਹਵਾਈ ਸਫ਼ਰ। ਹਵਾਈ ਕਿਰਾਏ ਵਿਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਯਾਤਰੀ ਕਿਸਾਨਾਂ ਦਾ ਸਮਰਥਨ ਕਰਦੇ ਦਿਖਾਈ ਦੇ ਰਹੇ ਹਨ।
ਯਾਤਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਹਿੰਗੇ ਕਿਰਾਏ ਦੀ ਕੋਈ ਪਰਵਾਹ ਨਹੀਂ ਹੈ ਤੇ ਉਹ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹਨ। ਉਹਨਾਂ ਕਿਹਾ ਕਿ ਉਹ ਮੋਦੀ ਸਰਕਾਰ ਦੇ ਵਿਰੋਧ 'ਚ ਹਨ ਕਿਉਂਕਿ ਮੋਦੀ ਸਰਕਾਰੀ ਸਿਰਫ਼ ਅੰਬਾਨੀਆਂ ਤੇ ਅਡਾਨੀਆਂ ਲਈ ਹੈ ਪਰ ਅਸੀਂ ਕਿਸਾਨਾਂ ਲਈ ਹਾਂ।
ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਅੰਦੋਲਨ ਤੋਂ ਪਹਿਲਾਂ ਚੰਡੀਗੜ੍ਹ ਤੋਂ ਦਿੱਲੀ ਲਈ ਹਵਾਈ ਟਿਕਟ ਦਾ ਕਿਰਾਇਆ ਲਗਭਗ 2000-2500 ਤੱਕ ਹੁੰਦਾ ਸੀ ਪਰ ਹੁਣ ਇਹ ਕਿਰਾਇਆ 7000 ਦੇ ਕਰੀਬ ਪਹੁੰਚ ਗਿਆ ਹੈ। ਪਰ ਯਾਤਰੀਆਂ ਨੂੰ ਕਿਸਾਨ ਅੰਦੋਲਨ ਤੋਂ ਕੋਈ ਸ਼ਿਕਾਇਤ ਨਹੀਂ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਅਪਣੀ ਜਗ੍ਹਾ ਬਿਲਕੁਲ ਸਹੀ ਹਨ ਤੇ ਸਰਕਾਰ ਨੂੰ ਉਹਨਾਂ ਨਾਲ ਗੱਲ਼ ਕਰਨੀ ਚਾਹੀਦੀ ਹੈ।