ਬਾਜ ਨਹੀਂ ਆ ਰਹੇ ਕਿਸਾਨੀ ਘੋਲ ’ਚੋਂ 'ਸਿਆਸੀ ਰਾਹਾਂ' ਲੱਭਣ ਵਾਲੇ ਸਿਆਸਤਦਾਨ,ਆਪਹੁਦਰੀਆਂ ਦਾ ਦੌਰ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੋਟੀ ਛੋਟੀ ਗੱਲ ਤੋਂ ਸੌੜਾ ਪੈਣ ਵਾਲੇ ਆਗੂਆਂ ਨੂੰ ਕਿਸਾਨਾਂ ਦੇ ਠਰੰਮੇ ਤੋਂ ਸਬਕ ਸਿੱਖਣ ਦੀ ਲੋੜ

Farmers Protest,

ਚੰਡੀਗੜ੍ਹ : ਦਿੱਲੀ ਦੇ ਬਾਰਡਰ ਸੀਲ ਕਰੀ ਬੈਠੇ ਕਿਸਾਨਾਂ ਦਾ ਘੋਲ ਕਈ ਅਹਿਮ ਪੜਾਅ ਤਹਿ ਕਰਦਿਆਂ ਜਿੱਤ ਵੱਲ ਵਧਦਾ ਜਾ ਰਿਹਾ ਹੈ। ਕਿਸਾਨਾਂ ਨੂੰ ਮਿਲ ਰਹੇ ਚੌਤਰਫ਼ੇ ਸਮਰਥਨ ਨੇ ਇਸ ਘੋਲ ਨੂੰ ਦੇਸ਼ ਵਿਆਪੀ ਤੋਂ ਵਿਸ਼ਵ ਪੱਧਰੀ ਬਣਾ ਦਿਤਾ ਹੈ। ਕਿਸਾਨੀ ਘੋਲ ਦੇ ਦਬਾਅ ਦਾ ਹੀ ਨਤੀਜਾ ਹੈ ਕਿ ਕਿਸਾਨਾਂ ਨੂੰ ਤੁਛ ਸਮਝਣ ਵਾਲੀ ਕੇਂਦਰ ਸਰਕਾਰ ਇਕ-ਇਕ ਦਿਨ ਦੇ ਵਕਫ਼ੇ ਨਾਲ ਮੀਟਿੰਗਾਂ ਕਰਨ ਲਈ ਮਜ਼ਬੂਰ ਹੈ। ਦੇਸ਼ ਦੇ ਦੂਰ-ਦੁਰਾਂਡਿਉਂ ਕਿਸਾਨਾਂ ਦਾ ਦਿੱਲੀ ਵੱਲ ਕੂਚ ਲਗਾਤਾਰ ਜਾਰੀ ਹੈ ਜੋ ਸੱਤਾਧਾਰੀ ਧਿਰ ਦੇ ਨੱਕ ’ਚ ਦਮ ਕਰਨ ਲਈ ਕਾਫ਼ੀ ਹੈ।

ਕਿਸਾਨੀ ਘੋਲ ਦੀ ਇਸ ਚੜ੍ਹਦੀ ਕਲਾਂ ਦੇ ਬਾਵਜੂਦ ਹਾਕਮ ਧਿਰ ਤੋਂ ਇਲਾਵਾ ਕੁੱਝ ਸਿਆਸੀ ਧਿਰਾਂ ਕਿਸਾਨੀ ਘੋਲ ’ਚੋਂ ਸਿਆਸੀ ਰਾਹਾਂ ਭਾਲਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਸਿਆਸਤਦਾਨਾਂ ਦੀਆਂ ਲੂੰਬੜ ਚਾਲਾਂ ਨੂੰ ਭਲੀਭਾਂਤ ਸਮਝਦਿਆਂ ਸਿਆਸੀ ਧਿਰਾਂ ਤੋਂ ਮੁਤਾਵਤਰ ਦੂਰੀ ਬਣਾ ਕੇ ਚੱਲ ਰਹੀਆਂ ਹਨ। ਕਈ ਵੱਡੇ ਆਗੂਆਂ ਨੂੰ ਕਿਸਾਨਾਂ ਦੀਆਂ ਸਟੇਜਾਂ ਤੋਂ ‘ਅਣਦੇਖੀ’ ਦੇ ਅਹਿਸਾਸ ਨਾਲ ਵਾਪਸ ਪਰਤਣਾ ਪਿਆ ਹੈ। ਵੱਡੀਆਂ ਹਕੂਮਤੀ ਰੋਕਾਂ ਨੂੰ ਪਾਰ ਕਰਦਿਆਂ ਕਿਸਾਨਾਂ ਦੇ ਦਿੱਲੀ ਦੀਆਂ ਬਰੂਹਾਂ ਮੱਲਣ ਤੋਂ ਬਾਅਦ ਵਾਰੀ-ਵਾਰੀ ਸੱਤਾ ਦਾ ਸੁਖ ਮਾਣਨ ਅਤੇ ਸਿਆਸਤ ਵਿਚ ਹਮੇਸ਼ਾਂ ਲਈ ਮੋਹਰੀ ਰਹਿਣ ਦੀ ਮਾਨਸਿਕਤਾ ਵਾਲੇ ਕੁੱਝ ਆਗੂਆਂ ਅੰਦਰ ਘਬਰਾਹਟ ਪਾਈ ਜਾ ਰਹੀ ਹੈ। ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਦੇ ਨਾਲ-ਨਾਲ ਕੁੱਝ ਸਿਆਸੀ ਧਿਰਾਂ ਕਿਸਾਨੀ ਘੋਲ ਦੀ ਰਫ਼ਤਾਰ ਥੰਮਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਨਾਉਣ ’ਚ ਮਸ਼ਰੂਫ਼ ਹਨ।

ਅੱਜ ਪੰਜਾਬ ਯੂਥ ਕਾਂਗਰਸ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵੱਲ ਕੂਚ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਵੱਡੀਆਂ ਪੁਲਿਸ ਰੋਕਾਂ ਨੂੰ ਤੋੜਦਿਆਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵੱਧ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ  ਕਹਿਣਾ ਹੈ ਕਿ ਜੇ ਸਾਡੇ ਕਿਸਾਨ ਭਰਾ ਵੱਡੀਆਂ ਰੋਕਾਂ ਤੋੜ ਕੇ ਦਿੱਲੀ ਪਹੁੰਚ ਸਕਦੇ ਹਨ ਤਾਂ ਅਸੀਂ ਬੇਰੀਕੇਡ ਕਿਉਂ ਨਹੀਂ ਤੋੜ ਸਕਦੇ। ਪ੍ਰਦਰਸ਼ਨਕਾਰੀਆਂ ਮੁਤਾਬਕ ਸਾਡੇ ਪਿਓ-ਦਾਦੇ ਦਿੱਲੀ ’ਚ ਸਖ਼ਤ ਠੰਡ ’ਚ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹਨ। ਪ੍ਰਦਰਸ਼ਨਕਾਰੀ  ਹਰਿਆਣਾ ਦੇ ਮੁੱਖ ਮੰਤਰੀ ਵਲੋਂ ਸੰਘਰਸ਼ ਕਰ ਰਹੇ ਕਿਸਾਨਾਂ ਬਾਰੇ ਕੀਤੀਆਂ ਗ਼ਲਤ ਟਿੱਪਣੀਆਂ ਅਤੇ ਅਪਣਾਏ ਸਖ਼ਤ ਵਤੀਰੇ ਤੋਂ ਦੁਖੀ ਹਨ। ਪ੍ਰਦਰਸ਼ਨਕਾਰੀਆਂ ਮੁਤਾਬਕ ਉਨ੍ਹਾਂ ਨੂੰ  ਕੇਂਦਰ ਅਤੇ ਖੱਟਰ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਵਿਵਹਾਰ ਕਾਰਨ ਅਜਿਹੇ ਸਖਤ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਭਾਵੇਂ ਪ੍ਰਦਰਸ਼ਨਕਾਰੀਆਂ ਦੀ ਭਾਵਨਾ ਕਿਸਾਨਾਂ ਦੇ ਹੱਕ ’ਚ ਵਿਚਰਨ ਦੀ ਹੈ, ਪਰ ਪ੍ਰਦਰਸ਼ਨ ਦਾ ਸਮਾਂ ਅਤੇ ਤਰੀਕਾ ਕਈ ਸਵਾਲ ਖੜ੍ਹੇ ਕਰਦਾ ਵਿਖਾਈ ਦੇ ਰਿਹਾ ਹੈ। ਜਦੋਂ ਕਿਸਾਨੀ ਘੋਲ ਅਪਣੇ ਪੂਰੇ ਜਲੋਅ ਨਾਲ ਚੱਲ ਰਿਹਾ ਹੈ ਅਤੇ ਕੇਂਦਰ ਸਰਕਾਰ ਸਮੇਤ ਹਰਿਆਣਾ ਸਰਕਾਰ ਦਾ ਸਿਘਾਸਨ ਕਿਸਾਨੀ ਘੋਲ ਕਾਰਨ ਡਾਵਾਂਡੋਲ ਸਥਿਤੀ ’ਚ ਪਹੁੰਚ ਚੁੱਕਾ ਹੈ, ਤਾਂ ਅਜਿਹੇ ਸਮੇਂ ਵਿਚ ਨਵਾਂ ਮੋਰਚਾ ਖੋਲ੍ਹਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਕਿਹਾ ਜਾ ਸਕਦਾ। ਇਸ ਨਾਲ ਕਿਸਾਨਾਂ ਦੇ ਸੰਘਰਸ਼ ਨੂੰ ਫਾਇਦਾ ਦੀ ਥਾਂ ਨੁਕਸਾਨ ਹੋ ਸਕਦਾ ਹੈ। ਇਸ ਨਾਲ ਕਿਸਾਨੀ ਘੋਲ ਨੂੰ ‘ਕਾਂਗਰਸ ਪ੍ਰੇਰਿਤ’ ਕਹਿਣ ਵਾਲਿਆਂ ਨੂੰ ਵੀ ਬੈਠੇ-ਬਠਾਏ ਮੁੱਦਾ ਮਿਲਣ ਦੇ ਅਸਾਰ ਹਨ।

ਪੰਜਾਬ ਨਾਲ ਸਬੰਧਤ ਇਕ ਸੀਨੀਅਰ ਆਗੂ ਬੀਤੇ ਦਿਨ ਦਿੱਲੀ ਵਿਖੇ ਕਿਸਾਨਾਂ ਦੇ ਧਰਨੇ ਵਿਚ ਸ਼ਾਮਲ ਹੋਣ ਗਿਆ ਜਿੱਥੇ ਕਿਸਾਨਾਂ ਦੇ ਅਣਗੋਲਤਾ ਭਰੇ ਵਿਵਹਾਰ ਕਾਰਨ ਉਸ ਨੂੰ ਵਾਪਸ ਪਰਤਣਾ ਪਿਆ। ਉਥੋਂ ਭਾਵੇਂ ਉਹ ਚੁਪ-ਚਾਪ ਪਰਤ ਆਇਆ ਪਰ ਬਾਅਦ ’ਚ ਟੀਵੀ ’ਤੇ ਲਾਈਵ ਹੁੰਦਿਆਂ ਇਸ ਆਗੂ ਨੇ ਕਿਸਾਨੀ ਘੋਲ ’ਚ ਅਗਲੇਰੀਆਂ ਸਫ਼ਾ ਵਿਚ ਵਿਚਰ ਰਹੇ ਨੌਜਵਾਨਾਂ ਨੂੰ ‘ਸ਼ਰਾਰਤੀ ਅਨਸਰ’ ਕਹਿਣ ਦੇ ਨਾਲ-ਨਾਲ ਉਨ੍ਹਾਂ ਨੂੰ ਧਮਕੀ ਭਰੇ ਲਹਿਜੇ ’ਚ ਚਿਤਾਵਨੀ ਵੀ ਦੇ ਮਾਰੀ। 

ਪਾਣੀ ਦੀਆਂ ਬੁਝਾੜਾਂ ਅਤੇ ਅੱਥਰੂ ਗੈਸ ਦੇ ਝੰਬੇ ਅਤੇ ਵੱਡੀਆਂ ਰੋਕਾਂ ਨਾਲ ਦੋ-ਚਾਰ ਹੋ ਕੇ ਦਿੱਲੀ ਪਹੁੰਚਣ ਵਾਲੇ ਸੰਘਰਸ਼ੀ ਕਿਸਾਨਾਂ ਦੇ ਆਪੇ ਤੋਂ ਬਾਹਰ ਹੋਣ ਦੀ ਤਾਂ ਸਮਝ ਪੈਂਦੀ ਹੈ, ਪਰ ਲਗਜਰੀ ਗੱਡੀਆਂ ’ਚ ਕਿਸਾਨੀ ਘੋਲ ’ਚ ਸ਼ਾਮਲ ਹੋਣ ਗਏ ਆਗੂ ਦੇ ਥੋੜ੍ਹੀ ਜਿਹੀ ਅਣਗੋਲਤਾ ਅਤੇ ਔਖ ਬਾਅਦ ਧਮਕੀਆਂ ’ਤੇ ਉਤਰ ਆਉਣ ਤੋਂ ਉਸ ਦੀ ਮਾਨਸਿਕਤਾ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਦੇਸ਼ ਦੇ ਰਾਸ਼ਟਰੀ ਮੀਡੀਏ ਦਾ ਵੱਡਾ ਹਿੱਸਾ ਕਿਸਾਨਾਂ ਦੀ ਛੋਟੀ-ਛੋਟੀ ਹਰਕਤ ’ਚੋਂ ਕਮੀਆਂ ਕੱਢ ‘ਰਾਈ ਦਾ ਪਹਾੜ’ ਬਣਾਉਣ ਦੀਆਂ ਸਿਰ ਤੋੜ ਕੋਸ਼ਿਸ਼ਾਂ ਕਰ ਰਿਹਾ ਹੈ। ਅਜਿਹੇ ਮਾਹੌਲ ’ਚ ਕਿਸਾਨੀ ਘੋਲ ’ਚੋਂ ਸਿਆਸੀ ਰਾਹਾਂ ਭਾਲਣ ਵਾਲੀਆਂ ਧਿਰਾਂ ਨੂੰ ਪੰਜਾਬ, ਪੰਜਾਬੀਅਤ ਅਤੇ ਕਿਸਾਨੀ ਹਿਤਾਂ ਖ਼ਾਤਰ ਅਪਣੇ ਸਿਆਸੀ ਮਿਸ਼ਨਾਂ ਨੂੰ ਫ਼ਿਲਹਾਲ ਅੱਗੇ ਪਾ ਦੇਣਾ ਚਾਹੀਦਾ ਹੈ, ਇਸੇ ਵਿਚ ਹੀ ਸਭ ਦੀ ਭਲਾਈ ਹੈ।