ਸੰਸਦ ਵਿਚ ਰੇੜਕਾ ਖ਼ਤਮ ਹੋਣ ਦੇ ਆਸਾਰ, ਲੋਕ ਸਭਾ ਵਿਚ ਅਗਲੇ ਹਫ਼ਤੇ ਹੋਵੇਗੀ ‘ਵੰਦੇ ਮਾਤਰਮ’ ਅਤੇ ਚੋਣ ਸੁਧਾਰਾਂ ਬਾਰੇ ਚਰਚਾ

ਏਜੰਸੀ

ਖ਼ਬਰਾਂ, ਰਾਸ਼ਟਰੀ

‘ਵੰਦੇ ਮਾਤਰਮ’ ਦੀ ਰਚਨਾ ਦੇ 150 ਸਾਲ ਪੂਰੇ ਹੋਣ ਦੇ ਮੁੱਦੇ ਉਤੇ ਸੋਮਵਾਰ ਨੂੰ ਸਦਨ ’ਚ ਚਰਚਾ ਹੋਵੇਗੀ, ਮੰਗਲਵਾਰ ਨੂੰ ਚੋਣ ਸੁਧਾਰਾਂ ਦੇ ਮੁੱਦੇ ਉਤੇ

Parliament

ਨਵੀਂ ਦਿੱਲੀ : ਸੰਸਦ ਦੇ ਸਰਦ ਰੁੱਤ ਸੈਸ਼ਨ ’ਚ ਰੇੜਕਾ ਖਤਮ ਹੋਣ ਦੀ ਸੰਭਾਵਨਾ ਮੰਗਲਵਾਰ ਨੂੰ ਹੋਰ ਤੇਜ਼ ਹੋ ਗਈ ਹੈ ਕਿਉਂਕਿ ਸਰਕਾਰ ਨੇ ਲੋਕ ਸਭਾ ’ਚ ਚੋਣ ਸੁਧਾਰਾਂ ਉਤੇ ਚਰਚਾ ਦੀ ਵਿਰੋਧੀ ਧਿਰ ਦੀ ਮੰਗ ਨੂੰ ਮਨਜ਼ੂਰ ਕਰ ਲਿਆ ਹੈ। 

ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਹੋਈ ਬੈਠਕ ’ਚ ਇਸ ਗੱਲ ਉਤੇ ਸਹਿਮਤੀ ਬਣੀ ਕਿ ਕੌਮੀ ਗੀਤ ‘ਵੰਦੇ ਮਾਤਰਮ’ ਦੀ ਰਚਨਾ ਦੇ 150 ਸਾਲ ਪੂਰੇ ਹੋਣ ਦੇ ਮੁੱਦੇ ਉਤੇ ਸੋਮਵਾਰ ਨੂੰ ਸਦਨ ’ਚ ਚਰਚਾ ਹੋਵੇਗੀ ਅਤੇ ਮੰਗਲਵਾਰ ਨੂੰ ਸਦਨ ’ਚ ਚੋਣ ਸੁਧਾਰਾਂ ਦੇ ਮੁੱਦੇ ਉਤੇ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਵੰਦੇ ਮਾਤਰਮ’ ਉਤੇ ਚਰਚਾ ਦੀ ਸ਼ੁਰੂਆਤ ਕਰਨਗੇ। 

ਚੋਣ ਸੁਧਾਰਾਂ ਦੇ ਮੁੱਦੇ ਉਤੇ ਚਰਚਾ ਦਾ ਸਮਾਂ 10 ਘੰਟੇ ਤੈਅ ਕੀਤਾ ਗਿਆ ਹੈ, ਪਰ ਲੋੜ ਪੈਣ ਉਤੇ ਸਮਾਂ ਵਧਾਇਆ ਜਾ ਸਕਦਾ ਹੈ। ਲੋਕ ਸਭਾ ਸਪੀਕਰ ਨਾਲ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਦੀ ਮੁਲਾਕਾਤ ਤੋਂ ਬਾਅਦ ਬਿਜ਼ਨਸ ਐਡਵਾਈਜ਼ਰੀ ਕਮੇਟੀ (ਬੀ.ਏ.ਸੀ.) ਦੀ ਬੈਠਕ ਵੀ ਹੋਈ, ਜਿਸ ’ਚ ਇਨ੍ਹਾਂ ਮੁੱਦਿਆਂ ਉਤੇ ਚਰਚਾ ਕਰਨ ਉਤੇ ਸਹਿਮਤੀ ਬਣੀ। 

ਸੰਸਦੀ ਕਾਰਜ ਮੰਤਰੀ ਕਿਰਨ ਰਿਜੀਜੂ ਨੇ ‘ਐਕਸ’ ਉਤੇ ਪੋਸਟ ਕੀਤਾ, ‘‘ਮੰਗਲਵਾਰ ਸ਼ਾਮ ਲੋਕ ਸਭਾ ਸਪੀਕਰ ਦੀ ਪ੍ਰਧਾਨਗੀ ’ਚ ਸਰਬ ਪਾਰਟੀ ਬੈਠਕ ’ਚ ਸੋਮਵਾਰ 8 ਦਸੰਬਰ ਨੂੰ ਦੁਪਹਿਰ 12 ਵਜੇ ਤੋਂ ਲੋਕ ਸਭਾ ’ਚ ਕੌਮੀ ਗੀਤ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਉਤੇ ਅਤੇ ਮੰਗਲਵਾਰ 9 ਦਸੰਬਰ ਨੂੰ ਦੁਪਹਿਰ 12 ਵਜੇ ਤੋਂ ਚੋਣ ਸੁਧਾਰਾਂ ਉਤੇ ਚਰਚਾ ਕਰਨ ਦਾ ਫੈਸਲਾ ਕੀਤਾ ਗਿਆ ਹੈ।’’ ਬਾਅਦ ਵਿਚ ਰਿਜਿਜੂ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਸਾਰੇ ਚਾਹੁੰਦੇ ਹਾਂ ਕਿ ਸੰਸਦ ਚੰਗੀ ਤਰ੍ਹਾਂ ਕੰਮ ਕਰੇ ਅਤੇ ਮੈਂਬਰਾਂ ਨੂੰ ਬੋਲਣ ਦਾ ਮੌਕਾ ਮਿਲੇ। ਸੰਸਦ ਮੈਂਬਰਾਂ ਨੂੰ ਅਪਣੇ ਹਲਕੇ ਵਿਚ ਮੁੱਦੇ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਇਹ ਰੇੜਕਾ ਬਿਨਾਂ ਕਿਸੇ ਕਾਰਨ ਨਹੀਂ ਹੋਣਾ ਚਾਹੀਦਾ। 

ਮੰਤਰੀ ਨੇ ਕਿਹਾ ਕਿ ਲੋਕ ਸਭਾ ’ਚ ਚਰਚਾ ਤੋਂ ਬਾਅਦ ਇਨ੍ਹਾਂ ਦੋਹਾਂ ਮੁੱਦਿਆਂ ਉਤੇ ਰਾਜ ਸਭਾ ’ਚ ਵੀ ਚਰਚਾ ਹੋਵੇਗੀ। ਬਿਰਲਾ ਨਾਲ ਮੁਲਾਕਾਤ ਦੌਰਾਨ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਦੇ ਇਸ ਸਮਝੌਤੇ ਉਤੇ ਪਹੁੰਚਣ ਤੋਂ ਬਾਅਦ ਲੋਕ ਸਭਾ ਵਿਚ ਰੇੜਕਾ ਖਤਮ ਹੋਣ ਦੀ ਉਮੀਦ ਹੈ। 

ਇਸ ਦੌਰਾਨ ਵਿਰੋਧੀ ਗਠਜੋੜ ‘ਇੰਡੀਆ’ (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) ਦੇ ਦੋਹਾਂ ਸਦਨਾਂ ਦੇ ਨੇਤਾ ਬੁਧਵਾਰ ਸਵੇਰੇ ਸੰਸਦ ਭਵਨ ’ਚ ਮੁਲਾਕਾਤ ਕਰਨਗੇ ਅਤੇ ਭਵਿੱਖ ਦੀ ਕਾਰਵਾਈ ਦਾ ਫੈਸਲਾ ਕਰਨਗੇ।

‘ਹਉਮੈ’ ਨੂੰ ਝੁਕਣਾ ਪਿਆ, ‘ਇੰਡੀਆ’ ਦੀ ਜਿੱਤ ਹੋਈ : ਮਣਿਕਮ ਟੈਗੋਰ 

ਨਵੀਂ ਦਿੱਲੀ, 2 ਦਸੰਬਰ : ਕਾਂਗਰਸ ਦੇ ਸੰਸਦ ਮੈਂਬਰ ਮਨਿਕਮ ਟੈਗੋਰ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਆਖਰਕਾਰ ‘ਇੰਡੀਆ’ ਗਠਜੋੜ ਜਿੱਤ ਗਿਆ ਹੈ ਅਤੇ ਸਰਕਾਰ ਵਲੋਂ ਚੋਣ ਸੁਧਾਰਾਂ ਉਤੇ ਚਰਚਾ ਦੀ ਮੰਗ ਨੂੰ ਮਨਜ਼ੂਰ ਕਰਨ ਤੋਂ ਬਾਅਦ ‘ਹੰਕਾਰ’ ਨੂੰ ਝੁਕਣਾ ਪਿਆ। ਟੈਗੋਰ, ਜੋ ਲੋਕ ਸਭਾ ਵਿਚ ਕਾਂਗਰਸ ਦੇ ਵ੍ਹਿਪ ਹਨ, ਨੇ ‘ਐਕਸ’ ਉਤੇ ਪੋਸਟ ਕੀਤਾ, ‘‘‘ਇੰਡੀਆ’ ਜਿੱਤ ਗਿਆ ਹੈ। ਹੰਕਾਰ ਆਖਰਕਾਰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਏਕਤਾ ਅੱਗੇ ਝੁਕ ਗਿਆ। ਚੋਣ ਸੁਧਾਰਾਂ ਉਤੇ ਚਰਚਾ 9 ਦਸੰਬਰ ਨੂੰ ਹੋਣੀ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਇਹ ‘ਹੰਕਾਰ’ ਸੀ ਜਿਸ ਨੇ ਪਿਛਲੇ ਮਾਨਸੂਨ ਸੈਸ਼ਨ ਨੂੰ ਬਰਬਾਦ ਕਰ ਦਿਤਾ। 

ਹੰਗਾਮੇ ਕਾਰਨ ਲਗਾਤਾਰ ਦੂਜੇ ਦਿਨ ਲੋਕ ਸਭਾ ਦੀ ਕਾਰਵਾਈ ਹੋਈ ਠੱਪ

ਵੋਟਰ ਸੂਚੀਆਂ ’ਚ ਵਿਸ਼ੇਸ਼ ਸੋਧ (ਐਸ.ਆਈ.ਆਰ.) ਸਮੇਤ ਕੁੱਝ ਮੁੱਦਿਆਂ ਉਤੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵਲੋਂ ਭਾਰੀ ਹੰਗਾਮੇ ਕਾਰਨ ਵਿਘਨ ਦਾ ਸ਼ਿਕਾਰ ਲੋਕ ਸਭਾ ਵਿਚ ਮੰਗਲਵਾਰ ਨੂੰ ਵੀ ਕੋਈ ਕੰਮ ਨਾ ਹੋ ਸਕਿਆ। ਹੰਗਾਮੇ ਕਾਰਨ ਬੈਠਕ ਦਿਨ ਭਰ ਲਈ ਮੁਲਤਵੀ ਕਰ ਦਿਤੀ ਗਈ। 

ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਵੀ ਲੋਕ ਸਭਾ ਵਿਚ ਰੇੜਕਾ ਜਾਰੀ ਰਿਹਾ, ਅਤੇ ਸਦਨ ਦੀ ਕਾਰਵਾਈ ਦੋ ਵਾਰੀ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ ਦੋ ਵਜ ਕੇ ਪੰਜ ਮਿੰਟ ਉਤੇ ਦਿਨ ਭਰ ਲਈ ਮੁਲਤਵੀ ਕਰ ਦਿਤੀ ਗਈ। ਵਿਰੋਧੀ ਧਿਰ ਦੇ ਮੈਂਬਰ ‘ਐਸ.ਆਈ.ਆਰ. ਉਤੇ ਚਰਚਾ ਹੋਵੇ’ ਦੇ ਨਾਅਰੇ ਲਗਾ ਰਹੇ ਸਨ। ਪ੍ਰੀਜ਼ਾਈਡਿੰਗ ਚੇਅਰਮੈਨ ਦਿਲੀਪ ਸੈਕੀਆ ਨੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੂੰ ਅਪਣੀਆਂ ਸੀਟਾਂ ਉਤੇ ਬੈਠਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਜੋ ਵੀ ਮੁੱਦੇ ਹਨ ਉਨ੍ਹਾਂ ਉਤੇ ਸਦਨ ’ਚ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਦੇਸ਼ ਦੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਮੁੱਦਿਆਂ ਉਤੇ ਇੱਥੇ ਚਰਚਾ ਕੀਤੀ ਜਾਵੇ। ਤੁਸੀਂ ਸਾਰੇ ਜ਼ਿੰਮੇਵਾਰ ਵਿਰੋਧੀ ਧਿਰ ਹੋ। ਕਿਰਪਾ ਕਰ ਕੇ ਬੈਠੋ।’’ ਹੰਗਾਮਾ ਸ਼ਾਂਤ ਕਰਨ ਵਿਚ ਅਸਫਲ ਰਹਿਣ ਤੋਂ ਬਾਅਦ ਉਨ੍ਹਾਂ ਨੇ ਬੁਧਵਾਰ ਨੂੰ ਦੁਪਹਿਰ 2:05 ਵਜੇ ਸਦਨ ਦੀ ਕਾਰਵਾਈ ਬੁਧਵਾਰ ਸਵੇਰੇ 11 ਵਜੇ ਤਕ ਮੁਲਤਵੀ ਕਰ ਦਿਤੀ। 

ਜੌਰਜੀਆ ਦੇ ਸੰਸਦੀ ਵਫ਼ਦ ਨੇ ਲੋਕ ਸਭਾ ਦੀ ਕਾਰਵਾਈ ਦੇਖੀ 

ਜਾਰਜੀਆ ਦੇ ਇਕ ਸੰਸਦੀ ਵਫ਼ਦ ਨੇ ਮੰਗਲਵਾਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਲੋਕ ਸਭਾ ਦੀ ਕਾਰਵਾਈ ਦੇਖੀ। ਸਦਨ ਦੀ ਬੈਠਕ ਸ਼ੁਰੂ ਹੁੰਦਿਆਂ ਹੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਵਿਸ਼ਿਸ਼ਟ ਗੈਲਰੀ ਵਿਚ ਜਾਰਜੀਆ ਦੇ ਸੰਸਦੀ ਵਫ਼ਦ ਦੀ ਮੌਜੂਦਗੀ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਨੇ ਕਿਹਾ, ‘‘ਜਾਰਜੀਆ ਦੀ ਸੰਸਦ ਦੇ ਸਪੀਕਰ, ਸ਼ਾਲਵਾ ਪਾਪੁਆਸ਼ਵਿਲੀ ਦੀ ਅਗਵਾਈ ਵਿਚ ਜਾਰਜੀਆ ਦਾ ਇਕ ਉੱਚ ਪੱਧਰੀ ਸੰਸਦੀ ਵਫ਼ਦ ਸਾਡੇ ਸਦਨ ਦੀ ਵਿਸ਼ੇਸ਼ ਗੈਲਰੀ ਵਿਚ ਮੌਜੂਦ ਹੈ। ਮੈਂ ਅਪਣੀ ਤਰਫ਼ ਤੋਂ ਅਤੇ ਸਦਨ ਦੀ ਤਰਫੋਂ ਉਨ੍ਹਾਂ ਦਾ ਸਵਾਗਤ ਕਰਦਾ ਹਾਂ।’’ ਬਿਰਲਾ ਨੇ ਕਿਹਾ ਕਿ ਪਾਪੂਆਸ਼ਵਿਲੀ ਅਤੇ ਉਨ੍ਹਾਂ ਦੇ ਸੰਸਦੀ ਵਫ਼ਦ ਦੀ ਯਾਤਰਾ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਦੀ ਡੂੰਘਾਈ ਦਾ ਪ੍ਰਤੀਕ ਹੈ ਅਤੇ ਇਸ ਨਾਲ ਦੋ-ਪੱਖੀ ਸਹਿਯੋਗ ਅਤੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਨੇ ਵਫ਼ਦ ਰਾਹੀਂ ਜੌਰਜੀਆ ਦੀ ਸੰਸਦ ਅਤੇ ਦੇਸ਼ ਦੇ ਦੋਸਤਾਨਾ ਲੋਕਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿਤੀਆਂ। ਮੈਂਬਰਾਂ ਨੇ ਮੇਜ਼ਾਂ ਉਤੇ ਥਪਥਪਾ ਕੇ ਦੌਰਾ ਕਰਨ ਵਾਲੇ ਵਫ਼ਦ ਦਾ ਸਵਾਗਤ ਕੀਤਾ। 

ਵਿਰੋਧੀ ਧਿਰ ਨੇ ਰਾਜ ਸਭਾ ਵਿਚੋਂ ਕੀਤਾ ਵਾਕਆਊਟ 

ਵੋਟਰ ਸੂਚੀਆਂ ’ਚ ਵਿਸ਼ੇਸ਼ ਸੋਧ ਦੇ ਮੁੱਦੇ ਉਤੇ  ਚਰਚਾ ਦੀ ਵਿਰੋਧੀ ਧਿਰ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਵੀ ਰਾਜ ਸਭਾ ’ਚ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਰੇੜਕਾ ਜਾਰੀ ਰਿਹਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਸਰਕਾਰ ਵਿਚਾਰ ਵਟਾਂਦਰੇ ਲਈ ਤਿਆਰ ਹੈ ਪਰ ਸਮਾਂ-ਸੀਮਾ ਦੇਣ ਤੋਂ ਇਨਕਾਰ ਕਰ ਦਿਤਾ। 

ਵਿਰੋਧੀ ਪਾਰਟੀਆਂ ਨੇ ਮੰਗ ਕੀਤੀ ਕਿ ਐੱਸ.ਆਈ.ਆਰ. ਉਤੇ  ਚਰਚਾ ਨੂੰ ਹੋਰ ਕਾਰਵਾਈਆਂ ਨਾਲੋਂ ਪਹਿਲ ਦਿਤੀ  ਜਾਵੇ, ਜਦਕਿ  ਰਿਜਿਜੂ ਨੇ ਕਿਹਾ ਕਿ ‘ਵੰਦੇ ਮਾਤਰਮ’ ਉਤੇ  ਚਰਚਾ ਪਹਿਲਾਂ ਹੋਵੇਗੀ। ਐੱਸ.ਆਈ.ਆਰ. ਉਤੇ ਚਰਚਾ ਲਈ ਸਰਕਾਰ ਦੀ ਗੈਰ-ਤਰਜੀਹ ਦੇ ਵਿਰੋਧ ’ਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਦਨ ’ਚ ਨਾਅਰੇਬਾਜ਼ੀ ਕੀਤੀ ਅਤੇ ਫਿਰ ਸਦਨ ਤੋਂ ਬਾਹਰ ਵਾਕਆਊਟ ਕਰ ਦਿਤਾ। 

ਕਾਂਗਰਸ, ਤਿ੍ਰਣਮੂਲ ਕਾਂਗਰਸ, ਡੀ.ਐਮ.ਕੇ., ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ ਅਤੇ ਸੀ.ਪੀ.ਆਈ. (ਐਮ) ਦੇ ਨੇਤਾਵਾਂ ਨੇ ਮੰਗਲਵਾਰ ਨੂੰ ਰਿਜਿਜੂ ਨਾਲ ਮੁਲਾਕਾਤ ਕੀਤੀ ਅਤੇ ਐੱਸ.ਆਈ.ਆਰ. ਉਤੇ  ਤੁਰਤ  ਚਰਚਾ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਸਦਨ ਵਿਚ ਚੋਣ ਸੁਧਾਰਾਂ ਉਤੇ  ਵਿਚਾਰ-ਵਟਾਂਦਰੇ ਲਈ ਸਮਾਂ ਐਲਾਨਣਾ ਚਾਹੀਦਾ ਹੈ। 

ਜਦੋਂ ਉਪਰਲੇ ਸਦਨ ਦੀ ਸ਼ੁਰੂਆਤ ਹੋਈ ਤਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਇਸੇ ਮੁੱਦੇ ਉਤੇ  ਹੰਗਾਮਾ ਕਰ ਦਿਤਾ। ਹੰਗਾਮੇ ਵਿਚਕਾਰ, ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ‘ਸਿਫ਼ਰ ਕਾਲ’ ਜਾਰੀ ਰੱਖਿਆ। ਹੰਗਾਮਾ ਨਾ ਹੋਣ ਕਾਰਨ ਉਨ੍ਹਾਂ ਨੇ ਕਾਰਵਾਈ ਦੁਪਹਿਰ 2 ਵਜੇ ਤਕ ਮੁਲਤਵੀ ਕਰ ਦਿਤੀ।

ਜਦੋਂ ਦੁਪਹਿਰ ਦੋ ਵਜੇ ਸਦਨ ਦੁਬਾਰਾ ਬੈਠਿਆ ਤਾਂ ਰਿਜਿਜੂ ਨੇ ਕਿਹਾ ਕਿ ‘ਵੰਦੇ ਮਾਤਰਮ’ ਉਤੇ  ਚਰਚਾ ਪਹਿਲਾਂ ਹੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਬੈਠਕ ’ਚ ਸੂਚੀਬੱਧ ਕੀਤੀ ਜਾ ਚੁਕੀ ਹੈ ਅਤੇ ਇਸ ਤੋਂ ਪਹਿਲਾਂ ‘ਚੋਣ ਸੁਧਾਰਾਂ’ ਉਤੇ  ਚਰਚਾ ਹੋਵੇਗੀ। ਰਿਜਿਜੂ ਨੇ ਕਿਹਾ, ‘‘ਸਰਕਾਰ ਵਲੋਂ  ਅਸੀਂ ਚੋਣ ਸੁਧਾਰਾਂ ਉਤੇ  ਹੋਰ ਚਰਚਾ ਦਾ ਪ੍ਰਸਤਾਵ ਰਖਦੇ  ਹਾਂ। ਮੇਰੀ ਵਿਸ਼ੇਸ਼ ਅਪੀਲ ਹੈ ਕਿ ਜਦੋਂ ਸਰਕਾਰ ਵਿਚਾਰ-ਵਟਾਂਦਰੇ ਲਈ ਤਿਆਰ ਹੋਵੇ ਤਾਂ ਕਿਰਪਾ ਕਰ ਕੇ  ਕੋਈ ਸ਼ਰਤ ਨਾ ਰੱਖੋ ਕਿਉਂਕਿ ਫਿਰ ਇਹ ਰੁਝਾਨ ਬਣ ਜਾਵੇਗਾ।’’ ਰਿਜਿਜੂ ਨੇ ਕਿਹਾ ਕਿ ਕਾਰੋਬਾਰੀ ਸਲਾਹਕਾਰ ਕਮੇਟੀ ਦੀ ਅਗਲੀ ਬੈਠਕ ਵਿਚ ਹੋਰ ਮੁੱਦਿਆਂ ਉਤੇ  ਫੈਸਲਾ ਲਿਆ ਜਾਵੇਗਾ। 

ਇਸ ਉਤੇ  ਪ੍ਰਤੀਕਿਰਿਆ ਦਿੰਦੇ ਹੋਏ ਤਿ੍ਰਣਮੂਲ ਕਾਂਗਰਸ ਦੇ ਨੇਤਾ ਡੇਰੇਕ ਓ ਬ੍ਰਾਇਨ ਨੇ ਸਿਸਟਮ ਉਤੇ  ਸਵਾਲ ਉਠਾਉਂਦੇ ਹੋਏ ਕਿਹਾ ਕਿ 14 ਤੋਂ ਵੱਧ ਵਿਰੋਧੀ ਪਾਰਟੀਆਂ ਇਸ ਮੁੱਦੇ ਉਤੇ  ਚਰਚਾ ਚਾਹੁੰਦੀਆਂ ਹਨ ਕਿਉਂਕਿ ਲੋਕ ਐਸ.ਆਈ.ਆਰ. ਕਾਰਨ ਮਰ ਰਹੇ ਹਨ। 

ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਈ ਪਾਰਟੀਆਂ ਨੇ ਨਿਯਮ 267 ਤਹਿਤ ਇਸ ਮੁੱਦੇ ਉਤੇ  ਚਰਚਾ ਲਈ ਨੋਟਿਸ ਦਿਤਾ ਹੈ, ਜਿਸ ਨੂੰ ਤਰਜੀਹ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਵੰਦੇ ਮਾਤਰਮ ਸਾਡੇ ਪਾਸਿਓਂ ਆਈ ਹੈ, ਉਨ੍ਹਾਂ ਵਲੋਂ  ਨਹੀਂ।’’ ਇਸ ਉਤੇ  ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ, ‘‘ਵੰਦੇ ਮਾਤਰਮ ਹਰ ਕਿਸੇ ਦਾ ਹੈ।’’

ਡੀ.ਐਮ.ਕੇ. ਦੇ ਤਿਰੂਚੀ ਸਿਵਾ ਅਤੇ ਸੀ.ਪੀ.ਆਈ. (ਐਮ) ਦੇ ਜੌਨ ਬਿ੍ਰਟਾਸ ਨੇ ਵੀ ਮੰਗ ਕੀਤੀ ਕਿ ਪਹਿਲਾਂ ਚੋਣ ਸੁਧਾਰਾਂ ਉਤੇ  ਚਰਚਾ ਕੀਤੀ ਜਾਵੇ। ਜਿਵੇਂ ਹੀ ਚੇਅਰਮੈਨ ਨੇ ਹੋਰ ਕਾਰਵਾਈ ਕੀਤੀ, ਵਿਰੋਧੀ ਧਿਰ ਦੇ ਮੈਂਬਰਾਂ ਨੇ ਐਸ.ਆਈ.ਆਰ. ਦੇ ਮੁੱਦੇ ਉਤੇ  ਚਰਚਾ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ  ਅਤੇ ਫਿਰ ਸਦਨ ਤੋਂ ਬਾਹਰ ਚਲੇ ਗਏ। 

ਸੰਸਦ ਨੇ ਮਨੀਪੁਰ ਜੀ.ਐਸ.ਟੀ. ਬਿਲ ਨੂੰ ਮਨਜ਼ੂਰੀ ਦਿਤੀ

ਸੰਸਦ ਨੇ ਮੰਗਲਵਾਰ ਨੂੰ ਮਨੀਪੁਰ ਗੁਡਜ਼ ਐਂਡ ਸਰਵਿਸਿਜ਼ ਟੈਕਸ (ਦੂਜੀ ਸੋਧ) ਬਿਲ, 2025 ਨੂੰ ਮਨਜ਼ੂਰੀ ਦੇ ਦਿਤੀ, ਜੋ ਇਸ ਸਬੰਧ ’ਚ ਜਾਰੀ ਕੀਤੇ ਗਏ ਆਰਡੀਨੈਂਸ ਦੀ ਥਾਂ ਲਵੇਗਾ। ਵੋਟਰ ਸੂਚੀਆਂ ’ਚ ਵਿਸ਼ੇਸ਼ ਸੋਧ ਅਤੇ ਕੁੱਝ ਹੋਰ ਮੁੱਦਿਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਹੰਗਾਮੇ ਦਰਮਿਆਨ ਅੱਜ ਰਾਜ ਸਭਾ ’ਚ ਇਸ ਬਿਲ ਉਤੇ ਚਰਚਾ ਸ਼ੁਰੂ ਹੋਈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਜਵਾਬ ਤੋਂ ਬਾਅਦ ਉਪਰਲੇ ਸਦਨ ਨੇ ਬਿਲ ਨੂੰ ਜ਼ੁਬਾਨੀ ਵੋਟ ਰਾਹੀਂ ਵਾਪਸ ਕਰ ਦਿਤਾ। ਲੋਕ ਸਭਾ ਨੇ ਇਕ ਦਿਨ ਪਹਿਲਾਂ ਹੀ ਬਿਲ ਪਾਸ ਕਰ ਦਿਤਾ ਸੀ। ਵਿੱਤ ਮੰਤਰੀ ਸੀਤਾਰਮਨ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਮਨੀਪੁਰ ਗੁਡਜ਼ ਐਂਡ ਸਰਵਿਸਿਜ਼ ਟੈਕਸ (ਦੂਜੀ ਸੋਧ) ਬਿੱਲ, 2025 ਨੂੰ ਚਰਚਾ ਅਤੇ ਪਾਸ ਕਰਨ ਲਈ ਪੇਸ਼ ਕੀਤਾ ਸੀ। ਉਪਰਲੇ ਸਦਨ ਵਿਚ ਬਿਲ ਉਤੇ ਚਰਚਾ ਦਾ ਜਵਾਬ ਦਿੰਦੇ ਹੋਏ, ਵਿੱਤ ਮੰਤਰੀ ਨੇ ਕਿਹਾ ਕਿ ਇਹ ਬਿਲ ਮਨੀਪੁਰ ਵਸਤੂ ਅਤੇ ਸੇਵਾ ਟੈਕਸ (ਦੂਜੀ ਸੋਧ) ਆਰਡੀਨੈਂਸ ਦੀ ਥਾਂ ਲਵੇਗਾ, ਜੋ ਕਿ 7 ਅਕਤੂਬਰ, 2025 ਨੂੰ ਜਾਰੀ ਕੀਤਾ ਗਿਆ ਸੀ। ਸੀਤਾਰਮਨ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੀ.ਐਸ.ਟੀ. ਕਾਨੂੰਨ ਵਿਚ ਕੀਤੀਆਂ ਗਈਆਂ ਸੋਧਾਂ ਅਕਤੂਬਰ 2025 ਵਿਚ ਲਾਗੂ ਹੋਈਆਂ ਸਨ ਅਤੇ ਅੱਧੇ ਤੋਂ ਵੱਧ ਸੂਬਿਆਂ ਵਲੋਂ ਅਪਡੇਟ ਕੀਤੀਆਂ ਗਈਆਂ ਸਨ, ਪਰ ਮਨੀਪੁਰ ਵਿਚ ਰਾਜ ਵਿਧਾਨ ਸਭਾ ਨੂੰ ਮੁਅੱਤਲ ਕਰਨ ਕਾਰਨ ਇਸ ਨੂੰ 7 ਅਕਤੂਬਰ ਨੂੰ ਇਕ ਆਰਡੀਨੈਂਸ ਰਾਹੀਂ ਲਾਗੂ ਕੀਤਾ ਗਿਆ ਸੀ। ਅਪਣੇ ਜਵਾਬ ’ਚ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦੇ ਉਨ੍ਹਾਂ ਮੈਂਬਰਾਂ ਉਤੇ ਨਿਸ਼ਾਨਾ ਵਿੰਨਿ੍ਹਆ ਜੋ ਸਦਨ ’ਚ ਮੌਜੂਦ ਨਹੀਂ ਸਨ। ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ‘ਚੋਣ ਸੁਧਾਰਾਂ’ ਉਤੇ ਤੁਰਤ ਵਿਚਾਰ ਵਟਾਂਦਰੇ ਦੀ ਮੰਗ ਨੂੰ ਲੈ ਕੇ ਵਾਕਆਊਟ ਕੀਤਾ। ਮਨੀਪੁਰ ਵਿਚ ਇਸ ਸਮੇਂ ਰਾਸ਼ਟਰਪਤੀ ਸ਼ਾਸਨ ਚਲ ਰਿਹਾ ਹੈ।