ਰੇਲਵੇ ਟਿਕਟ ਬੁਕਿੰਗ 'ਤੇ ਮਿਲੇਗੀ ਪੰਜ ਫ਼ੀ ਸਦੀ ਦੀ ਛੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

5 ਫ਼ੀ ਸਦੀ ਦੀ ਛੋਟ ਦਾ ਲਾਭ ਲੈਣ ਲਈ ਟਿਕਟ ਕਾਉਂਟਰ ਤੋਂ ਬੁੱਕ ਕਰਵਾਉਣੀ ਪਵੇਗੀ। ਨਾਲ ਹੀ ਟਿਕਟ ਦਾ ਭੂਗਤਾਨ ਭੀਮ ਐਪ ਤੋਂ ਕਰਨ 'ਤੇ ਹੀ 5 ਫ਼ੀ ਸਦੀ ਦੀ ਛੋਟ ਮਿਲੇਗੀ।

Indian Railways

ਨਵੀਂ ਦਿੱਲੀ : ਭਾਰਤੀ ਰੇਲਵੇ ਵੱਲੋਂ ਯਾਤਰੀਆਂ ਦੀ ਰੇਲ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਕਈ ਅਹਿਮ ਫ਼ੈਸਲੇ ਲਏ ਜਾਂਦੇ ਹਨ। ਇਸ ਦੇ ਲਈ ਵਿਭਾਗ ਯਾਤਰੀਆਂ ਦੀ ਰਾਹਤ ਲਈ ਟ੍ਰੇਨਾਂ ਵਿਚ ਬਦਲਾਅ ਕਰਨ ਦੇ ਨਾਲ ਹੀ ਕਈ ਨਵੀਂਆਂ ਟ੍ਰੇਨਾਂ ਵੀ ਚਲਾਉਂਦਾ ਹੈ। ਲੰਮੇ ਸਫ਼ਰ ਨੂੰ ਘਟਾਉਣ ਲਈ ਰੇਲਵੇ ਨੇ ਹਾਈ ਸਪੀਡ ਟ੍ਰੇਨ ਚਲਾਉਣ ਦਾ ਫ਼ੈਸਲਾ ਲੈਂਦੇ ਹੋਏ ਤੇਜਸ ਐਕਸਪ੍ਰੈਸ ਅਤੇ ਮਹਾਮਨਾ ਟ੍ਰੇਨ ਨੂੰ ਸ਼ੁਰੂ ਕੀਤਾ ਅਤੇ ਇਸ ਦੇ ਨਾਲ ਹੀ ਬਿਨਾਂ ਇੰਜਣ ਤੋਂ ਚਲਾਈ ਜਾ ਸਕਣ ਵਾਲੀ ਟ੍ਰੇਨ-18 ਦਾ ਟ੍ਰਾਇਲ ਕੀਤਾ ਜਾ ਰਿਹਾ ਹੈ।

ਟ੍ਰੇਨ-18 ਨੂੰ 130 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਾਇਆ ਜਾਵੇਗਾ। ਟ੍ਰੇਨ ਵਿਚ ਖਾਣ-ਪੀਣ ਦੇ ਲਈ ਖਰੀਦੇ ਜਾਣ ਵਾਲੇ ਸਮਾਨ 'ਤੇ ਕੈਸ਼ਲੈਸ ਸੁਵਿਧਾ ਵੀ ਦਿਤੀ  ਗਈ ਹੈ। ਇਹਨਾਂ ਸਾਰੀਆਂ ਸੁਵਿਧਾਵਾਂ ਦੇ ਨਾਲ ਹੀ ਹੁਣ ਰੇਲਵੇ ਵੱਲੋਂ ਟਿਕਟ ਬੁਕਿੰਗ 'ਤੇ ਪੰਜ ਫ਼ੀ ਸਦੀ ਦੀ ਛੋਟ ਦਿਤੀ ਜਾ ਰਹੀ ਹੈ। ਰਾਖਵੀਂ ਸ਼੍ਰੇਣੀ ਦੀਆਂ ਟਿਕਟਾਂ 'ਤੇ 5 ਫ਼ੀ ਸਦੀ ਛੋਟ ਦਿਤੀ ਜਾਵੇਗੀ। ਮੰਤਰਾਲੇ ਨੇ ਪਿਛਲੇ ਸਾਲ ਅਪ੍ਰੈਲ ਵਿਚ ਤਿੰਨ ਮਹੀਨੇ ਦੇ ਲਈ ਇਹ ਯੋਜਨਾ ਸ਼ੁਰੂ ਕੀਤੀ ਸੀ

ਪਰ ਹੁਣ ਇਸ ਨੂੰ 13 ਜੂਨ 2019 ਤੱਕ ਵਧਾ ਦਿਤਾ ਗਿਆ ਹੈ। 5 ਫ਼ੀ ਸਦੀ ਦੀ ਛੋਟ ਦਾ ਲਾਭ ਲੈਣ ਲਈ ਟਿਕਟ ਕਾਉਂਟਰ ਤੋਂ ਬੁੱਕ ਕਰਵਾਉਣੀ ਪਵੇਗੀ। ਨਾਲ ਹੀ ਟਿਕਟ ਦਾ ਭੂਗਤਾਨ ਭੀਮ ਐਪ ਤੋਂ ਕਰਨ 'ਤੇ ਹੀ 5 ਫ਼ੀ ਸਦੀ ਦੀ ਛੋਟ ਮਿਲੇਗੀ। ਇਹ ਛੋਟ 100 ਰੁਪਏ ਜਾਂ ਉਸ ਤੋਂ ਵੱਧ ਕੀਮਤ ਵਾਲੇ ਟਿਕਟ 'ਤੇ ਮਿਲੇਗੀ। ਛੋਟ ਵੱਧ ਤੋਂ ਵੱਧ 50 ਰੁਪਏ ਤੱਕ ਦੀ ਹੋਵੇਗੀ। ਪੰਜ ਫ਼ੀ ਸਦੀ ਛੋਟ ਟਿਕਟ ਦੇ ਮੂਲ ਕਿਰਾਏ ਵਿਚ ਦਿਤੀ ਜਾਵੇਗੀ।