ਟ੍ਰਾਸਜੇਂਡਰ ਨੂੰ ਵੀ ਰੇਲਵੇ ਦੇਵੇਗਾ ਸੀਨੀਅਰ ਸਿਟੀਜ਼ਨ ਦੇ ਲਾਭ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਹੁਣ ਸੀਨੀਅਰ ਸਿਟੀਜ਼ਨ (60 ਸਾਲ ਤੋਂ ਉਪਰ) ਟ੍ਰਾਂਸਜੇਂਡਰਾਂ ਨੂੰ ਪਹਿਲੀ ਜਨਵਰੀ ਤੋਂ ਰੇਲ ਕਿਰਾਏ ਵਿਚ 40 ਫ਼ੀ ਸਦੀ ਛੋਟ ਦਿਤੀ ਜਾਵੇਗੀ।

Indian Railways

ਫਿਰੋਜ਼ਪੁਰ, (ਸ.ਸ.ਸ.) : ਰੇਲਵੇ ਸਾਲ 2019 ਦੇ ਪਹਿਲੇ ਦਿਨ ਤੋਂ ਹੀ ਟ੍ਰਾਸਜੇਂਡਰਾ ( ਕਿਨਰਾਂ) ਨੂੰ ਵੱਡਾ ਤੋਹਫ਼ਾ ਦੇਵੇਗਾ। ਇਹ ਤੋਹਫ਼ਾ ਸੀਨੀਅਰ ਸਿਟੀਜ਼ਨ ਪੁਰਸ਼-ਮਹਿਲਾਵਾਂ ਦੀ ਤਰ੍ਹਾਂ ਹੀ 60 ਸਾਲ ਤੋਂ ਵੱਧ ਉਮਰ ਦੇ ਟਰਾਂਸਜੇਂਡਰ ਨੂੰ ਰੇਲ ਕਿਰਾਏ ਦੇ ਤੌਰ 'ਤੇ ਮਿਲੇਗਾ। ਹਾਲਾਂਕਿ ਟ੍ਰਾਂਸਜੇਂਡਰਾਂ (ਟੀ) ਨੂੰ ਤੀਜੇ ਲਿੰਗ ਦੇ ਤੌਰ 'ਤੇ ਮਾਨਤਾ ਦੇਣ ਦੇ ਲਈ ਰੇਲਵੇ ਵੱਲੋਂ ਰਿਜ਼ਰਵੇਸ਼ਨ ਫਾਰਮ ਵਿਚ ਦੋ ਸਾਲ ਪਹਿਲਾਂ ਹੀ ਇਹ ਪ੍ਰਬੰਧ ਕੀਤਾ ਜਾ ਚੁੱਕਾ ਹੈ।

ਹੁਣ ਸੀਨੀਅਰ ਸਿਟੀਜ਼ਨ (60 ਸਾਲ ਤੋਂ ਉਪਰ) ਟ੍ਰਾਂਸਜੇਂਡਰਾਂ ਨੂੰ ਪਹਿਲੀ ਜਨਵਰੀ ਤੋਂ ਰੇਲ ਕਿਰਾਏ ਵਿਚ 40 ਫ਼ੀ ਸਦੀ ਛੋਟ ਦਿਤੀ ਜਾਵੇਗੀ। ਇਸ ਦਾ ਸਰਕੂਲਰ 14 ਦਸੰਬਰ ਨੂੰ ਜ਼ਾਰੀ ਹੋ ਚੁੱਕਾ ਹੈ। ਰੇਲਵੇ ਬੋਰਡ ਦੇ ਡਾਇਰੈਕਟਰ ਪੈਸੇਂਜਰ  (ਮਾਰਕਟਿੰਗ) ਸ਼ੈਲੀ ਸ਼੍ਰੀਵਾਸਤਵ ਵੱਲੋਂ ਜ਼ਾਰੀ ਹੁਕਮ ਮੁਤਾਬਕ 60 ਸਾਲ ਤੋਂ ਉਪਰ ਦੇ ਕਿਨਰਾਂ ਨੂੰ ਕਿਰਾਏ ਵਿਚ 40 ਫ਼ੀ ਸਦੀ ਦਾ ਲਾਭ ਦੇਣ ਲਈ ਰੇਲਵੇ ਨੇ ਅਪਣੇ ਸੀਆਰਆਈਐਸ ਅਤੇ ਆਈਆਰਸੀਟੀਸੀ ਦੇ ਸਾਫਟਵੇਅਰ ਵਿਚ ਬਦਲਾਅ ਕਰ ਲਏ ਹਨ।

ਸੀਨੀਅਰ ਸਿਟੀਜ਼ਨ ਦੇ ਤੌਰ 'ਤੇ ਰਾਖਵੀਆਂ ਰਹਿਣ ਵਾਲੀਆਂ ਸੀਟਾਂ ਵਿਚੋਂ ਹੀ ਕਿਨਰਾਂ ਨੂੰ ਸੀਟਾਂ ਉਪਲਬਧ ਕਰਵਾਈਆਂ ਜਾਣਗੀਆਂ।  ਫਿਰੋਜ਼ਪੁਰ ਸ਼ਾਂਤੀ ਨਗਰ ਨਿਵਾਸੀ ਮੰਹਤ ਗੁੱਡੀ ਬਾਬਾ ਨੇ ਕਿਹਾ ਕਿ ਉਹਨਾਂ ਦੇ ਸਮੁਦਾਇ ਦੀ ਇਹ ਬਹੁਤ ਪੁਰਾਣੀ ਮੰਗ ਸੀ ਜਿਸ ਨੂੰ ਰੇਲਵੇ ਨੇ ਹੁਣ ਮੰਨ ਲਿਆ ਹੈ। ਕੇਂਦਰ ਸਰਕਾਰ ਨੇ ਇਹ ਇਕ ਚੰਗਾ ਫ਼ੈਸਲਾ ਲਿਆ ਹੈ। ਅਸੀਂ ਸਮੁਦਾਇ ਵੱਲੋ ਰੇਲਵੇ ਦਾ ਧੰਨਵਾਦ ਕਰਦੇ ਹਾਂ।