ਨਿਜੀ ਸਕੂਲਾਂ ਵਿਚ ਗੀਤਾ, ਹਨੂਮਾਨ ਚਾਲੀਸਾ ਪੜ੍ਹਾਏ ਜਾਣ : ਗਿਰੀਰਾਜ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਸਕਾਰਾਂ ਦੀ ਕਮੀ ਕਾਰਨ ਵਿਦੇਸ਼ ਪੜ੍ਹਨ ਗਏ ਭਾਰਤੀ ਬੱਚੇ ਗਊ ਮਾਸ ਖਾਣ ਲੱਗ ਪੈਂਦੇ ਹਨ

Giriraj Singh

ਬੇਗੂਸਰਾਏ : ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਨਵਾਂ ਵਿਵਾਦ ਖੜਾ ਕਰਦਿਆਂ ਦੋਸ਼ ਲਾਇਆ ਕਿ ਮਿਸ਼ਨਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਅੰਦਰ ਸੰਸਕਾਰਾਂ ਦੀ ਕਮੀ ਹੁੰਦੀ ਹੈ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਜਦ ਉਹ ਵਿਦੇਸ਼ ਪੜ੍ਹਨ ਜਾਂਦੇ ਹਨ ਤਾਂ ਗਊ ਮਾਸ ਖਾਣ ਲੱਗ ਪੈਂਦੇ ਹਨ। ਯੂਪੀ ਦੇ ਅਪਣੇ ਲੋਕ ਸਭਾ ਹਲਕੇ ਵਿਚ ਧਾਰਮਕ ਸਮਾਗਮ ਨੂੰ ਸੰਬੋਧਤ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਇਸ ਦੇ ਉਪਾਅ ਵਜੋਂ ਨਿਜੀ ਸਕੂਲਾਂ ਵਿਚ ਗੀਤਾ ਦੇ ਸਲੋਕਾਂ ਅਤੇ ਹਨੂਮਾਨ ਚਾਲੀਸਾ ਦੀਆਂ ਚੌਪਈਆਂ ਪੜ੍ਹਾਈਆਂ ਜਾਣੀਆਂ ਚਾਹੀਦੀਆਂ ਹਨ

ਉਨ੍ਹਾਂ ਕਿਹਾ, 'ਮੈਂ ਇਥੇ ਮੌਜੂਦ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਸ ਦੀ ਸ਼ੁਰੂਆਤ ਨਿਜੀ ਸਕੂਲਾਂ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰੀ ਸਕੂਲਾਂ ਵਿਚ ਜੇ ਅਸੀਂ ਇੰਜ ਕੀਤਾ ਤਾਂ ਸਾਡੇ 'ਤੇ ਭਗਵਾਂ ਏਜੰਡਾ ਲਾਗੂ ਕਰਨ ਦਾ ਦੋਸ਼ ਲਾਇਆ ਜਾਵੇਗਾ।' ਕੇਂਦਰੀ ਮੰਤਰੀ ਨੇ ਕਿਹਾ, 'ਮੈਂ ਅਜਿਹਾ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਵੇਖਿਆ ਗਿਆ ਹੈ ਕਿ ਮਿਸ਼ਨਰੀ ਸਕੂਲਾਂ ਵਿਚ ਚੰਗੇ ਪਰਵਾਰਾਂ ਦੇ ਬੱਚੇ ਪੜ੍ਹਾਈ ਦੇ ਮਾਮਲੇ ਵਿਚ ਤਾਂ ਬਿਹਤਰ ਹੁੰਦੇ ਹਨ, ਉਨ੍ਹਾਂ ਦਾ ਕਰੀਅਰ ਸਫ਼ਲ ਹੁੰਦਾ ਹੈ ਪਰ ਜਦ ਉਹ ਵਿਦੇਸ਼ ਜਾਂਦੇ ਹਨ ਤਾਂ ਗਊ ਮਾਸ ਖਾਣ ਲਗਦੇ ਹਨ।

ਅਜਿਹਾ ਕਿਉਂ? ਕਾਰਨ ਹੈ ਕਿ ਉਨ੍ਹਾਂ ਨੂੰ ਸੰਸਕਾਰ ਨਹੀਂ ਦਿਤੇ ਗਏ।' ਗਿਰੀਰਾਜ ਸਿੰਘ ਨੇ ਕਿਹਾ, 'ਸਾਡੇ 'ਤੇ ਕੱਟੜਵਾਦੀ ਹੋਣ ਦੇ ਦੋਸ਼ ਲਗਦੇ ਹਨ। ਸਾਡੇ ਸਭਿਆਚਾਰ ਦੀ ਇਹੋ ਉਦਾਰਤਾ ਹੈ। ਅਸੀਂ ਲੋਕ ਕੀੜੀਆਂ ਨੂੰ ਮਿੱਠਾ ਖਵਾਉਂਦੇ ਹਾਂ ਅਤੇ ਸੱਪ ਨੂੰ ਦੁੱਧ ਪਿਆਉਂਦੇ ਹਾਂ।

ਇਹ ਵਖਰੀ ਗੱਲ ਹੈ ਕਿ ਕਦੇ ਕਦੇ ਇਹ ਸੱਪ ਸਾਨੂੰ ਡਰਾਉਂਦੇ ਹਨ।' ਕੇਦਰੀ ਮੰਤਰੀ ਨੇ ਸੋਧੇ ਹੋਏ ਨਾਗਰਿਕਤਾ ਕਾਨੂੰਨ ਦੇ ਹੱਕ ਵਿਚ ਹੋਏ ਸਮਾਗਮ ਨੂੰ ਵੀ ਸੰਬੋਧਤ ਕੀਤਾ ਅਤੇ ਇਸ ਕਾਨੂੰਨ ਵਿਰੋਧੀ ਪ੍ਰਦਰਸ਼ਨਾਂ ਦੀ ਤੁਲਨਾ ਪਾਕਿਸਤਾਨ ਦੀ ਸ਼ਹਿ ਹਾਸਲ 'ਗਜਵਾ ਏ ਹਿੰਦ' ਯਾਨੀ ਭਾਰਤ ਵਿਰੁਧ ਧਰਮ ਦੇ ਨਾਮ 'ਤੇ ਜੰਗ-ਨਾਲ ਕੀਤੀ। ਉਨ੍ਹਾਂ ਕਾਨੂੰਨ ਦੀ ਆਲੋਚਨਾ ਕਰਨ 'ਤੇ ਕਾਂਗਰਸ ਅਤੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸਖ਼ਤ ਆਲੋਚਨਾ ਕੀਤੀ।

ਪ੍ਰਧਾਨ ਮੰਤਰੀ ਦੇ ਸੰਸਦੀ ਹਲਕੇ ਵਿਚ ਪਿਛਲੇ ਸਾਲ 359 ਦਿਨ ਲਾਗੂ ਰਹੀ ਧਾਰਾ 144 : ਪ੍ਰਿਯੰਕਾ
ਨਵੀਂ ਦਿੱਲੀ : ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਿਚ ਬੀਤੇ ਸਾਲ 359 ਦਿਨਾਂ ਤਕ ਕਿਸੇ ਨਾ ਕਿਸੇ ਕਾਰਨ ਧਾਰਾ 144 ਲਾਗੂ ਰਹੀ। ਉਨ੍ਹਾਂ ਇਕ ਖ਼ਬਰ ਦਾ ਹਵਾਲਾ ਦਿੰਦਿਆਂ ਕਿਹਾ, 'ਪ੍ਰਧਾਨ ਮੰਤਰੀ ਦੇ ਸੰਸਦੀ ਖੇਤਰ ਵਾਰਾਣਸੀ ਵਿਚ 2019 ਵਿਚ 365 ਦਿਨਾਂ ਵਿਚੋਂ 359 ਦਿਨ ਧਾਰਾ 144 ਲਾਗੂ ਰਹੀ।'

ਪ੍ਰਿਯੰਕਾ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਵਿਅੰਗ ਕਰਦਿਆਂ ਕਿਹਾ, 'ਇਸ ਹਾਲਤ ਵਿਚ ਵੀ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ।' ਉਹ ਸੋਧੇ ਹੋਏ ਨਾਗਰਿਕਤਾ ਕਾਨੂੰਨ ਵਿਰੁਧ ਪ੍ਰਦਰਸ਼ਨਾਂ ਮਗਰੋਂ ਹੋਈਆਂ ਗ੍ਰਿਫ਼ਤਾਰੀਆਂ ਅਤੇ ਪੁਲਿਸ ਕਾਰਵਾਈ ਸਬੰਧੀ ਕੇਂਦਰ ਅਤੇ ਯੂਪੀ ਦੀ ਭਾਜਪਾ ਸਰਕਾਰ 'ਤੇ ਲਗਾਤਾਰ ਹਮਲੇ ਕਰ ਰਹੀ ਹੈ।