ਗਿਰੀਰਾਜ ਨੇ ਸ਼ਬਾਨਾ ਆਜ਼ਮੀ ਨੂੰ ਦੱਸਿਆ ‘ਟੁਕੜੇ-ਟੁਕੜੇ ਗੈਂਗ’ ਦੀ ਨਵੀਂ ਨੇਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਅਪਣੇ ਵਿਵਾਦਿਤ ਬਿਆਨਾਂ ਨਾਲ ਚਰਚਾ ਵਿਚ ਰਹਿਣ ਵਾਲੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਇਕ ਵਾਰ ਫਿਰ ਸੁਰਖੀਆਂ ਵਿਚ ਹਨ।

Giriraj Singh and Shabana Azmi

ਨਵੀਂ ਦਿੱਲੀ: ਅਪਣੇ ਵਿਵਾਦਿਤ ਬਿਆਨਾਂ ਨਾਲ ਚਰਚਾ ਵਿਚ ਰਹਿਣ ਵਾਲੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਇਸ ਵਾਰ ਉਹਨਾਂ ਨੇ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ‘ਟੁਕੜੇ ਟੁਕੜ ਗੈਂਗ’ ਦੀ ਨਵੀਂ ਨੇਤਾ ਦੱਸਿਆ ਹੈ। ਗਿਰੀਰਾਜ ਸਿੰਘ ਨੇ ਸ਼ਬਾਨਾ ਆਜ਼ਮੀ ‘ਤੇ ਸਰਕਾਰ ਦੀ ਅਲੋਚਨਾ ਕਰ ਕੇ ਦੇਸ਼ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ।

ਅਦਾਕਾਰਾ ਦਾ ਇਕ ਵੀਡੀਓ ਸ਼ੇਅਰ ਕਰਦੇ ਹੋਏ, ਜਿਸ ਵਿਚ ਉਸ ਨੇ ਕਿਹਾ ਸੀ ਕਿ, ‘ਜੇਕਰ ਅਸੀਂ ਸਰਕਾਰ ਦੀ ਅਲੋਚਨਾ ਕਰਦੇ ਹਾਂ ਤਾਂ ਸਾਨੂੰ ਦੇਸ਼ ਵਿਰੋਧੀ ਕਰਾਰ ਦਿੱਤਾ ਜਾਂਦਾ ਹੈ’, ਭਾਜਪਾ ਆਗੂ ਨੇ ਹਿੰਦੀ ਵਿਚ ਟਵੀਟ ਕੀਤਾ, ‘ਸ਼ਬਾਨਾ ਆਜ਼ਮੀ ਟੁਕੜੇ ਟੁਕੜੇ ਗੈਂਗ ਅਤੇ ਅਵਾਰਡ ਵਾਪਸੀ ਗੈਂਗ’ ਦੀ ਨੇਤਾ ਹੈ’। ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਾਂਗਰਸ ‘ਤੇ ਹਮਲਾ ਕਰਨ ਲਈ ‘ਟੁਕੜੇ-ਟੁਕੜੇ ਗੈਂਗ’ ਦੀ ਵਰਤੋਂ ਕੀਤੀ ਸੀ।

 


 

ਅਪਣੀ ਅਲੋਚਨਾ ‘ਤੇ ਜਵਾਬ ਦਿੰਦਿਆ ਸ਼ਬਾਨਾ ਆਜ਼ਮੀ ਨੇ ਸੋਮਵਾਰ ਨੂੰ ਕਿਹਾ ਕਿ ਉਹਨਾਂ ਵੱਲੋਂ ਕੀਤੀ ਗਈ ਸਰਕਾਰ ਦੀ ਅਲੋਚਨਾ ਸਿਰਫ਼ ਭਾਜਪਾ ਤੱਕ ਸੀਮਤ ਨਹੀਂ ਹੈ ਅਤੇ ਉਹਨਾਂ ਨੇ 1989 ਵਿਚ ਜਦੋਂ ਕਾਂਗਰਸ ਸੱਤਾ ਵਿਚ ਸੀ ਉਸ ਸਮੇਂ ਕਾਂਗਰਸ ਦੀ ਵੀ ਅਲੋਚਨਾ ਕੀਤੀ ਸੀ। ਸ਼ਬਾਨਾ ਨੇ ਉਰਦੂ ਸ਼ਾਇਰ ਫੈਜ਼ ਅਹਿਮਦ ਦਾ ਸ਼ੇਅਰ ਟਵੀਟ ਕੀਤਾ, ‘ਬੋਲ ਕੇ ਲਬ ਆਜ਼ਾਦ ਹੈ ਤੇਰੇ, ਬੋਲ ਜ਼ੁਬਾਂ ਅਬ ਤੱਕ ਤੇਰੀ ਹੈ...ਬੋਲ ਦੇ ਸਚ ਜਿੰਦਾ ਹੈ ਅਬ ਤਕ, ਬੋਲ ਜੋ ਕੁਛ ਕਹਨਾ ਹੈ ਕਹਿ ਲੇ..’।

 


 

ਜ਼ਿਕਰਯੋਗ ਹੈ ਕਿ ਸ਼ਬਾਨਾ ਆਜ਼ਮੀ ਨੇ ਸ਼ਨੀਵਾਰ ਨੂੰ ਇੰਦੋਰ ਵਿਖੇ ਇਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ, ‘ਮਾਹੌਲ ਕੁਝ ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਹੈ ਕਿ ਸਰਕਾਰ ਦੀ ਬੁਰਾਈ ਕਰਨ ਵਾਲੇ ਲੋਕਾਂ ਨੂੰ ਉਸੇ ਸਮੇਂ ‘ਰਾਸ਼ਟਰ ਵਿਰੋਧੀ’ ਕਹਿ ਦਿੱਤਾ ਜਾਂਦਾ ਹੈ’। ਸ਼ਬਾਨਾ ਦੇ ਇਸ ਬਿਆਨ ਤੋਂ ਬਾਅਦ ਉਸ ਦੀ ਕਾਫ਼ੀ ਅਲੋਚਨਾ ਕੀਤੀ ਜਾ ਰਹੀ ਹੈ।