ਕਾਰਾਂ 'ਚ ਆਉਣ ਵਾਲਾ ਏ ਵੱਡਾ ਬਦਲਾਅ, ਦਿਗਜ਼ ਕੰਪਨੀ ਨੇ ਕੀਤਾ ਅਹਿਮ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

2025 ਤਕ ਬਾਜ਼ਾਰ 'ਚ ਆਉਣਗੀਆਂ 44 ਇਲੈਕਟ੍ਰਿਕ ਕਾਰਾਂ

file photo

ਨਵੀਂ ਦਿੱਲੀ : ਦਿਨੋਂ ਦਿਨ ਵਧਦੀਆਂ ਤੇਲ ਕੀਮਤਾਂ ਅਤੇ ਪ੍ਰਦੂਸ਼ਣ ਨੇ ਹਰ ਕਿਸੇ ਦੀ ਨੱਕ 'ਚ ਦਮ ਕੀਤਾ ਹੋਇਆ ਹੈ। ਵਿਗਿਆਨੀ ਪਹਿਲਾਂ ਹੀ ਆਉਣ ਵਾਲੇ ਸਮੇਂ 'ਚ ਇਸ ਸਮੱਸਿਆ ਦੇ ਵਿਕਰਾਲ ਰੁਖ ਅਖਤਿਆਰ ਕਰਨ ਦੀਆਂ ਭÎਵਿੱਖਬਾਣੀਆਂ ਕਰ ਚੁੱਕੇ ਹਨ। ਇਸ ਦੇ ਮੱਦੇਨਜ਼ਰ ਹੁਣ ਕਾਰ ਨਿਰਮਾਤਾ ਕੰਪਨੀਆਂ ਨੇ ਵੀ ਇਸ ਦੇ ਹੱਲ ਲਈ ਕਮਰਕੱਸੇ ਕੱਸ ਲਏ ਹਨ।

ਦੇਸ਼ ਦੀ ਵੱਡੀ ਦਿਗਜ਼ ਕਾਰ ਨਿਰਮਾਤਾ ਕੰਪਨੀ ਹੁੰਡਈ ਨੇ ਇਲੈਕਟ੍ਰਿਕ ਕਾਰਾਂ ਨੂੰ ਬਜ਼ਾਰ 'ਚ ਉਤਾਰਨ ਦਾ ਵੱਡਾ ਐਲਾਨ ਕਰ ਦਿਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਸਾਲ 2025 ਤਕ 44 ਇਲੈਕਟ੍ਰਿਕ ਕਾਰਾਂ ਬਾਜ਼ਾਰ ਵਿਚ ਉਤਾਰ ਦਿਤੀਆਂ ਜਾਣਗੀਆਂ।

ਕੰਪਨੀ ਵੱਧ ਤੋਂ ਵੱਧ ਕਾਰਾਂ ਬਾਜ਼ਾਰ 'ਚ ਉਤਾਰ ਕੇ ਇਲੈਕਟ੍ਰਿਕ ਕਾਰ ਮਾਰਕੀਟ 'ਚ ਧਾਕ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਨੇ ਇਸ ਐਲਾਨ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿਖੇ ਕੀਤਾ ਹੈ। ਕੰਪਨੀਆਂ ਵਲੋਂ ਬਾਜ਼ਾਰ 'ਚ ਉਤਾਰੀਆਂ ਜਾਣ ਵਾਲੀਆਂ 44 ਇਲੈਕਟ੍ਰਿਕ ਕਾਰਾਂ ਵਿਚ 11 ਬੀਈਵੀ ਮਾਡਲ ਵੀ ਸ਼ਾਮਲ ਹਨ।

ਹੁੰਡਈ ਕੰਪਨੀ ਵਲੋਂ ਨਵੀਂ ਟੈਕਨਾਲੋਜੀ ਤੇ ਕਾਰੋਬਾਰ ਜਿਵੇਂ ਰੋਬੋਟਿਕਸ ਤੇ ਯੂਏਐਮ ਦੇ ਵਿਕਾਸ 'ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਕੰਪਨੀ ਅਨੁਸਾਰ 13 ਹਾਈਬ੍ਰਿਡ, 6 ਪਲੱਗਇਨ ਹਾਈਬ੍ਰਿਡ, 23 ਬੈਟਰੀ ਇਲੈਕਟ੍ਰਿਕ ਤੇ ਦੋ ਫਿਊਲ ਬੈਟਰੀ ਇਲੈਕਟ੍ਰਿਕ ਵਾਹਨ ਬਾਜ਼ਾਰ ਵਿਚ ਲਾਂਚ ਕੀਤੇ ਜਾਣਗੇ।

ਪਿਛਲੇ ਸਾਲ ਵੀ ਹੁੰਡਈ ਨੇ ਭਾਰਤ ਵਿਚ ਇਲੈਕਟ੍ਰਿਕ ਐਸਯੂਵੀ ਕੋਨਾ (ਹੁੰਡਈ ਕੋਨਾ) ਲਾਂਚ ਕੀਤੀ ਸੀ। ਇਸ ਕਾਰ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਦੱਸ ਦਈਏ ਕਿ ਕੇਂਦਰ ਸਰਕਾਰ ਵੀ ਇਲੈਕਟ੍ਰਿਕ ਵਾਹਨਾਂ ਨੂੰ  ਉਤਸ਼ਾਹਤ ਕਰਨ ਲਈ ਕਦਮ ਉਠਾ ਰਹੀ ਹੈ।

ਪਿਛਲੇ ਸਮੇਂ ਦੌਰਾਨ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੋਣ ਕਾਰਨ ਸੜਕਾਂ 'ਤੇ ਵਾਹਨਾਂ ਦੀ ਗਿਣਤੀ ਘਟਾਉਣ ਵਰਗੇ ਕਦਮ ਚੁੱਕਣੇ ਪਏ ਸਨ। ਇਸ ਕਾਰਨ ਭਵਿੱਖੀ ਸਮੱਸਿਆਵਾਂ ਦੇ ਹੱਲ ਲਈ ਇਲੈਕਟ੍ਰਿਕ ਵਾਹਨਾਂ ਨੂੰ ਤਰਜੀਹ ਦੇਣਾ ਲਾਜ਼ਮੀ ਹੁੰਦਾ ਜਾ ਰਿਹਾ ਹੈ। ਇਸ ਕਾਰਨ ਕੰਪਨੀ ਦਾ ਇਹ ਐਲਾਨ ਅਹਿਮ ਮੰਨਿਆ ਜਾ ਰਿਹਾ ਹੈ।