'ਜੇ ਬੱਸਾਂ ਨਾ ਜਲਦੀਆਂ ਤਾਂ ਡੰਡਾ ਵੀ ਨਹੀਂ ਚੱਲਦਾ'-ਅਮਿਤ ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮਿਤ ਸ਼ਾਹ ਨੇ CAA ਪ੍ਰਦਰਸ਼ਨਾਂ ਦੌਰਾਨ ਪੁਲਿਸ ਕਾਰਵਾਈ ਦੀ ਕੀਤੀ ਹਮਾਇਤ, ਪੜ੍ਹੋ ਕੀ ਕਿਹਾ

Amit Shah

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਪੁਲਿਸ ਕਾਰਵਾਈ ਦਾ ਸਮਰਥਨ ਕੀਤਾ ਹੈ। ਇਕ ਇੰਟਰਵਿਊ ਦੌਰਾਨ ਅਮਿਤ ਸ਼ਾਹ ਨੇ ਕਿਹਾ, ‘ਜੋ ਲੋਕ ਸਵਾਲ ਪੁੱਛ ਰਹੇ ਹਨ ਉਹ ਜ਼ਰਾ ਇਕ ਦਿਨ ਪੁਲਿਸ ਦੀ ਵਰਦੀ ਪਾ ਕੇ ਖੜ੍ਹੇ ਹੋ ਜਾਓ। ਕੋਈ ਨਹੀਂ ਪੁੱਛਦਾ ਇਹ ਬੱਸ ਕਿਉਂ ਜਲਾਈ ਗਈ? ਗੱਡੀਆਂ ਕਿਉਂ ਜਲਾਈਆਂ ਗਈਆਂ। ਜੇ ਲੋਕ ਹਿੰਸਾ ਕਰਨਗੇ ਤਾਂ ਪੁਲਿਸ ਗੋਲੀ ਚਲਾਵੇਗੀ ਹੀ’।

ਅਮਿਤ ਸ਼ਾਹ ਨੇ ਕਿਹਾ ਕਿ ਪੁਲਿਸ ਨੇ ਅਪਣੀ ਵੀ ਜਾਨ ਬਚਾਉਣ ਹੁੰਦੀ ਹੈ ਅਤੇ ਲੋਕਾਂ ਨੂੰ ਵੀ ਬਚਾਉਣਾ ਹੁੰਦਾ ਹੈ। ਜੇ ਬੱਸਾਂ ਨਾ ਜਲਦੀਆਂ ਤਾਂ ਡੰਡਾ ਨਹੀਂ ਚੱਲਦਾ। ਕਈ ਸੂਬਿਆਂ ਵਿਚ ਹੋਈ ਹਿੰਸਾ ਵਿਚ ਪੀਪਲਜ਼ ਫਰੰਟ ਆਫ ਇੰਡੀਆ ‘ਤੇ ਲੱਗੇ ਇਲਜ਼ਾਮਾਂ ਬਾਰੇ ਉਹਨਾਂ ਕਿਹਾ ਕਿ ਇਹ ਕੋਈ ਸਿਆਸੀ ਆਗੂ ਨਹੀਂ ਕਹਿ ਰਿਹਾ ਹੈ, ਇਹ ਸੂਬਾ ਪੁਲਿਸ ਦੀ ਰਿਪੋਰਟ ਹੈ।

ਜਦੋਂ ਗ੍ਰਹਿ ਮੰਤਰੀ ਤੋਂ ਪੁੱਛਿਆ ਗਿਆ ਕਿ ਭਾਜਪਾ ਸ਼ਾਸਤ ਸੂਬਿਆਂ ਵਿਚ ਹੀ ਜ਼ਿਆਦਾ ਹਿੰਸਾ ਕਿਉਂ ਹੋਈ ਤਾਂ ਉਹਨਾਂ ਕਿਹਾ, ‘ ਮੈਨੂੰ ਇਹ ਦੱਸੋ ਕਿ ਕਾਂਗਰਸ ਸ਼ਾਸਤ ਸੂਬਿਆਂ ਵਿਚ ਦੰਗੇ ਕਿਉਂ ਨਹੀਂ ਹੋ ਰਹੇ ਹਨ? ਇਹ ਸਵਾਲ ਵੀ ਪੁੱਛਿਆ ਜਾਣਾ ਚਾਹੀਦਾ ਹੈ। ਜਨਤਾ ਨੂੰ ਸਮਝ ਆ ਰਿਹਾ ਹੈ ਕਿ ਹਿੰਸਾ ਕੌਣ ਕਰ ਰਿਹਾ ਹੈ।  ਵਿਰੋਧੀ ਨਾਗਰਿਕਤਾ ਕਾਨੂੰਨ ਨੂੰ ਪੜ੍ਹ ਕੇ ਦੱਸਣ ਕਿ ਇਸ ਵਿਚ ਕਿੱਥੇ ਕਿਸੇ ਦੀ ਨਾਗਰਿਕਤਾ ਲੈਣ ਬਾਰੇ ਕਿਹਾ ਗਿਆ ਹੈ’।

NRC, CAA ਅਤੇ NPR ਦਾ ਸਮਰਥਨ ਕਰਦੇ ਹੋਏ ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਇਸ ਬਾਰੇ ਵਹਿਮ ਹੈ ਅਤੇ ਸਮਝਣਾ ਚਾਹੁੰਦੇ ਹਨ, ਉਹਨਾਂ ਲਈ ਉਹਨਾਂ ਦੇ ਘਰ ਦੇ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ ਹਨ। ਉਹਨਾਂ ਨੇ ਕਿਹਾ ਕਿ ਅਜਿਹੇ ਲੋਕ ਚਾਹੁਣ ਤਾਂ ਅੱਧੀ ਰਾਤ ਨੂੰ ਤਿੰਨ ਵਜੇ ਵੀ ਆ ਕੇ ਉਹਨਾਂ ਨੂੰ ਮਿਲ ਸਕਦੇ ਹਨ। ਉਹਨਾਂ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਇਕ ਵਾਰ ਸਾਬਿਤ ਕਰ ਦੇਣ ਕਿ ਗਰੀਬਾਂ ਜਾਂ ਮੁਸਲਮਾਨਾਂ ਦੀ ਨਾਗਰਿਕਤਾ ਜਾਵੇਗੀ।

ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਐਨਆਰਸੀ ਬਾਰੇ ਉਹਨਾਂ ਕਿਹਾ ਮੈ ਸਿਰਫ ਇੰਨਾ ਹੀ ਕਹਿ ਰਿਹਾ ਹਾਂ ਕਿ ਹਾਲੇ ਐਨਆਰਸੀ ਨਹੀਂ ਆ ਰਿਹਾ ਹੈ। ਫਿਲਹਾਲ ਸੀਏਏ ‘ਤੇ ਗੱਲ ਕਰੋ ਅਤੇ ਕਿਸੇ ਵੀ ਭਾਰਤੀ ਦੀ ਨਾਗਰਿਕਤਾ ਨਹੀਂ ਜਾ ਰਹੀ ਹੈ’। ਐਨਪੀਆਰ ‘ਤੇ ਸਥਿਤੀ ਸਪੱਸ਼ਟ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਜਨਗਣਨਾ ਅਤੇ ਐਨਪੀਆਰ ਵਿਚ ਕਿਸੇ ਕੋਲੋਂ ਕੋਈ ਦਸਤਾਵੇਜ਼ ਨਹੀਂ ਮੰਗਿਆ ਜਾਵੇਗਾ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਆਰਥਕ ਮੰਦੀ ਸਿਰਫ ਦੇਸ਼ ਵਿਚ ਹੀ ਨਹੀਂ, ਦੁਨੀਆਂ ਵਿਚ ਹੈ। ਇਸ ਨਾਲ ਨਜਿੱਠਣ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਮਸ਼ੀਰ ‘ਤੇ ਕਿਹਾ ਕਿ ਕਸ਼ਮੀਰ ਵਿਚ ਹਾਲਾਤ ਕੰਟਰੋਲ ਵਿਚ ਹਨ। ਕਸ਼ਮੀਰ ਵਿਚ ਇਕ ਇੰਚ ਜ਼ਮੀਨ ‘ਤੇ ਵੀ ਕਰਫਿਊ ਨਹੀਂ ਹੈ।