ਸਿਰਸਾ 'ਚ 3 ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ, 9 ਜਨਵਰੀ ਨੂੰ ਜ਼ੀਰਾ ਧਰਨੇ ਨੂੰ ਦਿੱਤਾ ਜਾਵੇਗਾ ਸਮਰਥਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹਨੂੰਮਾਨਗੜ੍ਹ 'ਚ ਫਰਵਰੀ 'ਚ 2 ਦਿਨਾਂ ਲਈ ਹੋਵੇਗੀ ਮਹਾਪੰਚਾਇਤ 

A meeting of farmers' organizations of 3 states was held in Sirsa

ਕਰਨਾਲ - ਹਰਿਆਣਾ ਦੇ ਸਿਰਸਾ ਵਿਚ ਅੱਜ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਜਾਟ ਧਰਮਸ਼ਾਲਾ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਕਿਸਾਨ ਜਥੇਬੰਦੀਆਂ 9 ਜਨਵਰੀ ਨੂੰ ਪੰਜਾਬ ਦੇ ਜ਼ੀਰਾ ਵਿਖੇ ਪੁੱਜਣਗੀਆਂ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਵੇਗੀ।  

ਇਸ ਤੋਂ ਬਾਅਦ ਫਰਵਰੀ ਦੇ ਪਹਿਲੇ ਹਫ਼ਤੇ ਰਾਜਸਥਾਨ ਦੇ ਹਨੂੰਮਾਨਗੜ੍ਹ ਵਿਚ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ 2 ਦਿਨਾਂ ਲਈ ਕਿਸਾਨਾਂ ਦੀ ਮਹਾਂਪੰਚਾਇਤ ਹੋਵੇਗੀ ਅਤੇ ਉਥੋਂ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ। ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਜ਼ੀਰਾ ਫੈਕਟਰੀ ਦਾ ਮੁੱਦਾ ਹੁਣ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਿਆਸੀ ਤੌਰ ’ਤੇ ਲੜਿਆ ਜਾਵੇਗਾ। ਕਮੇਟੀ ਦਾ ਹਰ ਪਾਸਿਓਂ ਸਮਰਥਨ ਕਰਨਗੇ ਅਤੇ ਧੱਕੇਸ਼ਾਹੀ ਨਹੀਂ ਹੋਣ ਦਿਆਂਗੇ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੀਰਾ ਵਿਚ ਸ਼ਰਾਬ ਦੀ ਫੈਕਟਰੀ ਲਗਾਈ ਗਈ ਸੀ ਪਰ ਇਸ ਨੂੰ ਸਥਾਪਤ ਕਰਨ ਤੋਂ ਪਹਿਲਾਂ ਜਨਤਕ ਸੁਣਵਾਈ ਕੀਤੀ ਜਾਂਦੀ ਹੈ। ਜਨਤਕ ਸੁਣਵਾਈ ਵਿਚ ਜ਼ੀਰਾ ਦੇ ਲੋਕਾਂ ਦੀ ਥਾਂ ਫਰੀਦਕੋਟ ਦੇ ਲੋਕਾਂ ਦੇ ਨਾਂ ਲਏ ਗਏ ਹਨ। ਇਹ ਇੱਕ ਵੱਡਾ ਧੋਖਾ ਹੈ। 

ਜਨਤਕ ਸੁਣਵਾਈ ਗਲਤ ਸੀ। ਲਾਇਸੈਂਸ ਰੱਦ ਹੋਣਾ ਚਾਹੀਦਾ ਸੀ ਪਰ ਸਰਕਾਰ ਫੈਕਟਰੀ ਮਾਲਕਾਂ ਨਾਲ ਖੜ੍ਹੀ ਹੈ। ਕਰਨਾਟਕ ਵਿਚ ਲੋਕਾਂ ਨੇ 39 ਦਿਨਾਂ ਤੱਕ ਅੰਦੋਲਨ ਕੀਤਾ। ਕਿਸਾਨ ਆਗੂ ਇੰਦਰਜੀਤ ਨੇ ਕਿਹਾ ਕਿ ਕਿਸਾਨ 6 ਮਹੀਨਿਆਂ ਤੋਂ ਜ਼ੀਰੇ ਦੀ ਸ਼ਰਾਬ ਫੈਕਟਰੀ ਬਾਹਰ ਬੈਠੇ ਹਨ। ਧਰਤੀ ਹੇਠਲਾ ਪਾਣੀ ਗੰਦਾ ਹੋ ਗਿਆ ਅਤੇ ਮਾਹੌਲ ਖ਼ਰਾਬ ਹੋ ਗਿਆ। 9 ਜਨਵਰੀ ਨੂੰ SKM ਦੇ ਬੈਨਰ ਹੇਠ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਕਿਸਾਨ ਜ਼ੀਰਾ ਜਾ ਕੇ ਆਪਣਾ ਸਮਰਥਨ ਦੇਣਗੇ।

ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਉੱਥੇ ਪਹੁੰਚ ਕੇ ਸਰਕਾਰ ਨੂੰ ਚੇਤਾਵਨੀ ਦੇਣਗੀਆਂ। ਭਾਰਤ ਮਾਲਾ ਪ੍ਰੋਜੈਕਟ ਦੇ ਨਾਂ 'ਤੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਸਾਰੇ ਜੱਥੇ ਫਰਵਰੀ ਵਿਚ ਰਾਜਸਥਾਨ ਦੇ ਹਨੂੰਮਾਨਗੜ੍ਹ ਪੁੱਜਣਗੇ ਅਤੇ ਉੱਥੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।

ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਕਿ 2014 ਤੋਂ ਲੈ ਕੇ ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਹੈ, ਉਹ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲੁੱਟਣ ਦਾ ਕੰਮ ਕਰ ਰਹੇ ਹਨ। ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਹਰਿਆਣਾ ਵਿਚ ਗੰਨੇ ਦਾ ਰੇਟ ਨਹੀਂ ਵਧਾਇਆ ਜਾ ਰਿਹਾ। ਕਰਨਾਟਕ ਵਿਚ ਵਧਾਇਆ ਜਾ ਰਿਹਾ ਹੈ। ਕਰਜ਼ਾ ਮੁਕਤੀ ਦਾ ਮੁੱਦਾ ਹੈ। ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਫਰਵਰੀ ਦੇ ਪਹਿਲੇ ਹਫ਼ਤੇ ਦੇਸ਼ ਭਰ ਦੀਆਂ ਸਮੂਹ ਜਥੇਬੰਦੀਆਂ ਦੀ ਵਿਸ਼ਾਲ ਮੀਟਿੰਗ ਹੋਵੇਗੀ। ਉਥੋਂ ਇੱਕ ਵੱਡਾ ਅੰਦੋਲਨ ਹੋਵੇਗਾ। 

ਰਾਜਸਥਾਨ ਦੇ ਹਨੂੰਮਾਨਗੜ੍ਹ ਵਿਚ ਇੱਕ ਵੱਡੀ ਪੰਚਾਇਤ ਹੋਵੇਗੀ, ਜਿੱਥੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ। ਮੀਟਿੰਗ ਵਿਚ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਅਭਿਮਨਿਊ ਕੋਹਾੜ, ਇੰਦਰਜੀਤ ਸਿੰਘ ਕੋਟਬੁੱਢਾ, ਲਖਵਿੰਦਰ ਸਿੰਘ ਔਲਖ ਨੇ ਸ਼ਮੂਲੀਅਤ ਕੀਤੀ।