ਮਮਤਾ ਸਰਕਾਰ ਨੇ ਅਮਿਤ ਸ਼ਾਹ ਤੋਂ ਬਾਅਦ ਰੋਕਿਆ ਯੋਗੀ ਆਦਿੱਤਯਨਾਥ ਦਾ ਹੈਲੀਕਾਪਟਰ
ਲੋਕਤੰਤਰ ਵਿਚ ਕਿਸੇ ਵੀ ਰਾਜਨੀਤਕ ਦਲ ਦੀਆਂ ਗਤੀਵਿਧੀਆਂ ਰੋਕਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ ।
ਲਖਨਊ : ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿੱਤਯਨਾਥ ਪੱਛਮ ਬੰਗਾਲ ਦੇ ਬਾਲੂਰ ਘਾਟ ਵਿਚ ਇਕ ਰੈਲੀ ਲਈ ਜਾਣ ਵਾਲੇ ਸਨ । ਸੀਐਮ ਦਫ਼ਤਰ ਨੇ ਦੱਸਿਆ ਹੈ ਕਿ ਪੱਛਮ ਬੰਗਾਲ ਸਰਕਾਰ ਨੇ ਬਿਨਾਂ ਕੋਈ ਨੋਟਿਸ ਦਿਤੇ ਰੈਲੀ ਦੀ ਪ੍ਰਵਾਨਗੀ ਖਾਰਜ ਕਰ ਦਿਤੀ ਹੈ । ਇਸ ਨੂੰ ਲੈ ਕੇ ਇਕ ਵਾਰ ਫਿਰ ਤਣਾਅ ਦੀ ਹਾਲਤ ਪੈਦਾ ਹੋ ਗਈ ਹੈ । ਮਕਾਮੀ ਭਾਜਪਾ ਕਰਮਚਾਰੀਆਂ ਨੇ ਰੈਲੀ ਰੱਦ ਕਰਨ 'ਤੇ ਵਿਰੋਧ ਵੀ ਸ਼ੁਰੂ ਕਰ ਦਿੱਤਾ ਹੈ ।
ਜ਼ਿਕਰਯੋਗ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਮਾਲਦਾ ਰੈਲੀ ਤੋਂ ਪਹਿਲਾਂ ਵੀ ਇਜਾਜ਼ਤ ਨੂੰ ਲੈ ਕੇ ਵਿਵਾਦ ਹੋ ਗਿਆ ਸੀ । ਮੁਖ ਮੰਤਰੀ ਦੇ ਸੂਚਨਾ ਸਲਾਹਕਾਰ ਮ੍ਰਿਤੂੰਜਯ ਕੁਮਾਰ ਨੇ ਯੋਗੀ ਦੀ ਰੈਲੀ ਨੂੰ ਲੈ ਕੇ ਮਮਤਾ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ । ਉਨ੍ਹਾਂ ਕਿਹਾ ਕਿ ਇਹ ਯੂਪੀ ਮੁਖ ਮੰਤਰੀ ਦੀ ਲੋਕ ਪ੍ਰਸਿੱਧੀ ਦਾ ਅਸਰ ਹੈ ਕਿ ਮਮਤਾ ਬੈਨਰਜੀ ਨੇ ਹੈਲੀਕਾਪਟਰ ਲੈਂਡ ਕਰਾਉਣ ਦੀ ਪ੍ਰਵਾਨਗੀ ਹੀ ਨਹੀਂ ਦਿਤੀ ।
ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਪੱਛਮ ਬੰਗਾਲ ਭਾਜਪਾ ਰਾਜ ਮੁਖੀ ਕੈਲਾਸ਼ ਵਿਜੈਵਰਗੀਏ ਨੇ ਮੁਖ ਮੰਤਰੀ ਯੋਗੀ ਦੀ ਰੈਲੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੈਲੀਕਾਪਟਰ ਲੈਂਡਿੰਗ ਦੀ ਪ੍ਰਵਾਨਗੀ ਨਾ ਦਿਤੇ ਜਾਣ ਨੂੰ ਲੈ ਕੇ ਮਮਤਾ ਬੈਨਰਜੀ ਦੀ ਆਲੋਚਨਾ ਕੀਤੀ ਸੀ । ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਕਿਸੇ ਵੀ ਰਾਜਨੀਤਕ ਦਲ ਦੀਆਂ ਗਤੀਵਿਧੀਆਂ ਰੋਕਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ ।
ਉਹਨਾਂ ਕਿਹਾ ਕਿ 3 ਦਿਨ ਪਹਿਲਾਂ ਰੈਲੀ ਦੀ ਪ੍ਰਵਾਨਗੀ ਅਤੇ ਹੈਲੀਕਾਪਟਰ ਲੈਂਡਿੰਗ ਦੀ ਇਜਾਜ਼ਤ ਮੰਗੀ ਗਈ ਸੀ । ਰੈਲੀ ਦੀ ਪ੍ਰਵਾਨਗੀ ਤਾਂ ਦੇ ਦਿਤੀ ਗਈ ਕਿਉਂਕਿ ਉਹ ਰੇਲਵੇ ਪ੍ਰਸ਼ਾਸਨ ਦੀ ਜ਼ਮੀਨ ਸੀ । ਉਨ੍ਹਾਂ ਇਲਜ਼ਾਮ ਲਗਾਇਆ ਕਿ ਹੈਲੀਕਾਪਟਰ ਲੈਂਡਿੰਗ ਦੀ ਇਜਾਜ਼ਤ ਲਈ ਜ਼ਿਲ੍ਹਾ ਅਧਿਕਾਰੀ ਦਾ ਕਹਿਣਾ ਹੈ ਕਿ ਦਬਾਅ ਉੱਤੋਂ ਹੈ । ਧਿਆਨ ਯੋਗ ਹੈ ਕਿ ਕੁੱਝ ਦਿਨ ਪਹਿਲਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ
ਪੱਛਮ ਬੰਗਾਲ ਵਿੱਚ ਰੈਲੀ ਕਰਨ ਜਾਣ ਵਾਲੇ ਸਨ । ਉਨ੍ਹਾਂ ਨੇ ਵੀ ਰਾਜ ਸਰਕਾਰ 'ਤੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਦਾ ਹੈਲੀਕਾਪਟਰ ਲੈਂਡ ਕਰਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ । ਹਾਲਾਂਕਿ ਮਮਤਾ ਨੇ ਕਿਹਾ ਸੀ ਕਿ ਹੈਲੀਕਾਪਟਰ ਦੀ ਪ੍ਰਵਾਨਗੀ ਦਿਤੀ ਜਾ ਚੁੱਕੀ ਸੀ ਪਰ ਸੁਰੱਖਿਆ ਨੂੰ ਲੈ ਕੇ ਵੀ ਮੁੱਦਾ ਸੀ । ਉਨ੍ਹਾਂ ਇਲਜ਼ਾਮ ਲਗਾਇਆ ਸੀ ਕਿ ਭਾਜਪਾ ਲੋਕਾਂ ਨੂੰ ਗਲਤ ਜਾਣਕਾਰੀ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ।