ਕਿਸਾਨ ਅੰਦੋਲਨ ਮਿੱਟੀ ਦਾ ਅੰਦੋਲਨ ਹੈ ਤੇ ਮਿੱਟੀ ਕਦੀ ਨਹੀਂ ਹਾਰਦੀ- ਮੌਲਾਨਾ ਉਸਮਾਨ ਰਹਿਮਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਦੋਂ ਕਿਸਾਨ ਬੀਜਣ ਲੱਗੇ ਸਿੱਖ,ਹਿੰਦੂ ਨਹੀਂ ਦੇਖਦਾ ਤਾਂ ਸਰਕਾਰ ਕਿਉਂ ਕਰ ਰਹੀ ਵਿਤਕਰਾ- ਮੌਲਾਨਾ ਉਸਮਾਨ ਰਹਿਮਾਨੀ

Maulana Usman Ludhianvi

ਨਵੀਂ ਦਿੱਲੀ (ਹਰਦੀਪ ਸਿੰਘ ਭੋਗਲ): ਖੇਤੀ ਕਾਨੂੰਨਾਂ ਵਿਰੁੱਧ ਕੁੰਡਲੀ ਬਾਰਡਰ ‘ਤੇ ਕਿਸਾਨ ਮੋਰਚਾ ਜਾਰੀ ਹੈ। ਇਸ ਦੌਰਾਨ ਉਸਮਾਨ ਲੁਧਿਆਣਵੀ ਅਪਣੇ ਕਾਫਲੇ ਨਾਲ ਦਿੱਲੀ ਬਾਰਡਰ ਪਹੁੰਚੇ। 26 ਜਨਵਰੀ ਦੀ ਘਟਨਾ ਬਾਰੇ ਗੱਲ ਕਰਦਿਆਂ ਮੌਲਾਨਾ ਉਸਮਾਨ ਰਹਿਮਾਨੀ ਨੇ ਕਿਹਾ ਕਿ ਨੈਸ਼ਨਲ ਮੀਡੀਆ, ਦਿੱਲੀ ਪੁਲਿਸ ਅਤੇ ਕੁਝ ਸਰਕਾਰੀ ਲੋਕਾਂ ਨੇ ਮਿਲ ਕੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਰਚੀ। ਪੂਰੀ ਦੁਨੀਆਂ ਨੂੰ ਇਹੀ ਦਿਖਾਇਆ ਗਿਆ ਕਿ ਕਿਸਾਨ ਦੇਸ਼ ਵਿਰੋਧੀ ਹਨ।

ਇਸ ਤੋਂ ਬਾਅਦ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਪੂਰੇ ਦੇਸ਼ ਨੂੰ ਕਿਸਾਨੀ ਅੰਦੋਲਨ ਨਾਲ ਜੋੜ ਦਿੱਤਾ। ਉਹਨਾਂ ਕਿਹਾ ਜਦੋਂ ਕਿਸਾਨ ਜ਼ਮੀਨ ਵਿਚ ਬੀਜ ਬੀਜਦਾ ਹੈ ਤਾਂ ਉਹ ਇਹ ਤੈਅ ਨਹੀਂ ਕਰਦਾ ਕਿ ਇਸ ਫਸਲ ਨੂੰ ਹਿੰਦੂ ਖਾਵੇਗਾ ਜਾਂ ਮੁਸਲਮਾਨ ਖਾਵੇਗਾ। ਜੇਕਰ ਕਿਸਾਨ ਵੰਡਣ ਵੇਲੇ ਵਿਤਕਰਾ ਨਹੀਂ ਕਰਦਾ ਤਾਂ ਸਰਕਾਰ ਕਿਉਂ ਵਿਤਕਰਾ ਕਰ ਰਹੀ ਹੈ।

ਉਹਨਾਂ ਕਿਹਾ ਕਿ ਉਹ ਸਰਕਾਰ ਨੂੰ ਇਹੀ ਦੱਸਣ ਮੋਰਚੇ ਵਿਚ ਪਹੁੰਚੇ ਹਨ ਕਿ ਕਿਸਾਨ ਅੰਦੋਲਨ ਕਿਸੇ ਇਕ ਦਾ ਨਹੀਂ। ਕਿਸਾਨ ਅੰਦੋਲਨ ਮਿੱਟੀ ਦਾ ਅੰਦੋਲਨ ਹੈ ਤੇ ਮਿੱਟੀ ਕਦੀ ਨਹੀਂ ਹਾਰਦੀ। ਮੌਲਾਨਾ ਉਸਮਾਨ ਰਹਿਮਾਨੀ ਨੇ ਕਿਹਾ ਜਦੋਂ ਮੁਸਲਿਮ ਕਹਿਦੇ ਹਨ ਕਿ ਸਰਕਾਰ ਗਲਤ ਕਰ ਰਹੀ ਹੈ ਤਾਂ ਉਸ ਨੂੰ ਪਾਕਿਸਤਾਨੀ ਕਿਹਾ ਜਾਂਦਾ ਹੈ। ਜੇਕਰ ਸਿੱਖ ਅਜਿਹਾ ਕਰੇ ਤਾਂ ਉਸ ਨੂੰ ਖਾਲਿਸਤਾਨੀ ਕਿਹਾ ਜਾਂਦਾ ਹੈ।

ਇਸ ਨਾਲ ਸਰਕਾਰ ਅਪਣੇ ਹੀ ਦੇਸ਼ ਦੀ ਜਨਤਾ ਨੂੰ ਬਦਨਾਮ ਕਰ ਰਹੀ ਹੈ। ਪੁਲਿਸ ਵੱਲੋਂ ਦਿੱਲੀ ਬਾਰਡਰ ‘ਤੇ ਕੀਤੀ ਗਈ ਬੈਰੀਕੇਡਿੰਗ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਕਿਸਾਨ ਦਾ ਕੰਮ ਕਿਰਤ ਕਰਨਾ ਹੈ। ਕਿਸਾਨ ਫੁੱਲ ਉਗਾਉਂਦਾ ਹੈ ਅਤੇ ਪੁਲਿਸ ਦਾ ਕੰਮ ਕੰਢੇ ਉਗਾਉਣਾ ਹੈ।