ਦਿੱਲੀ ਹਿੰਸਾ : ਸੰਸਦ ਵਿਚ ਦੂਜੇ ਦਿਨ ਵੀ ਭਾਰੀ ਹੰਗਾਮਾ, ਧੱਕਾਮੁੱਕੀ ਦੀ ਹਾਲਤ ਬਣੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਫ਼ਰ ਕਾਲ ਤੇ ਪ੍ਰਸ਼ਨ ਕਾਲ ਨਾ ਚੱਲ ਸਕੇ, ਕਾਰਵਾਈ ਵਾਰ ਵਾਰ ਰੁਕੀ

file photo

ਨਵੀਂ ਦਿੱਲੀ : ਸੰਸਦ ਵਿਚ ਦਿੱਲੀ ਹਿੰਸਾ ਦੇ ਵਿਸ਼ੇ 'ਤੇ ਚਰਚਾ ਕਰਾਏ ਜਾਣ ਦੀ ਵਿਰੋਧੀ ਧਿਰ ਦੀ ਮੰਗ ਸਬੰਧੀ ਦੂਜੇ ਦਿਨ ਵੀ ਰੇੜਕਾ ਜਾਰੀ ਰਿਹਾ ਅਤੇ ਵਿਰੋਧੀ ਧਿਰ ਨੇ ਦਾਅਵਾ ਕੀਤਾ ਕਿ ਪੂਰੀ ਦੁਨੀਆਂ ਦਿੱਲੀ ਹਿੰਸਾ ਬਾਰੇ ਚਰਚਾ ਕਰ ਰਹੀ ਹੈ ਪਰ ਸਦਨ ਨੂੰ ਬੋਲਣ ਨਹੀਂ ਦਿਤਾ ਜਾ ਰਿਹਾ। ਇਸ ਮੁੱਦੇ 'ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਨੂੰ ਦੋ ਦੋ ਵਾਰ ਮੁਲਤਵੀ ਕਰਨ ਮਗਰੋਂ ਪੂਰੇ ਦਿਨ ਲਈ ਉਠਾ ਦਿਤਾ ਗਿਆ।

ਲੋਕ ਸਭਾ ਵਿਚ ਹੰਗਾਮੇ ਕਾਰਨ ਕੁੱਝ ਸਮੇਂ ਲਈ ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਾਲੇ ਧੱਕਾਮੁੱਕੀ ਵਾਲੀ ਹਾਲਤ ਬਣ ਗਈ। ਹੰਗਾਮੇ ਵਿਚਾਲੇ ਹੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਰਕਾਰ ਇਸ ਮੁੱਦੇ 'ਤੇ ਹੋਲੀ ਮਗਰੋਂ ਚਰਚਾ ਕਰਾਉਣ ਲਈ ਤਿਆਰ ਹੈ। ਰਾਜ ਸਭਾ ਵਿਚ ਭਾਜਪਾ ਦੇ ਭੁਪਿੰਦਰ ਯਾਦਵ ਨੇ ਕਿਹਾ ਕਿ ਇਸ ਮੁੱਦੇ 'ਤੇ ਚਰਚਾ ਕਰਾਉਣ ਦਾ ਫ਼ੈਸਲਾ ਸਭਾਪਤੀ 'ਤੇ ਛੱਡ ਦਿਤਾ ਜਾਣਾ ਚਾਹੀਦਾ ਹੈ।

ਦੋਹਾਂ ਸਦਨਾਂ ਵਿਚ ਇਸ ਮੁੱਦੇ 'ਤੇ ਵਿਰੋਧੀ ਧਿਰ ਦੇ ਰੌਲੇ-ਰੱਪੇ ਕਾਰਨ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਨਹੀਂ ਹੋ ਸਕੇ। ਰੌਲੇ ਵਿਚ ਹੀ ਸਰਕਾਰ ਨੇ ਬੈਂਕਕਾਰੀ ਨਿਯਮ ਸੋਧ ਬਿੱਲ ਨੂੰ ਪਾਸ ਕਰਾਉਣ ਦਾ ਯਤਨ ਕੀਤਾ ਜਿਸ ਕਾਰਨ ਵਿਰੋਧੀ ਮੈਂਬਰਾਂ ਦਾ ਵਿਰੋਧ ਹੋਰ ਤੇਜ਼ ਹੋ ਗਿਆ।

ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਦਿੱਲੀ ਹਿੰਸਾ ਦੇ ਮੁੱਦੇ 'ਤੇ ਰਾਜ ਸਭਾ ਵਿਚ ਚਰਚਾ ਕਰਾਉਣ ਦੀ ਵਿਰੋਧੀ ਧਿਰਾਂ ਦੀ ਮੰਗ ਨੂੰ ਤਰਕਸੰਗਤ ਦਸਦਿਆਂ ਕਿਹਾ, 'ਇਕ ਘਟਨਾ ਵਾਪਰੀ, ਜਿਸ ਦੀ ਅਸੀਂ ਸਾਰੇ ਨਿਖੇਧੀ ਕਰਦੇ ਹਾਂ। ਇਸ ਘਟਨਾ ਦੀ ਪੂਰੀ ਦੁਨੀਆਂ ਵਿਚ ਚਰਚਾ ਹੋ ਰਹੀ ਹੈ ਅਤੇ ਸਾਡੇ ਇਥੇ ਸੰਸਦ ਸ਼ੁਰੂ ਹੋ ਗਈ ਹੈ ਪਰ ਇਸ ਵਿਸ਼ੇ 'ਤੇ ਚਰਚਾ ਨਾ ਹੋਵੇ, ਇਹ ਬਹੁਤ ਅਜੀਬ ਲਗਦਾ ਹੈ। ਪੂਰੀ ਦੁਨੀਆਂ ਵੇਖਦੀ ਹੈ ਕਿ ਸਾਰੇ ਬੋਲ ਰਹੇ ਹਨ ਅਤੇ ਭਾਰਤ ਦੀ ਸੰਸਦ ਨਹੀਂ ਬੋਲ ਰਹੀ।'

ਉਨ੍ਹਾਂ ਸੱਤਾਧਿਰ ਦੇ ਇਸ ਖ਼ਦਸ਼ੇ ਨੂੰ ਬੇਬੁਨਿਆਦ ਦਸਿਆ ਕਿ ਸਦਨ ਵਿਚ ਚਰਚਾ ਕਰਾਉਣ ਨਾਲ ਕਾਨੂੰਨ ਵਿਵਸਥਾ ਦੀ ਹਾਲਤ ਵਿਗੜੇਗੀ। ਉਨ੍ਹਾਂ ਕਿਹਾ, 'ਸਦਨ ਦੇ ਸਾਰੇ ਮੈਂਬਰ ਜ਼ਿੰਮੇਵਾਰ ਹਨ ਅਤੇ ਅਪਣੀ ਜ਼ਿੰਮੇਵਾਰੀ ਸਮਝਦੇ ਹਨ। ਕੋਈ ਵੀ ਗ਼ੈਰਜ਼ਿੰਮੇਵਾਰੀ ਨਹੀਂ ਹੋਵੇਗਾ ਜਿਹੜਾ ਤੇਲ ਪਾ ਕੇ ਜਾਵੇਗਾ। ਸਾਰੇ ਹਾਲਾਤ 'ਤੇ ਪਾਣੀ ਅਤੇ ਮਿੱਟੀ ਪਾ ਕੇ ਜਾਣਗੇ।'