ਲੋਕ ਸਭਾ ਚੋਣਾਂ ਤੋਂ ਬਾਅਦ ਤਿੰਨ ਸਹਿਯੋਗੀ ਛੱਡ ਚੁੱਕੇ ਨੇ ਭਾਜਪਾ ਦਾ ਸਾਥ!

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਵਿਚ ਭਾਜਪਾ ਅਤੇ ਸ਼ਿਵ ਸੈਨਾ ਵਿਚਕਾਰ ਗਠਜੋੜ ਟੁੱਟ ਗਿਆ ਹੈ ਅਤੇ ਸਿਰਫ਼ ਰਸਮੀ ਐਲਾਨ ਹੋਣਾ ਬਾਕੀ ਹੈ।

BJP

ਮੁੰਬਈ: ਮਹਾਰਾਸ਼ਟਰ ਵਿਚ  ਭਾਜਪਾ ਅਤੇ ਸ਼ਿਵ ਸੈਨਾ ਵਿਚਕਾਰ ਗਠਜੋੜ ਟੁੱਟ ਗਿਆ ਹੈ ਅਤੇ ਸਿਰਫ਼ ਰਸਮੀ ਐਲਾਨ ਹੋਣਾ ਬਾਕੀ ਹੈ। ਹੁਣ ਸ਼ਿਵ ਸੈਨਾ ਮਹਾਰਾਸ਼ਟਰ ਵਿਚ ਐਨਸੀਪੀ ਅਤੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਹੋਈ ਐਨਡੀਏ ਦੀ ਬੈਠਕ ਵਿਚੋਂ ਵੀ ਸ਼ਿਵ ਸੈਨਾ ਗੈਰਹਾਜ਼ਰ ਰਹੀ। ਐਨਡੀਏ ਦੀ ਸਿਰਫ ਸ਼ਿਵ ਸੈਨਾ ਹੀ ਪਾਰਟੀ ਨਹੀਂ ਹੈ ਜੋ ਭਾਜਪਾ ਤੋਂ ਨਿਰਾਸ਼ ਹੈ। 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਦੋ ਹੋਰ ਪਾਰਟੀਆਂ ਨੇ ਵੀ ਐਨਡੀਏ ਛੱਡ ਦਿੱਤੀ ਹੈ। ਇਨ੍ਹਾਂ ਵਿਚੋਂ ਸਭ ਤੋਂ ਪਹਿਲਾਂ ਗੋਆ ਫਾਰਵਰਡ ਪਾਰਟੀ ਹੈ, ਜਿਸ ਨੇ ਪ੍ਰਮੋਦ ਸਾਵੰਤ ਨਾਲ ਬਤੌਰ ਮੁੱਖ ਮੰਤਰੀ ਗਠਜੋੜ ਤੋੜਿਆ ਸੀ।

ਝਾਰਖੰਡ ਵਿਚ ਸੀਟਾਂ ਦੀ ਵੰਡ ਤੋਂ ਨਾਰਾਜ਼ ‘ਆਜਸੂ’ ਨੇ ਵੀ ਡੇਢ ਦਹਾਕੇ ਪੁਰਾਣਾ ਗਠਜੋੜ ਤੋੜਿਆ ਹੈ। ਹਾਲ ਦੀਆਂ ਚੋਣਾਂ ਨੂੰ ਵੇਖਦਿਆਂ ਇਹ ਪਤਾ ਚੱਲਿਆ ਹੈ ਕਿ ਭਾਜਪਾ ਹੌਲੀ ਹੌਲੀ ਐਨਡੀਏ ਦੀਆਂ ਹੋਰ ਸਹਿਯੋਗੀ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖ ਰਹੀ ਹੈ। ਕੇਂਦਰ ਵਿਚ ਸਹਿਯੋਗੀ ਹੋਣ ਦੇ ਬਾਵਜੂਦ ਭਾਜਪਾ ਨੇ ਝਾਰਖੰਡ ਵਿਚ ਜਨਤਾ ਦਲ ਯੂਨਾਈਟਿਡ ਅਤੇ ਲੋਕ ਜਨਸ਼ਕਤੀ ਪਾਰਟੀ ਤੋਂ ਦੂਰੀ ਬਣਾਈ ਰੱਖੀ। ਹਾਲਾਂਕਿ ਇਹ ਦੋਵੇਂ ਪਾਰਟੀਆਂ 2014 ਵਿਚ ਵੀ ਭਾਜਪਾ ਨਾਲ ਗਠਜੋੜ ਵਿਚ ਨਹੀਂ ਸਨ। ਇਸ ਦੇ ਨਾਲ ਹੀ ਹਰਿਆਣਾ ਦੀਆਂ ਚੋਣਾਂ ਵਿਚ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਦਾ ਫੈਸਲਾ ਲਿਆ ਸੀ।

ਭਾਈਵਾਲਾਂ ਤੋਂ ਭਾਜਪਾ ਦੀ ਦੂਰੀ ਦਾ ਕੀ ਕਾਰਨ ਹੈ ?
ਭਾਜਪਾ ਨੂੰ ਹਿੰਦੂਤਵ ਪਾਰਟੀ ਵਜੋਂ ਪਛਾਣਿਆ ਜਾਂਦਾ ਹੈ। ਅਜਿਹੀ ਸਥਿਤੀ ਵਿਚ ਦੇਸ਼ ਦੇ ਘੱਟ ਗਿਣਤੀ ਮੁਸਲਮਾਨ, ਸਿੱਖ ਅਤੇ ਈਸਾਈ ਵੋਟ ਬੈਂਕ ਵਿਚ ਭਾਜਪਾ ਦੀ ਸੰਭਾਵਨਾ ਬਹੁਤ ਘੱਟ ਗਈ ਹੈ। ਅਜਿਹੀ ਸਥਿਤੀ ਵਿਚ ਭਾਜਪਾ ਨੂੰ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਨਾ ਅਤੇ ਸੱਤਾ ਦੀ ਰਾਖੀ ਲਈ ਦੇਸ਼ ਦੇ ਹਿੰਦੂ ਵੋਟ ਬੈਂਕ ਵਿਚ ਆਪਣਾ ਅਧਾਰ ਮਜ਼ਬੂਤ ​​ਕਰਨਾ ਹੋਵੇਗਾ। ਅਜਿਹੀ ਸਥਿਤੀ ਵਿਚ ਸਿਆਸਤ ਦੇ ਮਾਹਿਰ ਮੰਨਦੇ ਹਨ ਕਿ ਇਸ ਦੇ ਕਾਰਨ ਭਾਜਪਾ ਹੌਲੀ ਹੌਲੀ ਆਪਣੀਆਂ ਸਹਿਯੋਗੀ ਪਾਰਟੀਆਂ ਤੋਂ ਦੂਰੀ ਬਣਾ ਰਹੀ ਹੈ, ਤਾਂ ਜੋ ਪੂਰਾ ਹਿੰਦੂ ਵੋਟ ਬੈਂਕ ਉਹਨਾਂ ਦੇ ਹਿੱਸੇ ਆ ਸਕੇ!

ਬੀਜੇਪੀ ਦਾ ਹਿੰਦੂ ਵੋਟ ਬੈਂਕ ਵਧਿਆ ਹੈ
ਇਕ ਨਿਊਜ਼ ਵੈੱਬਸਾਈਟ ਨੇ ਲੋਕਨੀਤੀ-ਸੀਐਸਡੀਐਸ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ 2014 ਦੀਆਂ ਆਮ ਚੋਣਾਂ ਵਿਚ ਭਾਜਪਾ ਨੂੰ 36 ਫੀਸਦੀ ਹਿੰਦੂ ਵੋਟਾਂ ਮਿਲੀਆਂ ਸਨ, ਜਦਕਿ 2019 ਵਿਚ ਇਹ ਅੰਕੜਾ 44 ਫੀਸਦੀ ਤੱਕ ਪਹੁੰਚ ਗਿਆ ਹੈ। ਇਸ ਸਮੇਂ ਦੌਰਾਨ  ਭਾਜਪਾ ਦੇ ਹਲਕਿਆਂ ਨੂੰ ਹਿੰਦੂਆਂ ਦੀਆਂ ਸਿਰਫ 7-8 ਫੀਸਦੀ ਵੋਟਾਂ ਮਿਲੀਆਂ। ਹਿੰਦੂ ਵੋਟ ਬੈਂਕ ਦੇ ਨਾਲ-ਨਾਲ  ਭਾਜਪਾ ਦੇਸ਼ ਦੇ ਵੱਖ-ਵੱਖ ਨਸਲੀ ਵੋਟ ਬੈਂਕ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ ਅਤੇ ਇਸ ਦੇ ਪ੍ਰਭਾਵ ਨੂੰ ਵੀ ਦੇਖਿਆ ਜਾ ਸਕਦਾ ਹੈ ਕਿਉਂਕਿ 47 ਫੀਸਦੀ ਉੱਚ ਹਿੰਦੂ ਜਾਤੀਆਂ ਨੇ 2014 ਵਿਚ ਭਾਜਪਾ ਨੂੰ ਵੋਟ ਦਿੱਤੀ ਸੀ। ਇਹ ਅੰਕੜਾ 2019 ਦੀਆਂ ਚੋਣਾਂ ਵਿਚ 52 ਫੀਸਦੀ ਹੋ ਗਿਆ ਸੀ।

ਉੱਥੇ ਹੀ ਹਿੰਦੂਆਂ ਦੀਆਂ ਅਨੁਸੂਚਿਤ ਜਨਜਾਤੀਆਂ ਵਿਚ  ਭਾਜਪਾ ਦਾ ਵੋਟ ਸ਼ੇਅਰ 37 ਫੀਸਦੀ ਤੋਂ ਵਧ ਕੇ 44 ਫੀਸਦੀ ਹੋ ਗਿਆ ਹੈ। ਹਾਲਾਂਕਿ ਦਲਿਤਾਂ ਨੇ ਵੀ ਭਾਜਪਾ ਨੂੰ ਜ਼ਿਆਦਾ ਨਹੀਂ ਸਵੀਕਾਰਿਆ, ਪਰ ਇਸ ਵਿਚ ਥੋੜ੍ਹਾ ਜਿਹਾ ਵਾਧਾ ਜ਼ਰੂਰ ਹੋਇਆ ਹੈ। ਮਹਾਰਾਸ਼ਟਰ ਅਤੇ ਬਿਹਾਰ ਨੂੰ ਛੱਡ ਕੇ  ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਨੂੰ ਸਿਰਫ ਕੁਝ ਸੀਟਾਂ ਮਿਲੀਆਂ ਹਨ। ਮਹਾਰਾਸ਼ਟਰ ਅਤੇ ਬਿਹਾਰ ਹੀ ਅਜਿਹੇ ਸੂਬੇ ਹਨ ਜਿਥੇ ਭਾਜਪਾ ਨੂੰ ਸਹਿਯੋਗੀ ਪਾਰਟੀਆਂ ਦੀ ਲੋੜ ਹੈ। ਹੁਣ ਮਹਾਰਾਸ਼ਟਰ ਵਿਚ ਭਾਜਪਾ ਅਤੇ ਸ਼ਿਵ ਸੈਨਾ ਦਰਮਿਆਨ ਦੂਰੀ ਵਧ ਗਈ ਹੈ। ਭਾਜਪਾ ਨੂੰ ਉਮੀਦ ਹੈ ਕਿ ਹਿੰਦੂਤਵ ਦੀ ਮੂਰਤ ਵਾਲੀ ਸ਼ਿਵ ਸੈਨਾ ਦਾ ਕਾਂਗਰਸ ਨਾਲ ਜਾਣ ਵਿਚ ਨੁਕਸਾਨ ਹੋਵੇਗਾ ਅਤੇ ਭਾਜਪਾ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ।

ਹੁਣ ਕਿਹੜੀ ਪਾਰਟੀ ਭਾਜਪਾ ਤੋਂ ਦੂਰੀ ਬਣਾਈ ਰੱਖੇਗੀ?
ਐਨਡੀਏ ਵਿਚ ਗੈਰ ਹਿੰਦੂ ਵੋਟ ਬੈਂਕ ਵਾਲੀਆਂ ਪਾਰਟੀਆਂ ਨੂੰ ਇਸ ਵੇਲੇ ਭਾਜਪਾ ਤੋਂ ਕੋਈ ਖ਼ਤਰਾ ਨਹੀਂ ਹੈ, ਕਿਉਂਕਿ ਭਾਜਪਾ ਦੀਆਂ ਉਮੀਦਾਂ ਦੇਸ਼ ਵਿਆਪੀ ਹਨ ਅਤੇ ਇਕ ਦੋ ਸੂਬਿਆਂ ਵਿਚ ਗੈਰ-ਹਿੰਦੂਆਂ ਦੀਆਂ ਵੋਟਾਂ ਜ਼ਿਆਦਾ ਫਾਇਦੇਮੰਦ ਨਹੀਂ ਹੋਣਗੀਆਂ। ਅਜਿਹੀ ਸਥਿਤੀ ਵਿਚ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ, ਨਾਗਾਲੈਂਡ ਦੀ ਐਨਡੀਪੀਪੀ ਅਤੇ ਮੇਘਾਲਿਆ ਦੀ ਐਨਪੀਪੀ ਵਰਗੀਆਂ ਪਾਰਟੀਆਂ ਨੂੰ ਭਾਜਪਾ ਵੱਲੋਂ ਸ਼ਾਇਦ ਹੀ ਕੋਈ ਖ਼ਤਰਾ ਹੈ। ਏਆਈਏਡੀਐਮਕੇ ਅਤੇ ਪੀਐਮਕੇ ਵਰਗੀਆਂ ਪਾਰਟੀਆਂ ਦੱਖਣੀ ਭਾਰਤ ਦੀਆਂ ਰਾਜਨੀਤਿਕ ਪਾਰਟੀਆਂ ਹਨ, ਜਿਥੇ ਭਾਜਪਾ ਦਾ ਅਧਾਰ ਬਹੁਤ ਕਮਜ਼ੋਰ ਹੈ। ਅਜਿਹੀ ਸਥਿਤੀ ਵਿਚ ਇਨ੍ਹਾਂ ਸੂਬਿਆਂ ਵਿਚ ਭਾਜਪਾ ਇਕੱਲੇ ਚੋਣ ਮੈਦਾਨ ਵਿਚ ਉਤਰਨ ਬਾਰੇ ਸ਼ਾਇਦ ਹੀ ਸੋਚੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।