ਉੱਤਰ ਪ੍ਰਦੇਸ਼ : ਸਿੱਖ ਨੌਜੁਆਨ ਦੀ ਕੁੱਟਮਾਰ, ਗਲ ’ਚ ਜੁੱਤੀਆਂ ਦਾ ਹਾਰ ਪਾ ਕੇ ਪਿੰਡ ’ਚ ਘੁਮਾਇਆ, ਪੱਗ ਉਤਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੈਣ-ਦੇਣ ਦੇ ਵਿਵਾਦ ਨੂੰ ਲੈ ਕੇ ਹੋਇਆ ਤਕਰਾਰ, ਮੁਲਜ਼ਮ ਅਮਨਦੀਪ ਸਿੰਘ ਗ੍ਰਿਫ਼ਤਾਰ

Incident happened in Amroha.

ਅਮਰੋਹਾ: ਉੱਤਰ ਪ੍ਰਦੇਸ਼ ’ਚ ਅਮਰੋਹਾ ਜ਼ਿਲ੍ਹੇ ਦੇ ਇਕ ਸਿੱਖ ਬਹੁਗਿਣਤੀ ਪਿੰਡ ’ਚ ਇਕ ਸਿੱਖ ਨੌਜੁਆਨ ਦੇ ਗਲ ’ਚ ਜੁੱਤੀਆਂ ਦਾ ਹਾਰ ਪਾ ਕੇ ਘੁਮਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਮੁਲਜ਼ਮ ਨੇ ਉਸ ਦੀ ਪੱਗ ਵੀ ਉਤਾਰ ਕੇ ਸੁੱਟ ਦਿਤੀ ਅਤੇ ਪੂਰੀ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿਤੀ। 

ਇਹ ਘਟਨਾ ਮੰਡੀ ਧਨੌਰਾ ਥਾਣਾ ਖੇਤਰ ਦੇ ਖਾਦਰ ਇਲਾਕੇ ਦੇ ਸਿੱਖ ਬਹੁਗਿਣਤੀ ਵਾਲੇ ਪਿੰਡ ਦੀ ਹੈ। ਦੋਸ਼ ਹੈ ਕਿ ਪਿੰਡ ਦੇ ਇਕ ਵਿਅਕਤੀ ਅਮਨਦੀਪ ਸਿੰਘ ਨੇ ਪੀੜਤ ਦੀ ਖੇਤੀ ਤੋਂ ਹੋਈ ਆਮਦਨ ਦਾ ਪੈਸਾ ਮਾਰ ਲਿਆ ਸੀ, ਜਦਕਿ ਖੇਤੀ ਦਾ ਕੰਮ ਭਾਈਵਾਲੀ ’ਚ ਕੀਤਾ ਗਿਆ ਸੀ। ਕਈ ਵਾਰ ਪੈਸੇ ਮੰਗਣ ਤੋਂ ਬਾਅਦ ਵੀ ਉਸ ਨੂੰ ਪੈਸੇ ਨਹੀਂ ਦਿਤੇ ਗਏ, ਜਿਸ ਕਾਰਨ ਉਸ ਨੇ ਮੁਲਜ਼ਮਾਂ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ। 

ਪੀੜਤ ਨੇ ਅਮਨਦੀਪ ਸਿੰਘ ਨਾਲ ਮਿਲ ਕੇ ਗੰਨੇ ਦੀ ਖੇਤੀ ਕੀਤੀ ਸੀ। ਉਸ ਨੇ ਪੁਲਿਸ ਕੋਲ ਦਿਤੀ ਸ਼ਿਕਾਇਤ ’ਚ ਕਿਹਾ ਹੈ ਕਿ ਅਮਨਦੀਪ ਨੇ ਗੰਨਾ ਵੇਚ ਕੇ ਪੈਸੇ ਅਪਣੇ ਕੋਲ ਰੱਖ ਲਏ ਸਨ। ਪਰ ਜਦੋਂ ਪੀੜਤ ਨੂੰ ਕਈ ਵਾਰ ਮੰਗੇ ਜਾਣ ਤੋਂ ਬਾਅਦ ਵੀ ਪੈਸੇ ਨਾ ਮਿਲੇ ਤਾਂ ਉਸ ਨੇ ਪੁਲਿਸ ਕੋਲ ਸ਼ਿਕਾਇਤ ਜਮ੍ਹਾਂ ਕਰਵਾ ਦਿਤੀ। ਇਸ ਤੋਂ ਬਾਅਦ ਅਮਨਦੀਪ ਨੇ ਉਸ ਨੂੰ ਵੇਖ ਲੈਣ ਦੀ ਧਮਕੀ ਦਿਤੀ। ਸ਼ੁਕਰਵਾਰ ਸ਼ਾਮ ਨੂੰ ਪੀੜਤ ਜਦੋਂ ਮੋਟਰਸਾਈਕਲ ’ਤੇ ਅਪਣੇ ਖੇਤ ਵਲ ਜਾ ਰਿਹਾ ਸੀ ਤਾਂ ਅਮਨਦੀਪ ਨੇ ਰਸਤੇ ’ਚ ਅਪਣੇ ਰਿਸ਼ਤੇਦਾਰਾਂ ਨਾਲ ਉਸ ਨੂੰ ਘੇਰ ਲਿਆ ਜਿਨ੍ਹਾਂ ਨੇ ਮਿਲ ਕੇ ਉਸ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਉਸ ਨੂੰ ਬੰਧਕ ਬਣਾ ਕੇ ਅਪਣੇ ਘਰ ਲੈ ਗਏ। ਉਥੇ ਉਨ੍ਹਾਂ ਨੇ ਪੀੜਤ ਦੀ ਪੱਗ ਉਤਾਰ ਦਿਤੀ ਅਤੇ ਉਸ ਦੇ ਗਲੇ ਵਿਚ ਜੁੱਤੀਆਂ ਅਤੇ ਚੱਪਲਾਂ ਦੀ ਮਾਲਾ ਪਾ ਦਿਤੀ ਅਤੇ ਉਸ ਨੂੰ ਪਿੰਡ ਵਿਚ ਘੁਮਾਇਆ। 

ਪੀੜਤ ਨੇ ਪੁਲਿਸ ਸੁਪਰਡੈਂਟ ਨੂੰ ਇਕ ਚਿੱਠੀ ਭੇਜ ਕੇ ਘਟਨਾ ਬਾਰੇ ਸੂਚਿਤ ਕੀਤਾ ਹੈ ਅਤੇ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਮੰਡੀ ਧਨੌਰਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਤੁਰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਗਾਊਂ ਕਾਨੂੰਨੀ ਕਾਰਵਾਈਆਂ ਜਾਰੀ ਹਨ।