ਜੇ ਧਾਰਾ 370 ਨੂੰ ਖ਼ਤਮ ਕੀਤਾ ਤਾਂ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਰਹੇਗਾ : ਮਹਿਬੂਬਾ ਮੁਫ਼ਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਿਬੂਬਾ ਮੁਫ਼ਤੀ ਨੇ ਜੰਮੂ-ਕਸ਼ਮੀਰ ਦੇ ਅਨੰਤਨਾਗ ਲੋਕ ਸਭਾ ਖੇਤਰ ਤੋਂ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ

Mehbooba Mufti

ਸ਼੍ਰੀਨਗਰ : ਜੰਮੂ-ਕਸ਼ਮੀਰ 'ਚ ਚੋਣ ਪ੍ਰਚਾਰ ਜਿਵੇਂ-ਜਿਵੇਂ ਤੇਜ਼ੀ ਫੜ ਰਿਹਾ ਹੈ, ਸੂਬੇ ਨੂੰ ਵਿਸ਼ੇਸ਼ ਦਰਜਾ ਅਤੇ ਧਾਰਾ-370 ਦਾ ਮਾਮਲਾ ਵੀ ਗਰਮਾ ਰਿਹਾ ਹੈ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵੱਡਾ ਬਿਆਨ ਦਿੱਤਾ ਹੈ। ਅਨੰਤਨਾਗ ਸੀਟ ਤੋਂ ਨਾਮਜ਼ਦਗੀ ਦਾਖ਼ਲ ਕਰਨ ਪਹੁੰਚੀ ਮਹਿਬੂਬਾ ਨੇ ਕਿਹਾ ਕਿ ਜੇ ਸੂਬੇ ਵਿੱਚੋਂ ਧਾਰਾ 370 ਹਟਾ ਦਿੱਤੀ ਗਈ ਤਾਂ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਰਹੇਗਾ।

ਮਹਿਬੂਬਾ ਮੁਫ਼ਤੀ ਨੇ ਅੱਜ ਜੰਮੂ-ਕਸ਼ਮੀਰ ਦੇ ਅਨੰਤਨਾਗ ਲੋਕ ਸਭਾ ਖੇਤਰ ਤੋਂ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ। ਨੈਸ਼ਨਲ ਕਾਨਫ਼ਰੰਸ ਦੇ ਉਮੀਦਵਾਰ ਜਸਟਿਸ (ਰਿਟਾ.) ਹਸਨੈਨ ਮਸੂਦੀ ਨੇ ਵੀ ਅੱਜ ਕਾਗ਼ਜ਼ ਦਾਖ਼ਲ ਕੀਤੇ। ਭਾਜਪਾ ਵੱਲੋਂ ਦੱਖਣ ਕਸ਼ਮੀਰ ਦੀ ਇਸ ਸੀਟ 'ਤੇ ਸੋਫ਼ੀ ਮੁਹੰਮਦ ਯੂਸੁਫ਼ ਪਹਿਲਾਂ ਹੀ ਆਪਣੇ ਕਾਗ਼ਜ਼ ਦਾਖ਼ਲ ਕਰ ਚੁੱਕੇ ਹਨ।

ਕਾਗ਼ਜ਼ ਦਾਖ਼ਲ ਕਰਨ ਮਗਰੋਂ ਮਹਿਬੂਬਾ ਮੁਫ਼ਤੀ ਨੇ ਕਿਹਾ ਜੇ ਅਮਿਤ ਸ਼ਾਹ ਧਾਰਾ 370 ਜਾਂ 35ਏ ਦੀ ਡੈਡਲਾਈਨ ਤੈਅ ਕਰਦੇ ਹਨ ਤਾ ਜੰਮੂ-ਕਸ਼ਮੀਰ ਦੀ ਜਨਤਾ ਲਈ ਵੀ ਇਹੀ ਡੈਡਲਾਈਨ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਨਾਲ ਜੋ ਵੀ ਸ਼ਰਤ ਹੈ, ਉਸ ਨਾਲ ਜੇ ਛੇੜਛਾੜ ਕੀਤੀ ਗਈ ਤਾਂ 2020 ਤਕ ਜੰਮੂ-ਕਸ਼ਮੀਰ ਅਤੇ ਭਾਰਤ ਵਿਚਕਾਰ ਰਿਸ਼ਤਾ ਖ਼ਤਮ ਹੋ ਜਾਵੇਗਾ।

ਜ਼ਿਕਰਯੋਗ ਹੈ ਕਿ ਮਹਿਬੂਬਾ ਮੁਫ਼ਤੀ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਉਸ ਬਿਆਨ 'ਤੇ ਪਲਟਵਾਰ ਕੀਤਾ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਸਾਲ 2020 ਤਕ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਜਾਵੇਗੀ।