ਲੱਖਾਂ ਦਾ ਲਾਲਚ ਦੇ ਕੇ ਨੌਜਵਾਨ ਦੀ ਕੱਢੀ ਕਿਡਨੀ, ਨਾ ਪੈਸੇ ਮਿਲੇ ਨਾ ਕਿਡਨੀ ਰਹੀ
ਹਸਪਤਾਲ ਦੇ ਕੋਆਰਡੀਨੇਟਰ ਅਭਿਸ਼ੇਕ ਖ਼ਿਲਾਫ਼ ਕੇਸ ਦਰਜ ਕਰਕੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਮੁਹਾਲੀ: ਮੁਹਾਲੀ ਜ਼ਿਲ੍ਹੇ ਦੇ ਪਿੰਡ ਜਵਾਹਰਪੁਰ ਨੇੜੇ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ਵਿੱਚ ਪੈਸੇ ਦੇ ਲਾਲਚ ਵਿੱਚ ਕਿਸੇ ਹੋਰ ਦੀ ਕਿਡਨੀ ਟਰਾਂਸਪਲਾਂਟ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧੋਖਾਧੜੀ ਵਿੱਚ ਪੁਲਿਸ ਨੇ ਹਸਪਤਾਲ ਦੇ ਕੋਆਰਡੀਨੇਟਰ ਅਭਿਸ਼ੇਕ ਖ਼ਿਲਾਫ਼ ਕੇਸ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿਰਸਾ ਦੇ ਰਹਿਣ ਵਾਲੇ ਕਪਿਲ (28) ਨੇ ਪੈਸਿਆਂ ਦੇ ਲਾਲਚ ਕਾਰਨ 10 ਲੱਖ ਰੁਪਏ ਵਿੱਚ ਸੌਦਾ ਤੈਅ ਕਰ ਲਿਆ। ਸੋਨੀਪਤ ਨਿਵਾਸੀ ਸਤੀਸ਼ ਤਾਇਲ ਦੇ ਫਰਜ਼ੀ ਦਸਤਾਵੇਜ਼ ਤਿਆਰ ਕੀਤੇ ਗਏ ਅਤੇ ਉਸ ਦੇ ਫਰਜ਼ੀ ਬੇਟੇ ਨੂੰ ਅਮਨ ਤਾਇਲ ਦੱਸ ਕੇ ਕਿਡਨੀ ਦਿੱਤੀ ਗਈ।
ਇਹ ਵੀ ਪੜ੍ਹੋ: ਟਮਾਟਰ ਦਾ ਜੂਸ ਦਿਲ ਦੇ ਦੌਰੇ ਤੋਂ ਇਲਾਵਾ ਹੋਰ ਕਈ ਬੀਮਾਰੀਆਂ ਲਈ ਹੈ ਫ਼ਾਇਦੇਮੰਦ
ਕਿਡਨੀ ਟਰਾਂਸਪਲਾਂਟ ਦੀ ਪ੍ਰਕਿਰਿਆ 6 ਮਾਰਚ ਨੂੰ ਇੰਡਸ ਇੰਟਰਨੈਸ਼ਨਲ ਹਸਪਤਾਲ ਵਿੱਚ ਪੂਰੀ ਹੋਈ। ਕਿਡਨੀ ਡੋਨਰ ਕਪਿਲ ਮੁਤਾਬਕ ਸਤੀਸ਼ ਤਾਇਲ ਦਾ ਫਰਜ਼ੀ ਬੇਟਾ ਬਣਨ ਦੇ ਸਾਰੇ ਦਸਤਾਵੇਜ਼ ਹਸਪਤਾਲ 'ਚ ਕੰਮ ਕਰਨ ਵਾਲੇ ਕੋਆਰਡੀਨੇਟਰ ਅਭਿਸ਼ੇਕ ਨੇ ਤਿਆਰ ਕੀਤੇ ਸਨ। ਅਭਿਸ਼ੇਕ ਨੇ ਉਸ ਨੂੰ ਕਿਡਨੀ ਦੇ ਬਦਲੇ 10 ਲੱਖ ਰੁਪਏ ਦੇਣ ਦੀ ਗੱਲ ਕਹੀ ਸੀ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਅੱਜ ਪੁੱਜਣਗੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ
ਕਪਿਲ ਦਾ ਇਲਜ਼ਾਮ ਹੈ ਕਿ ਉਸ ਦੀ ਕਿਡਨੀ ਕੱਢਣ ਤੋਂ ਬਾਅਦ ਉਸ ਨੂੰ ਘਰ ਭੇਜਣ ਦੀ ਬਜਾਏ ਸਿਰਫ਼ 4.5 ਲੱਖ ਰੁਪਏ ਦਿੱਤੇ ਗਏ ਅਤੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਸਾਢੇ ਚਾਰ ਲੱਖ ਰੁਪਏ ਮਿਲਣ ਤੋਂ ਬਾਅਦ ਕਪਿਲ ਨੇ ਆਪਣੇ ਦੋਸਤ ਦੇ ਕਹਿਣ 'ਤੇ ਇਸ ਨੂੰ ਦੁੱਗਣਾ ਕਰਨ ਦੇ ਲਾਲਚ 'ਚ ਚਾਰ ਲੱਖ ਰੁਪਏ ਗੁਆ ਦਿੱਤੇ। ਹੁਣ ਉਸ ਕੋਲ ਨਾ ਤਾਂ ਪੈਸੇ ਹਨ ਅਤੇ ਨਾ ਹੀ ਕਿਡਨੀ। ਦੋਵਾਂ ਪਾਸਿਆਂ ਤੋਂ ਠੱਗੀ ਅਤੇ ਲੁੱਟ ਤੋਂ ਬਾਅਦ ਕਪਿਲ ਨੇ ਪੁਲਿਸ ਹੈਲਪਲਾਈਨ ਨੰਬਰ 112 'ਤੇ ਸ਼ਿਕਾਇਤ ਕੀਤੀ। ਪੁਲਿਸ ਨੇ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।