ਕੇਜਰੀਵਾਲ ਸਰਕਾਰ ਦਾ ਵੱਡਾ ਐਲਾਨ, ਔਰਤਾਂ ਲਈ ਬੱਸ - ਮੈਟਰੋ ਸਫ਼ਰ ਫ੍ਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ।

Arvind Kejriwal announces free metro

ਨਵੀਂ ਦਿੱਲੀ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਇਸਦੇ ਤਹਿਤ ਹੁਣ ਔਰਤਾਂ ਲਈ ਦਿੱਲੀ ਮੈਟਰੋ ਅਤੇ ਡੀਟੀਸੀ ਵਿੱਚ ਯਾਤਰਾ ਮੁਫ਼ਤ ਹੋ ਜਾਵੇਗੀ। ਇਸਦਾ ਐਲਾਨ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕੀਤਾ ਹੈ। ਕੇਜਰੀਵਾਲ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਮੈਟਰੋ ਅਤੇ ਬੱਸਾਂ 'ਚ ਸਫ਼ਰ ਕਰਨ ਦੌਰਾਨ ਔਰਤਾਂ ਨੂੰ ਟਿਕਟ ਨਹੀਂ ਲੈਣੀ ਪਵੇਗੀ।

ਇਸ ਤੋਂ ਪਹਿਲਾਂ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਤੋਂ ਪੁੱਛਿਆ ਸੀ ਕਿ ਉਹ ਦੱਸਣ ਕਿ ਔਰਤਾਂ ਨੂੰ ਦਿੱਤੀ ਜਾਣ ਵਾਲੀ ਇਹ ਸਹੂਲਤ ਉਹ ਕਿਵੇਂ ਲਾਗੂ ਕਰੇਗਾ। ਇਕ ਅਨੁਮਾਨ ਅਨੁਸਾਰ ਇਸ ਯੋਜਨਾ ਦੇ ਲਾਗੂ ਹੋਣ ਨਾਲ ਦਿੱਲੀ ਸਰਕਾਰ 'ਤੇ ਹਰ ਸਾਲ 1200 ਕਰੋੜ ਰੁਪਏ ਦਾ ਬੋਝ ਪਵੇਗਾ।

ਦਿੱਲੀ ਸਰਕਾਰ ਮੈਟਰੋ 'ਚ ਸਫ਼ਰ ਨਾਲ ਇਸ ਯੋਜਨਾ ਨੂੰ ਬੱਸਾਂ 'ਚ ਵੀ ਲਾਗੂ ਕਰੇਗੀ। ਡੀ.ਟੀ.ਸੀ. ਅਤੇ ਕਲਸਟਰ ਸਕੀਮ ਦੀਆਂ ਬੱਸਾਂ 'ਚ ਇਸ ਨੂੰ ਲਾਗੂ ਕਰਨ 'ਚ ਸਰਕਾਰ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਏਗੀ। ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੇ ਸ਼ੁੱਕਰਵਾਰ ਨੂੰ ਮੈਟਰੋ ਅਧਿਕਾਰੀਆਂ ਨਾਲ ਇਸ ਸੰਬੰਧ 'ਚ ਮੁਲਾਕਾਤ ਕੀਤੀ ਸੀ ਅਤੇ ਇਸ ਦਾ ਡਰਾਫਟ ਤਿਆਰ ਕਰਨ ਲਈ ਕਿਹਾ ਸੀ।

ਗਹਿਲੋਤ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਮੈਟਰੋ 'ਚ ਔਰਤਾਂ ਦੀ ਮੁਫ਼ਤ ਯਾਤਰਾ 'ਤੇ ਆਉਣ ਵਾਲੇ ਖਰਚ ਨੂੰ ਦਿੱਲੀ ਸਰਕਾਰ ਚੁਕੇਗੀ। ਇਸ ਲਈ ਉਹ ਡੀ.ਐੱਮ.ਆਰ.ਸੀ. ਨੂੰ ਭੁਗਤਾਨ ਕਰੇਗੀ। ਜ਼ਿਕਰਯੋਗ ਹੈ ਕਿ ਬੱਸਾਂ ਅਤੇ ਮੈਟਰੋ 'ਚ 33 ਫੀਸਦੀ ਔਰਤਾਂ ਸਫ਼ਰ ਕਰਦੀਆਂ ਹਨ।