ਕੌਮੀ ਸੁਰੱਖਿਆ ਸਲਾਹਕਾਰ ਬਣੇ ਰਹਿਣਗੇ ਅਜੀਤ ਡੋਭਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੈਬਨਿਟ ਮੰਤਰੀ ਦਾ ਦਰਜਾ ਵੀ ਮਿਲਿਆ

NSA Ajit Doval gets an extension, given cabinet rank

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ 'ਚ ਵੀ ਅਜੀਤ ਡੋਭਾਲ ਕੌਮੀ ਸੁਰੱਖਿਆ ਸਲਾਹਕਾਰ ਬਣੇ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮੋਦੀ ਸਰਕਾਰ 'ਚ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਅਜੀਤ ਡੋਭਾਲ ਨੂੰ ਕੌਮੀ ਸੁਰੱਖਿਆ ਖੇਤਰ 'ਚ ਉਨ੍ਹਾਂ ਦੇ ਵਧੀਆ ਕੰਮ ਲਈ ਮੋਦੀ ਸਰਕਾਰ 'ਚ ਕੈਬਨਿਟ ਮੰਤਰੀ ਦਾ ਦਰਜਾ ਮਿਲਿਆ ਹੈ। ਉਨ੍ਹਾਂ ਦੀ ਨਿਯੁਕਤੀ 5 ਸਾਲ ਲਈ ਹੋਈ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਅਜੀਤ ਡੋਭਾਲ ਦੀ ਨਿਗਰਾਨੀ 'ਚ ਹੋਏ ਸਨ। ਉਨ੍ਹਾਂ ਨੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਸਤੰਬਰ 2016 'ਚ ਪੀਓਕੇ 'ਚ ਕੀਤੀ ਗਈ ਸਰਜੀਕਲ ਸਟ੍ਰਾਈਕ 'ਚ ਵੀ ਅਜੀਤ ਡੋਭਾਲ ਦੀ ਵੱਡੀ ਭੂਮਿਕਾ ਰਹੀ ਸੀ। ਉਨ੍ਹਾਂ ਨੇ ਇਸ ਮਿਸ਼ਨ ਤੋਂ ਪਹਿਲਾਂ ਫ਼ੌਜ ਦੇ ਤਿੰਨਾਂ ਮੁਖੀਆਂ ਅਤੇ ਖੁਫ਼ੀਆ ਏਜੰਸੀਆਂ ਦੇ ਹੈਡਾਂ ਨਾਲ ਅੰਤਮ ਮੀਟਿੰਗ ਕੀਤੀ ਸੀ। ਮੀਟਿੰਗ 'ਚ ਤੈਅ ਹੋਇਆ ਸੀ ਕਿ ਮਿਸ਼ਨ ਤਹਿਤ ਐਲਓਸੀ ਦੇ ਉਸ ਪਾਰ 8 ਅਤਿਵਾਦੀ ਕੈਂਪਾਂ 'ਤੇ ਹਮਲਾ ਕੀਤਾ ਜਾਵੇਗਾ।

ਦੱਸ ਦੇਈਏ ਕਿ 20 ਜਨਵਰੀ 1945 ਵਿਚ ਪੌੜੀ ਗੜ੍ਹਵਾਲ ਦੇ ਘੀੜੀ ਬਾਨੇਸਲੂ 'ਚ ਜੰਮੇ ਅਜੀਤ ਡੋਭਾਲ ਇਕ ਸੇਵਾ ਮੁਕਤ ਫ਼ੌਜੀ ਅਫ਼ਸਰ ਮੇਜਰ ਗੁਣਾਨੰਦ ਡੋਭਾਲ ਦੇ ਪੁੱਤਰ ਹਨ। ਮੁਢਲੀ ਸਿੱਖਿਆ ਅਜਮੇਰ ਦੇ ਸੈਨਿਕ ਸਕੂਲ ਤੋਂ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਆਗਰਾ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਦੀ ਐਮ.ਏ. ਕੀਤੀ। ਬਾਅਦ 'ਚ ਆਈਪੀਐਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ 1968 ਵਿਚ ਉਨ੍ਹਾਂ ਨੂੰ ਆਈਪੀਐਸ ਦਾ ਕੇਰਲਾ ਕੈਡਰ ਮਿਲਿਆ।

ਸਾਲ 1972 ਡੋਭਾਲ ਇੰਟਲੀਜੈਂਸ ਬਿਊਰੋ ਨਾਲ ਜੁੜੇ। ਸਾਲ 2005 ਵਿਚ ਉਹ ਇੰਟੈਲੀਜੈਂਸ ਬਿਊਰੋ ਤੋਂ ਆਈ.ਬੀ. ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਸੰਘ ਦੀ ਵਿਚਾਰਧਾਰਾ ਦੇ ਰੂਝਾਨ ਵਾਲੇ ਅਜੀਤ ਡੋਭਾਲ ਵਿਵੇਕਾਨੰਦ ਨੈਸ਼ਨਲ ਫ਼ਾਊਡੇਸ਼ਨ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ। 30 ਮਈ 2014 ਨੂੰ ਨਰਿੰਦਰ ਮੋਦੀ ਨੇ ਅਜੀਤ ਡੋਭਾਲ ਨੂੰ ਦੇਸ਼ ਦੇ 5ਵੇਂ ਕੌਮੀ ਸੁਰੱਖਿਆ ਸਲਾਹਕਾਰ ਵਜੋਂ ਨਿਯੁਕਤ ਕੀਤਾ ਸੀ।