ਸੀਬੀਆਈ ਵਿਵਾਦ 'ਚ ਡੀਆਈਜੀ ਵਲੋਂ ਅਜੀਤ ਡੋਭਾਲ 'ਤੇ ਗੰਭੀਰ ਦੋਸ਼
ਪਟੀਸ਼ਨ ਵਿਚ ਉਨ੍ਹਾਂ ਨੇ ਐਨਐਸਏ ਅਜੀਤ ਡੋਭਾਲ ਤੇ ਇਸ ਮਾਮਲੇ ਦੀ ਜਾਂਚ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੀ ਗੱਲ ਵੀ ਕਹੀ ਹੈ।
ਨਵੀਂ ਦਿੱਲੀ, ( ਪੀਟੀਆਈ ) : ਦੇਸ਼ ਦੀ ਸੱਭ ਤੋਂ ਵੱਡੀ ਜਾਂਚ ਏਜੰਸੀ ਸੀਬੀਆਈ ਵਿਚ ਚਲ ਰਹੇ ਵਿਵਾਦ ਵਿਚ ਇਕ ਨਵਾਂ ਮੋੜ ਆ ਗਿਆ ਹੈ। ਸੁਪਰੀਮ ਕੋਰਟ ਵਿਚ ਕੇਂਦਰ ਸਰਕਾਰ, ਸੀਬੀਆਈ ਮੁਖੀ ਆਲੋਕ ਵਰਮਾ, ਸੀਵੀਸੀ ਅਤੇ ਖਾਸ ਨਿਰਦੇਸ਼ਕ ਰਾਕੇਸ਼ ਅਸਥਾਨਾ ਵਿਚਕਾਰ ਚਲ ਰਹੇ ਟਕਰਾਅ ਦੌਰਾਨ ਇਕ ਹੋਰ ਸੀਬੀਆਈ ਅਧਿਕਾਰੀ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਗੰਭੀਰ ਦੋਸ਼ ਲਗਾਏ ਹਨ। ਸੀਬੀਆਈ ਦੇ ਡੀਆਈਜੀ ਮਨੀਸ਼ ਕੁਮਾਰ ਸਿਨਹਾ ਨੇ ਅਕਤੂਬਰ ਦੇ ਆਖਰੀ ਹਫਤੇ ਵਿਚ ਹੋਈ ਅਪਣੀ ਬਦਲੀ ਨੂੰ ਲੈ ਕੇ ਸਿਖਰ ਅਦਾਲਤ ਵਿਚ ਇਸ ਦੇ ਵਿਰੁਧ ਪਟੀਸ਼ਨ ਦਾਖਲ ਕੀਤੀ ਹੈ।
ਉਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਉਨ੍ਹਾਂ ਦੀ ਬਦਲੀ ਸਿਰਫ ਇਸ ਮਕਸਦ ਨਾਲ ਹੋਈ ਕਿਉਂਕਿ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਜਾਂਚ ਨਾਲ ਕੁਝ ਤਾਕਤਵਰ ਲੋਕਾਂ ਵਿਰੁਧ ਸਬੂਤ ਸਾਹਮਣੇ ਆ ਗਏ ਸਨ। ਪਟੀਸ਼ਨ ਵਿਚ ਉਨ੍ਹਾਂ ਨੇ ਐਨਐਸਏ ਅਜੀਤ ਡੋਭਾਲ ਤੇ ਇਸ ਮਾਮਲੇ ਦੀ ਜਾਂਚ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੀ ਗੱਲ ਵੀ ਕਹੀ ਹੈ। ਪਟੀਸ਼ਨ ਵਿਚ ਉਨ੍ਹਾਂ ਕਿਹਾ ਹੈ ਕਿ ਅਜੀਤ ਡੋਭਾਲ ਦੇ ਮਨੋਜ ਪ੍ਰਸਾਦ ਅਤੇ ਸੋਮੇਸ਼ ਪ੍ਰਸਾਦ ਨਾਲ ਨੇੜਲੇ ਰਿਸ਼ਤੇ ਹਨ। ਮਨੋਜ ਅਤੇ ਸੋਮੇਸ਼ ਦਾ ਨਾਮ ਮੋਈਨ ਕੁਰੈਸ਼ੀ ਰਿਸ਼ਵਤ ਮਾਮਲੇ ਵਿਚ ਵਿਚੌਲੇ ਦੇ ਤੌਰ ਤੇ ਸਾਹਮਣੇ ਆਇਆ ਹੈ।
ਸਿਨਹਾ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਮੋਈਨ ਕੁਰੈਸ਼ੀ ਰਿਸ਼ਵਤ ਮਾਮਲੇ ਦੀ ਜਾਂਚ ਕਰ ਰਹੇ ਖਾਸ ਅਧਿਕਾਰੀਆਂ ਵੱਲੋਂ ਚਲਾਏ ਜਾ ਰਹੇ ਵਸੂਲੀ ਰੈਕੇਟ ਰਾਹੀ ਮੋਦੀ ਕੈਬਿਨੇਟ ਵਿਚ ਕੋਲਾ ਅਤੇ ਮਾਈਨਿੰਗ ਰਾਜਮੰਤਰੀ ਹਰਿਭਾਈ ਪਾਰਥੀਭਾਈ ਚੌਧਰੀ ਨੂੰ ਜੂਨ 2018 ਦੋਰਾਨ ਕੁਝ ਕਰੋੜ ਰੁਪਏ ਦਿਤੇ ਗਏ ਸਨ। ਇਸ ਤੋਂ ਇਲਾਵਾ ਸਿਨਹਾ ਨੇ ਕਿਹਾ ਹੈ ਕਿ ਉਨ੍ਹਾਂ ਦੇ ਕੋਲ ਕੁਝ ਹੈਰਾਨ ਕਰ ਦੇਣ ਵਾਲੇ ਦਸਤਾਵੇਜ ਹਨ ਜਿੰਨਾ ਤੇ ਤੁਰਤ ਸੁਣਵਾਈ ਦੀ ਲੋੜ ਹੈ।
ਉਨ੍ਹਾਂ ਨੇ ਰਾਕੇਸ਼ ਅਸਥਾਨਾ ਮਾਮਲੇ ਦੀ ਜਾਂਚ ਐਸਆਈਟੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਦੇ ਨਿਰਦੇਸ਼ਕ ਆਲੋਕ ਵਰਮਾ ਅਤੇ ਖਾਸ ਨਿਰਦੇਸ਼ਕ ਰਾਕੇਸ਼ ਅਸਥਾਨਾ ਵਿਚਕਾਰ ਵਿਵਾਦ ਕਾਰਨ ਮੋਦੀ ਸਰਕਾਰ ਨੇ ਦੋਹਾਂ ਨੂੰ 24 ਅਕਤੂਬਰ ਨੂੰ ਛੁੱਟੀ ਤੇ ਭੇਜ ਦਿਤਾ ਸੀ।