ਇਕ ਸਦੀ ਬਾਅਦ ਆ ਰਿਹਾ ਇੰਨਾ ਭਿਆਨਕ ਚੱਕਰਵਰਤੀ ਤੁਫਾਨ, ਅਗਲੇ ਕੁਝ ਘੰਟਿਆਂ 'ਚ ਕਰ ਸਕਦਾ ਵੱਡਾ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਸੰਕਟ ਦੇ ਵਿਚ ਹੁਣ ਮੁੰਬਈ ਤੇ ਗੁਜਰਾਤ ਦੇ ਨੇੜਲੇ ਇਲਾਕਿਆਂ ਵੱਲ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ ਨਿਸਰਗ ਵੱਧ ਰਿਹਾ ਹੈ

Photo

ਮੁੰਬਈ : ਕਰੋਨਾ ਸੰਕਟ ਦੇ ਵਿਚ ਹੁਣ ਮੁੰਬਈ ਤੇ ਗੁਜਰਾਤ ਦੇ ਨੇੜਲੇ ਇਲਾਕਿਆਂ ਵੱਲ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ ਨਿਸਰਗ ਵੱਧ ਰਿਹਾ ਹੈ। ਇਸ ਲਈ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਸ ਤੋਂ ਇਲਾਵਾ ਟ੍ਰੇਨਾਂ ਦੇ ਸਮੇਂ ਨੂੰ ਬਦਲਿਆ ਗਿਆ ਹੈ। ਉਡਾਣਾਂ ਨੂੰ ਰੱਦ ਕੀਤੀਆਂ ਗਈਆਂ ਹਨ, ਮਛੇਰਿਆਂ ਨੂੰ ਸਮੰਦਰ ਵਿਚੋਂ ਬਾਹਰ ਕੱਢਿਆ ਗਿਆ ਹੈ ਅਤੇ ਨਾਲ ਹੀ ਬਚਾਅ ਕਮਚਾਰੀਆਂ ਨੂੰ ਤੈਨਾਇਤ ਕੀਤਾ ਗਿਆ ਹੈ। ਉਧਰ ਮੌਸਮ ਮਾਹਰਾਂ ਦਾ ਕਹਿਣਾ ਹੈ ਕਿ 129 ਸਾਲਾ ਦੇ ਬਾਅਦ ਮੁੰਬਈ ਅਜਿਹੇ ਚੱਕਰਵਾਤ ਦਾ ਸ਼ਿਕਾਰ ਹੋਵੇਗਾ। ਦੱਸ ਦੱਈਏ ਕਿ ਅਗਲੇ ਛੇ ਤੋਂ ਸੱਤ ਘੰਟੇ ਮਹਾਰਾਸ਼ਟਰ ਤੇ ਗੁਜਰਾਤ ਤੇ ਬਹੁਤ ਭਾਰੀ ਹਨ।

ਮਹਾਂਰਾਸ਼ਟਰ ਦੇ ਰਾਲੇਗੜ ਤੇ ਰਤਨਾਗਿਰੀ ਦੇ ਅਲੀਬਾਗ ਖੇਤਰ ਵਿੱਚ ਤੂਫਾਨ ਨਾਲ ਦਰੱਖਤ ਡਿੱਗ ਪਏ ਹਨ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਮਹਾਂਰਾਸ਼ਟਰ ਦੇ ਅਲੀਬਾਗ ਨੇੜੇ ਚੱਕਰਵਾਤ ‘ਨਿਸਰਗ’ ਪਹੁੰਚਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਪ੍ਰਕਿਰਿਆ ਅਗਲੇ ਤਿੰਨ ਘੰਟਿਆਂ ਵਿੱਚ ਪੂਰੀ ਹੋਣ ਦੀ ਸੰਭਾਵਨਾ ਹੈ। ਤੂਫਾਨ ਦੇ ਮੱਦੇਨਜ਼ਰ, ਮਹਾਰਾਸ਼ਟਰ ਵਿੱਚ ਬਹੁਤ ਸਾਰੀਆਂ ਰੇਲ ਗੱਡੀਆਂ ਦੇ ਰੂਟ ਤੇ ਸਮੇਂ ਵਿੱਚ ਤਬਦੀਲੀ ਵੀ ਕੀਤੀ ਗਈ ਹੈ। ਅਲੀਬਾਗ ਇੱਕ ਬਸਤੀਵਾਦੀ ਇਤਿਹਾਸ ਵਿੱਚ ਡੁੱਬਿਆ ਹੋਇਆ, ਇਹ ਇੱਕ ਛੋਟਾ ਜਿਹਾ ਸ਼ਹਿਰ ਹੈ ਜੋ ਮੁੰਬਈ ਤੋਂ ਲਗਭਗ 110 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਤੇ ਰੇਤਲੇ ਸਮੁੰਦਰੀ ਕੰਢੇ, ਬੇਲੋੜੀ ਹਵਾ ਤੇ ਕਈ ਕਿਲ੍ਹਿਆਂ ਤੇ ਮੰਦਰਾਂ ਨਾਲ ਬੰਨ੍ਹਿਆ ਹੋਇਆ ਹੈ।

ਇਹ ਬਾਲੀਵੁੱਡ ਦੇ ਕਈ ਸਿਤਾਰਿਆਂ ਤੇ ਹੋਰ ਅਮੀਰ ਲੋਕਾਂ ਦਾ ਘਰ ਵੀ ਹੈ। ਦੱਸ ਦੱਈਏ ਕਿ ਇਸ ਤੂਫਾਨ ਦੇ ਆਉਂਣ ਤੋਂ ਪਹਿਲਾਂ ਹੀ ਗੁਜਰਾਤ ਤੇ ਨਵਸਾਰੀ ਜ਼ਿਲ੍ਹਿਆਂ ਦੇ ਤੱਟਵਰਤੀ ਇਲਾਕਿਆਂ ਵਿਚ ਰਹਿੰਦੇ ਤਕਰੀਬਨ 43,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਗਿਆ ਹੈ। ਰਾਜ ਸਰਕਾਰ ਦਾ ਕਹਿਣਾ ਹੈ ਕਿ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ 13 ਟੀਮਾਂ ਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ 6 ਟੀਮਾਂ ਵੱਖ-ਵੱਖ ਥਾਵਾਂ ਤੇ ਤੈਨਾਇਤ ਕੀਤੀਆਂ ਗਈਆਂ ਹਨ।

ਉਧਰ ਮੁੰਬਈ ਦੇ ਮੌਸਮ ਵਿਭਾਗ ਦੀ ਇਕਾਈ ਨੇ ਕਿਹਾ ਹੈ ਕਿ ਇਹ ਤੁਫਾਨ ਮਹਾਰਾਸ਼ਟਰ ਦੇ ਰਾਏਗੜ ਜ਼ਿਲ੍ਹੇ ਦੇ ਅਲੀਬਾਗ ਦੇ ਦੱਖਣ ਤੋਂ 100-110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਲੰਘੇਗਾ। ਇਸ ਦੌਰਾਨ ਹਵਾਵਾਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਉਣਗੀਆਂ। ਇਸ ਲਈ ਹੁਣ ਚੱਕਰਵਰਤੀ ਤੁਫਾਨ ਨੂੰ ਦੇਖਦਿਆਂ ਮੌਸਮ ਵਿਭਾਗ ਨੇ ਮੁੰਬਈ, ਠਾਣਾ, ਰਾਏਗਾੜਾ ਅਤੇ ਪਾਲਘਰ ਵਿਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਵਿਭਾਗ ਦਾ ਕਹਿਣਾ ਹੈ ਕਿ ਇਸ ਸਮੇਂ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ ਅਤੇ ਉੱਚੀਆਂ ਸਮੁੰਦਰੀ ਲਹਿਰਾਂ ਵੀ ਉੱਠਣਗੀਆਂ।