ਵਿਦੇਸ਼ਾਂ ਵਿਚ ਤੈਨਾਤ ਭਾਰਤੀ ਰਾਜਦੂਤਾਂ ਨੂੰ ਮਿਲੇ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਰੋਜ਼ਾ ਸੰਮੇਲਨ ਦੇ ਸੈਸ਼ਨ ਵਿਚ ਵਿਦੇਸ਼ਾਂ ਵਿਚ ਤੈਨਾਤ ਭਾਰਤੀ ਮਿਸ਼ਨਾਂ ਦੇ ਮੁਖੀਆਂ ਨੂੰ ਮੁਖ਼ਾਤਬ ਹੁੰਦਿਆਂ ਦੇਸ਼........
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਰੋਜ਼ਾ ਸੰਮੇਲਨ ਦੇ ਸੈਸ਼ਨ ਵਿਚ ਵਿਦੇਸ਼ਾਂ ਵਿਚ ਤੈਨਾਤ ਭਾਰਤੀ ਮਿਸ਼ਨਾਂ ਦੇ ਮੁਖੀਆਂ ਨੂੰ ਮੁਖ਼ਾਤਬ ਹੁੰਦਿਆਂ ਦੇਸ਼ ਦੀ ਵਿਦੇਸ਼ ਨੀਤੀ ਨਾਲ ਜੁੜੀਆਂ ਤਰਜੀਹਾਂ ਬਾਰੇ ਚਰਚਾ ਕੀਤੀ। ਸੈਸ਼ਨ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਜਦ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਕਾਰਜਭਾਰ ਸੰਭਾਲਿਆ ਹੈ, ਤਦ ਤੋਂ ਭਾਰਤ ਦਾ ਵਿਸ਼ਵ ਰਸੂਖ ਅਤੇ ਵਕਾਰ ਕਾਫ਼ੀ ਵਧਿਆ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦਸਿਆ, 'ਮਿਸ਼ਨ ਮੁਖੀਆਂ ਦੇ 9ਵੇਂ ਸੰਮੇਲਨ ਦਾ ਪ੍ਰਮੁੱਖ ਬਿੰਦੂ ਤਿੰਨ ਦਿਨਾ ਸੰਮੇਲਨ ਦੇ ਆਖ਼ਰੀ ਦਿਨ ਪ੍ਰਧਾਨ ਮੰਤਰੀ ਮੋਦੀ ਨਾਲ ਸੈਸ਼ਨ।' ਭਾਰਤੀ ਦੂਤਾਂ ਨੇ ਕਲ ਦੇਸ਼ ਦੀ ਵਿਦੇਸ਼ ਨੀਤੀ ਨਾਲ ਜੁੜੀਆਂ ਤਰਜੀਹਾਂ ਅਤੇ ਇਸ ਦੇ ਉਦੇਸ਼ਾਂ ਨੂੰ ਹਾਸਲ ਕਰਨ ਵਿਚ ਭਾਰਤ ਦੀ ਸਾਫ਼ਟ ਪਾਵਰ ਦੀ ਭੂਮਿਕਾ ਸਮੇਤ ਕਈ ਹੋਰ ਪਹਿਲੂਆਂ ਬਾਰੇ ਚਰਚਾ ਕੀਤੀ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਰਾਸ਼ਟਰਪਤੀ ਭਵਨ ਵਿਚ ਦੂਤਾਂ ਨਾਲ ਮੁਲਾਕਾਤ ਕੀਤੀ।
ਕੋਵਿੰਦ ਨੇ ਦਸਿਆ ਕਿ ਬਾਹਰੀ ਦੁਨੀਆਂ ਨਾਲ ਭਾਰਤ ਦੇ ਸਬੰਧ ਦੀ ਅਸਲ ਪ੍ਰੀਖਿਆ ਇਹ ਹੈ ਕਿ ਉਹ ਘਰੇਲੂ ਖ਼ੁਸ਼ਹਾਲੀ ਅਤੇ ਵਿਕਾਸ ਵਿਚ ਤੇਜ਼ੀ ਲਿਆਉਣ ਵਿਚ ਕਿੰਨਾ ਸਮਰੱਥ ਹੈ। ਬਹੁਪੱਖੀ ਸੰਗਠਨਾਂ ਵਿਚ ਤੈਨਾਤ ਭਾਰਤੀ ਦੂਤ ਵੀ ਇਸ ਸੰਮੇਲਨ ਵਿਚ ਹਿੱਸਾ ਲੈ ਰਹੇ ਹਨ। (ਏਜੰਸੀ)