ਲੇਹ ਪਹੁੰਚ ਕੇ PM ਮੋਦੀ ਨੇ ਵਧਾਇਆ ਜਵਾਨਾਂ ਦਾ ਹੌਂਸਲਾ, ਨੀਮੂ ਪੋਸਟ ‘ਤੇ ਲਿਆ ਸੁਰੱਖਿਆ ਦਾ ਜਾਇਜ਼ਾ
ਚੀਨ ਨਾਲ ਸਰਹੱਦ ‘ਤੇ ਜਾਰੀ ਤਣਾਅ ਅਤੇ ਚੀਨੀ ਫੌਜ ਨਾਲ ਗੱਲਬਾਤ ਦੌਰਾਨ ਅੱਜ ਸਵੇਰੇ ਪੀਐਮ ਮੋਦੀ ਲੇਹ ਲਦਾਖ ਪਹੁੰਚੇ।
ਨਵੀਂ ਦਿੱਲੀ: ਚੀਨ ਨਾਲ ਸਰਹੱਦ ‘ਤੇ ਜਾਰੀ ਤਣਾਅ ਅਤੇ ਚੀਨੀ ਫੌਜ ਨਾਲ ਗੱਲਬਾਤ ਦੌਰਾਨ ਅੱਜ ਸਵੇਰੇ ਪੀਐਮ ਮੋਦੀ ਲੇਹ ਲਦਾਖ ਪਹੁੰਚੇ। ਪੀਐਮ ਮੋਦੀ ਨੇ ਲੇਹ ਦੇ ਨੀਮੂ ਫਾਰਵਰਡ ਪੋਸਟ ‘ਤੇ ਅਧਿਕਾਰੀਆਂ ਨਾਲ ਗੱਲ਼ਬਾਤ ਕੀਤੀ ਅਤੇ ਸੁਰੱਖਿਆ ਹਲਾਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਪੀਐਮ ਮੋਦੀ ਦੇ ਨਾਲ ਚੀਫ ਆਫ ਡਿਫੈਂਸ ਸਟਾਫ ਬਿਪਨ ਰਾਵਤ ਵੀ ਮੌਜੂਦ ਰਹੇ।
ਪ੍ਰਧਾਨ ਮੰਤਰੀ ਨੇ ਇਸ ਯਾਤਰਾ ਦੌਰਾਨ ਫੌਜੀਆਂ ਨਾਲ ਗੱਲਬਾਤ ਵੀ ਕੀਤੀ। ਸੂਤਰਾਂ ਨੇ ਦੱਸਿਆ ਕਿ ਮੋਦੀ ਸਵੇਰੇ ਸਾਢੇ 9 ਵਜੇ ਲੇਹ ਪਹੁੰਚੇ। ਪੀਐਮਓ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ, ‘ਫਿਲਹਾਲ ਪੀਐਮ ਮੋਦੀ ਨੀਮੂ ਦੀ ਇਕ ਲੋਕੇਸ਼ਨ ‘ਤੇ ਹਨ। ਇੱਥੇ ਉਹ ਸਵੇਰੇ ਹੀ ਪਹੁੰਚ ਗਏ ਸੀ। ਇਹ ਜਗ੍ਹਾ 11,000 ਦੀ ਉਚਾਈ ‘ਤੇ ਸਥਿਤ ਹੈ। ਇਹ ਇਲਾਕਾ ਸਿੰਧ ਨਦੀ ਦੇ ਕਿਨਾਰੇ ‘ਤੇ ਅਤੇ ਜਾਂਸਕਰ ਰੇਂਜ ਨਾਲ ਘਿਰੀ ਹੋਈ ਥਾਂ ‘ਤੇ ਹੈ’।
ਨੀਮੂ ਪੋਸਟ ਨੂੰ ਦੁਨੀਆ ਦੀ ਸਭ ਤੋਂ ਉੱਚੀ ਅਤੇ ਖਤਰਨਾਕ ਪੋਸਟ ਵਿਚੋਂ ਇਕ ਮੰਨਿਆ ਜਾਂਦਾ ਹੈ। ਅਚਾਨਕ ਪੀਐਮ ਮੋਦੀ ਦੇ ਇਸ ਦੌਰੇ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦੌਰੇ ‘ਤੇ ਸਿਰਫ ਚੀਫ ਆਫ ਆਰਮੀ ਡਿਫੈਂਸ ਸਟਾਫ ਬਿਪਨ ਰਾਵਤ ਨੇ ਹੀ ਆਉਣਾ ਸੀ। ਪੀਐਮ ਮੋਦੀ ਨੇ ਇਸ ਦੌਰੇ ਦੀ ਸੰਖੇਪ ਜਾਣਕਾਰੀ ਫੇਸਬੁੱਕ ਪੇਜ ‘ਤੇ ਵੀ ਸ਼ੇਅਰ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਜਵਾਨਾਂ ਦੇ ਨਾਲ ਗੱਲਬਾਤ ਦੀ ਇਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ‘ਨੀਮੂ ਵਿਚ ਸਾਡੀ ਬਹਾਦਰ ਆਰਮਡ ਫੋਰਸ ਦੇ ਜਵਾਨਾਂ ਨਾਲ ਗੱਲਬਾਤ ਕੀਤੀ’। ਦੱਸ ਦਈਏ ਕਿ 15 ਜੂਨ ਨੂੰ ਚੀਨੀ ਅਤੇ ਭਾਰਤੀ ਫੌਜ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਸੁਰੱਖਿਆ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਦੇ ਇਕ ਮੈਂਬਰ ਦੀ ਇਹ ਪਹਿਲੀ ਯਾਤਰਾ ਹੈ।
ਇਸ ਜਗ੍ਹਾ ‘ਤੇ ਹੀ ਭਾਰਤੀ ਫੌਜ ਦੇ 20 ਫੌਜੀ ਸ਼ਹੀਦ ਹੋਏ ਸੀ। ਪੂਰਬੀ ਲਦਾਖ ਵਿਚ ਚੀਨ ਦੇ ਨਾਲ ਜਾਰੀ ਤਣਾਅ ਦੌਰਾਨ ਪੀਐਮ ਮੋਦੀ ਦਾ ਇਹ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।