ਰਾਜਸਥਾਨ: ਦੋ ਭਰਾਵਾਂ ਨੂੰ ਵਿਛੋੜ ਨਾ ਸਕੀ ਮੌਤ, ਛੋਟੇ ਭਰਾ ਦੀ ਮੌਤ ਤੋਂ 3 ਘੰਟੇ ਬਾਅਦ ਵੱਡੇ ਭਰਾ ਨੇ ਵੀ ਤੋੜਿਆ ਦਮ
ਦੋਹਾਂ ਭਰਾਵਾਂ ਦਾ ਇਕੱਠਿਆਂ ਕੀਤਾ ਗਿਆ ਸਸਕਾਰ
ਉਦੈਪੁਰ: ਰਾਜਸਥਾਨ ਦੇ ਉਦੈਪੁਰ 'ਚ ਛੋਟੇ ਭਰਾ ਦੀ ਕਰੰਟ ਲੱਗਣ ਨਾਲ ਮੌਤ ਦਾ ਸਦਮਾ ਵੱਡਾ ਭਰਾ ਬਰਦਾਸ਼ਤ ਨਾ ਕਰ ਸਕਿਆ। ਛੋਟੇ ਭਰਾ ਦੀ ਮੌਤ ਦੇ 3 ਘੰਟੇ ਬਾਅਦ ਹੀ ਵੱਡੇ ਭਰਾ ਦੀ ਵੀ ਮੌਤ ਹੋ ਗਈ। ਦੋਹਾਂ ਭਰਾਵਾਂ ਦਾ ਇਕੱਠਿਆਂ ਸਸਕਾਰ ਕੀਤਾ ਗਿਆ। ਮਾਮਲਾ ਉਦੈਪੁਰ ਤੋਂ 45 ਕਿਲੋਮੀਟਰ ਦੂਰ ਲਸਾੜੀਆ ਦਾ ਹੈ।
ਇਹ ਵੀ ਪੜ੍ਹੋ: ਕਪੂਰਥਲਾ 'ਚ ਆਟੋ 'ਚ ਬੈਠੇ ਰਹੀਆਂ ਸਵਾਰੀਆ ਨੂੰ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ, 2 ਔਰਤਾਂ ਦੀ ਮੌਤ
ਦਸਿਆ ਜਾ ਰਿਹਾ ਹੈ ਕਿ ਲਸਾੜੀਆ ਦੇ ਪਿੰਡ ਬੇਦਸੋਟਾ ਦਾ ਰਹਿਣ ਵਾਲਾ ਵੱਡਾ ਭਰਾ ਹੁਦਾ ਮੀਨਾ (53) ਪੁੱਤਰ ਅਮਰਾ ਮੀਨਾ ਲੰਬੇ ਸਮੇਂ ਤੋਂ ਦਮੇ ਦੀ ਬੀਮਾਰੀ ਤੋਂ ਪੀੜਤ ਸੀ। ਛੋਟੇ ਭਰਾ ਲੱਖਾ ਮੀਨਾ (50) ਦੀ ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਮੋਟਰ 'ਤੇ ਕਰੰਟ ਲੱਗਣ ਕਾਰਨ ਮੌਤ ਹੋ ਗਈ। ਲੱਖਾ ਮੋਟਰ ਚਾਲੂ ਕਰਨ ਲਈ ਮੋਟਰ ’ਤੇ ਗਿਆ। ਉਦੋਂ ਕਰੰਟ ਲੱਗ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਸੱਪ ਦੇ ਡੰਗਣ ਕਾਰਨ ਪਤੀ-ਪਤਨੀ ਦੀ ਮੌਤ, ਪੁੱਤ ਨਾਲ ਕਮਰੇ 'ਚ ਸੌਂ ਰਹੇ ਸਨ ਪਤੀ-ਪਤਨੀ
ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਗਈ। ਇਸ ਦੀ ਜਾਣਕਾਰੀ ਹੁਦਾ ਮੀਨਾ ਨੂੰ ਮਿਲੀ। ਉਹ ਇਹ ਦੁੱਖ ਸਹਾਰ ਨਾ ਸਕਿਆ। ਹੁਦਾ ਮੀਨਾ ਦੀ ਵੀ ਤਿੰਨ ਘੰਟੇ ਬਾਅਦ ਸ਼ਾਮ 6 ਵਜੇ ਦੇ ਕਰੀਬ ਮੌਤ ਹੋ ਗਈ। ਦੋਵਾਂ ਦੇ ਪਰਿਵਾਰ ਖੇਤੀਬਾੜੀ 'ਤੇ ਨਿਰਭਰ ਸਨ। ਵੱਡੇ ਭਰਾ ਹੁਦਾ ਮੀਨਾ ਦੇ ਤਿੰਨ ਪੁੱਤਰ ਅਤੇ ਦੋ ਧੀਆਂ ਹਨ। ਇਨ੍ਹਾਂ ਵਿਚੋਂ ਦੋ ਪੁੱਤਰ ਮਜ਼ਦੂਰੀ ਕਰਦੇ ਹਨ। ਛੋਟੇ ਭਰਾ ਲਖਮਾ ਦੇ ਦੋ ਪੁੱਤਰ ਅਤੇ ਦੋ ਧੀਆਂ ਹਨ।