ਅਦਾਲਤ ਨੇ ਉਠਾਏ ਜਾਂਚ ਏਜੰਸੀ ਅਤੇ ਪੁਲਿਸ ਦੀ ਕਾਰਜ ਪ੍ਰਣਾਲੀ 'ਤੇ ਸਵਾਲ
25 ਅਗੱਸਤ 2017 ਨੂੰ ਪੰਚਕੂਲਾ ਅਤੇ ਹੋਰਨਾਂ ਥਾਵਾਂ ਉਤੇ ਹੋਈਆਂ ਹਿੰਸਕ ਘਟਨਾਵਾਂ ਦੇ ਮੁਲਜ਼ਮ ਡੇਰਾ ਸਿਰਸਾ ਪ੍ਰੇਮੀਆਂ ਦਾ ਮਹਿਜ਼ ਇਕ ਸਾਲ ਦੇ ਅੰਦਰ-ਅੰਦਰ...............
ਚੰਡੀਗੜ੍ਹ : 25 ਅਗੱਸਤ 2017 ਨੂੰ ਪੰਚਕੂਲਾ ਅਤੇ ਹੋਰਨਾਂ ਥਾਵਾਂ ਉਤੇ ਹੋਈਆਂ ਹਿੰਸਕ ਘਟਨਾਵਾਂ ਦੇ ਮੁਲਜ਼ਮ ਡੇਰਾ ਸਿਰਸਾ ਪ੍ਰੇਮੀਆਂ ਦਾ ਮਹਿਜ਼ ਇਕ ਸਾਲ ਦੇ ਅੰਦਰ-ਅੰਦਰ ਬਰੀ ਹੋਣਾ ਲਗਾਤਾਰ ਜਾਰੀ ਹੈ। ਬੀਤੇ ਸੋਮਵਾਰ ਨੂੰ ਹੀ 6 ਡੇਰਾ ਪ੍ਰੇਮੀਆਂ ਨੂੰ ਬਰੀ ਕੀਤਾ ਗਿਆ ਗਿਆ ਹੈ। ਹੁਣ ਜਦੋਂ ਅਦਾਲਤ ਦੇ ਸਬੰਧਤ ਫ਼ੈਸਲੇ ਦੀ ਨਕਲ ਮੀਡੀਆ ਨੂੰ ਮੁਹਈਆ ਹੋਈ ਹੈ ਤਾਂ ਇਸ ਪਿੱਛੇ ਅਦਾਲਤ ਦੀ ਨਾਖ਼ੁਸ਼ੀ ਸਾਫ਼ ਝਲਕਦੀ ਪ੍ਰਤੀਤ ਹੈ ਰਹੀ ਹੈ। ਇਸ ਫ਼ੈਸਲੇ ਵਿਚ ਅਦਾਲਤ ਨੇ ਜਾਂਚ ਏਜੰਸੀ ਦੀ ਕਾਰਜ ਪ੍ਰਣਾਲੀ ਉਤੇ ਸਵਾਲ ਖੜਾ ਕੀਤਾ ਹੈ। ਉਧਰ, ਪੰਚਕੂਲਾ ਪੁਲਿਸ ਕਮਿਸ਼ਨਰ ਹੈਰਾਨ ਕਰ ਦੇਣ ਵਾਲਾ ਬਿਆਨ ਦੇ ਰਹੀ ਹੈ।
ਹਿੰਸਾ ਮਾਮਲੇ ਵਿਚ ਇਹ ਦੂਜਾ ਕੇਸ ਸੀ ਜਿਸ 'ਚ ਪੰਚਕੂਲਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਿਤੂ ਟੈਗੋਰ ਦੀ ਅਦਾਲਤ ਵਿਚ ਮੁਲਜ਼ਮਾਂ ਨੂੰ ਬਰੀ ਕਰ ਦਿਤਾ ਗਿਆ।
30 ਜੁਲਾਈ ਨੂੰ ਜੱਜ ਨੇ 6 ਵਿਅਕਤੀਆਂ ਹੁਸ਼ਿਆਰ ਸਿੰਘ ਕੈਥਲ, ਰਾਮਕਿਸ਼ਨ ਕਰਨਾਲ, ਰਵੀ ਕੁਮਾਰ ਮੁਕਤਸਰ, ਸਾਂਗਾ ਸਿੰਘ, ਗਿਆਨੀ ਰਾਮ ਅਤੇ ਤਰਸੇਮ ਸੰਗਰੂਰ ਨੂੰ ਬਰੀ ਕਰ ਦਿਤਾ ਸੀ ਪਰ ਇਹ ਬਰੀ ਕਰਨ ਵਾਲਾ ਫ਼ੈਸਲਾ ਸੁਣਾਉਂਦੇ ਹੋਏ ਉਕਤ ਅਦਾਲਤ ਨੇ ਕਿਹਾ ਕਿ ਇਸ ਕੇਸ ਵਿਚ ਆਮ ਜਨਤਾ ਦੇ ਜੁੜਨ ਦੇ ਮਹੱਤਵ ਨੂੰ ਪੂਰੀ ਤਰ੍ਹਾਂ ਨਾਲ ਅਣਡਿੱਠ ਕੀਤਾ ਗਿਆ ਹੈ। ਜਾਂਚ ਵਿਚ ਵੀ ਲਾਪਰਵਾਹੀ ਭਰਪੂਰ ਰਵਈਆ ਅਪਣਾਇਆ ਗਿਆ ਹੈ।
ਜੱਜ ਨੇ ਇਹ ਵੀ ਕਿਹਾ ਕਿ ਇਸਤਗਾਸਾ ਪੱਖ ਨੇ ਸ਼ੰਕਿਆਂ ਤੋਂ ਪਰੇ ਕੋਈ ਵੀ ਚੰਗੀ ਅਤੇ ਭਰੋਸੇਯੋਗ ਸਚਾਈ ਨਹੀਂ ਪੇਸ਼ ਕੀਤੀ ਗਈ ਜਿਸ ਨਾਲ ਕਿ ਮੁਲਜ਼ਮਾਂ ਵਿਰੁਧ ਕੇਸ ਸਾਬਤ ਹੋ ਸਕਦਾ। ਜੱਜ ਨੇ ਕਿਹਾ ਕਿ ਇਸ ਸਥਿਤੀ 'ਚ ਹੁਣ ਪੂਰੀ ਤਰਾਂ ਮੁਲਜ਼ਮਾਂ ਨੂੰ ਸ਼ੱਕ ਦਾ ਲਾਭ ਦੇਣ ਹੀ ਮਾਮਲਾ ਬਣਦਾ ਹੈ ਅਤੇ ਉਨ੍ਹਾਂ ਨੂੰ ਵੀ ਲਾਭ ਦਿੰਦਿਆਂ ਉਹ ਦੋਸ਼ਾਂ ਤੋਂ ਆਜ਼ਾਦ ਕਰ ਦੇਣਗੇ। ਅਦਾਲਤ ਦੇ ਇਸ ਕਥਨ ਤੋਂ ਬਾਅਦ ਜਦੋਂ ਪੰਚਕੂਲਾ ਪੁਲਿਸ ਕਮਿਸ਼ਨਰ ਚਾਰੂ ਬਾਲੀ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਅਦਾਲਤ ਦੀ ਟਿੱਪਣੀ ਉਤੇ ਅਜੀਬੋ ਗਰੀਬ ਦਲੀਲ ਦੇ ਦਿਤੀ।
ਕਮਿਸ਼ਨਰ ਦਾ ਕਹਿਣਾ ਹੈ ਕਿ ਸਬੂਤਾਂ ਨੂੰ ਲੈ ਕੇ ਪੁਲਿਸ ਅਤੇ ਅਦਾਲਤ ਦੇ ਮਾਪਦੰਡਾਂ ਵਿਚ ਫ਼ਰਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦਾ ਕੰਮ ਜਾਂਚ ਕਰਨਾ ਹੈ, ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਕੀਤੇ ਗਏ ਸਬੂਤਾਂ ਅਤੇ ਅਦਾਲਤ ਵਲੋਂ ਸਬੂਤਾਂ ਨੂੰ ਸਵੀਕਾਰ ਕੀਤੇ ਜਾਣ ਵਿਚ ਜਦੋਂ ਅੰਤਰ ਰਹੇਗਾ ਤਾਂ ਕੇਸ ਵਿਚ ਸਬੂਤਾਂ ਦੀ ਅਣਹੋਂਦ ਹੋਵੇਗੀ।
ਬਿਆਨ ਤੋਂ ਬਾਅਦ ਹੀ ਪੁਲਿਸ ਕਮਿਸ਼ਨਰ ਨੇ ਗੱਲ ਨੂੰ ਸੰਭਾਲਦਿਆਂ ਕਿਹਾ ਕਿ ਪੁਲਿਸ ਹਾਲੇ ਇਸ ਮਾਮਲੇ ਦੀ ਘੋਖ ਕਰ ਰਹੀ ਹੈ ਕਿ ਕਿਥੇ ਕਮੀ ਰਹਿ ਗਈ ਹੈ? ਜਾਂਚ ਅਤੇ ਸਬੂਤਾਂ ਦੀ ਥੁੜ ਕਾਰਨ ਵੱਡੀ ਗਿਣਤੀ ਡੇਰਾ ਪ੍ਰੇਮੀਆਂ ਤੋਂ ਦੇਸ਼ ਧ੍ਰੋਹ ਦੀਆਂ ਧਾਰਾਵਾਂ ਪਹਿਲਾਂ ਹੀ ਹਟਾਈਆਂ ਜਾ ਚੁਕੀਆਂ ਹਨ ਜਦਕਿ ਹਿੰਸਾ ਦੌਰਾਨ ਹੋਈ ਫੜੋ ਫੜੀ ਦੌਰਾਨ ਪੁਲਿਸ ਨੂੰ ਡੇਰਾ ਪ੍ਰੇਮੀਆਂ ਅਤੇ ਸਾਧ ਦੇ ਕਾਫ਼ਲੇ ਨਾਲ ਆਈਆਂ ਗੱਡੀਆਂ 'ਚੋਂ ਹਥਿਆਰਾਂ ਦੇ ਜ਼ਖੀਰੇ ਤਕ ਬਰਾਮਦ ਹੋਏ ਸਨ।